“ਤੰਦਰੁਸਤ ਸਿਹਤ ਲਈ ਪ੍ਰਦੂਸ਼ਣ ਮੁਕਤ ਵਾਤਾਵਰਣ ਜਰੂਰੀ” : ਪ੍ਰਿੰਸੀਪਲ ਡਾ. ਬਿਮਲ ਸ਼ਰਮਾ।
ਸੰਗਤ ਮੰਡੀ,9ਅਪ੍ਰੈਲ(ਪੱਤਰ ਪ੍ਰੇਰਕ)ਵਿਸ਼ਵ ਸਿਹਤ ਦਿਵਸ ਹਰ ਸਾਲ 7 ਅਪ੍ਰੈਲ ਨੂੰ ਮਨਾਇਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ 1948 ਵਿੱਚ ਸਥਾਪਨਾ ਕੀਤੀ ਗਈ ਸੀ ਅਤੇ 7 ਅਪ੍ਰੈਲ 1950 ਨੂੰ ਪਹਿਲੀ ਵਾਰ ਵਿਸ਼ਵ ਸਿਹਤ ਦਿਵਸ ਮਨਾਉਣ ਦਾ ਫ਼ੈਸਲਾ ਕੀਤਾ ਗਿਆ ਸੀ।ਇਨ੍ਹਾਂ ਸ਼ਬਦਾਂ ਦਾ ਪ੍ਰਗਾਟਾਵਾ ਕਰਦਿਆਂ ਵਿਸ਼ਵ ਸਿਹਤ ਸੰਬੰਧੀ ਸਿਖਿਆਰਥੀਆਂ ਨੂੰ ਜਾਗਰੂਕ ਕਰਦਿਆਂ ਡਾ. ਬਿਮਲ ਸ਼ਰਮਾ, ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ, ਵੈਟਰਨਰੀ ਪੋਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਝਰਾਣੀ ਨੇ ਦੱਸਿਆ ਕਿ ਇਸ ਸਾਲ ਦਾ ਥੀਮ ਹੈ “ਸਾਡਾ ਗ੍ਰਹਿ, ਸਾਡੀ ਸਿਹਤ” ਮਤਲਬ ਜੇਕਰ ਧਰਤੀ ਪ੍ਰਦੂਸ਼ਣ ਮੁਕਤ ਹੋਵੇਗੀ ਤਾਂ ਹੀ ਸਾਡੀ ਸਿਹਤ ਤੰਦਰੁਸਤ ਰਹਿ ਸਕੇਗੀ। ਇਸ ਦਿਵਸ ਨੂੰ ਮਨਾਉਣ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਚੰਗੀ ਸਿਹਤ ਬਾਰੇ ਜਾਗਰੂਕ ਕਰਨਾ ਹੁੰਦਾ ਹੈ ਤਾਂ ਕਿ ਉਹ ਸੰਤੁਲਿਤ ਖੁਰਾਕ ਨਾਲ ਤੰਦਰੁਸਤੀ ਭਰਿਆ ਜੀਵਨ ਬਤੀਤ ਕਰ ਸਕਣ। ਡਾ. ਸ਼ਰਮਾ ਨੇ ਕਿਹਾ ਕਿ ਸਾਨੂੰ ਹਰ ਰੋਜ ਸੈਰ ਕਰਨੀ ਚਾਹੀਦੀ ਹੈ ਕਿਉਂਕਿ ਅਰਾਮਦਾਇਕ ਜੀਵਨ ਜਿਉਣ ਨਾਲ ਮੋਟਾਪਾ, ਸ਼ੂਗਰ ਅਤੇ ਬਲੱਡ ਪ੍ਰੈਸ਼ਰ ਵਧਦਾ ਹੈ। ਚੰਗੀ ਸਿਹਤ ਲਈ ਆਲੇ਼-ਦੁਆਲੇ਼ ਦੀ ਸਫ਼ਾਈ ਰੱਖਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ। ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਫਲ, ਸਬਜ਼ੀਆਂ ਅਤੇ ਅਨਾਜ਼ ਤੇ ਜ਼ਹਿਰੀਲੀਆਂ ਸਪਰੇਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਸਿਗਰਟ, ਬੀੜੀ, ਤੰਬਾਕੂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਅਤੇ ਸਮੇਂ ਸਮੇਂ ਤੇ ਆਪਣਾ ਡਾਕਟਰੀ ਚੈਕਅੱਪ ਵੀ ਕਰਵਾਉਦੇ ਰਹਿਣਾ ਚਾਹੀਦਾ ਹੈ। ਡਾ. ਬਿਮਲ ਸ਼ਰਮਾ ਨੇ ਕਿਹਾ ਕਿ ਗਰਮੀ ਦੇ ਮੌਸਮ ਵਿੱਚ ਮੱਛਰਾਂ ਤੋਂ ਬਚਾਅ ਕਰਨਾ ਚਾਹੀਦਾ ਹੈ ਤਾਂ ਜੋ ਮੱਛਰਾਂ ਤੋਂ ਫੈਲਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਹੋ ਸਕੇ। ਹਰ ਸਾਲ ਦੁਨੀਆ ਭਰ ਵਿਚ ਲਗਭਗ 13 ਮਿਲੀਅਨ ਲੋਕ ਪ੍ਰਦੂਸ਼ਨ ਕਾਰਨ ਆਪਣੀ ਜਾਨ ਗੁਆ ਦਿੰਦੇ ਹਨ ਕਿਉਂਕਿ ਸਮੇਂ ਦੇ ਨਾਲ ਨਾਲ ਵਧ ਰਹੇ ਪ੍ਰਦੂਸ਼ਣ ਕਾਰਨ ਦਿਨੋ ਦਿਨ ਰੋਗਾਂ ਵਿੱਚ ਵੀ ਵਾਧਾ ਹੋਇਆ ਹੈ ਇਸ ਲਈ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਸਾਨੂੰ ਆਪਣੇ ਵਾਤਾਵਰਣ ਪ੍ਰਤੀ ਸੰਵੇਦਨਸ਼ੀਲ ਹੋਣਾ ਪਵੇਗਾ ਤਾਂ ਜੋ ਵੱਧ ਰਹੇ ਰੋਗਾਂ ਉੱਪਰ ਨਿਯੰਤਰਣ ਪਾਇਆ ਜਾ ਸਕੇ।
Author: DISHA DARPAN
Journalism is all about headlines and deadlines.