ਬਠਿੰਡਾ,12 (ਚਾਨੀ)ਯੁਵਕ ਭਲਾਈ ਵਿਭਾਗ (ਪੰਜਾਬੀ ਯੂਨੀਵਰਸਿਟੀ ਪਟਿਆਲ਼ਾ) ਦੇ ਸਹਿਯੋਗ ਨਾਲ਼ ਬਠਿੰਡਾ-ਫਰੀਦਕੋਟ ਜ਼ੋਨ ਦੇ ਖੇਤਰੀ ਯੁਵਕ ਮੇਲੇ ਦਾ ਆਗਾਜ਼ ਅੱਜ ਮਿਤੀ 12 ਅਕਤੂਬਰ 2025 ਤੋਂ ਸਰਕਾਰੀ ਰਾਜਿੰਦਰਾ ਕਾਲਜ, ਬਠਿੰਡਾ ਦੇ ਵਿਹੜੇ ਹੋਇਆ। ਚਾਰ ਰੋਜ਼ ਚੱਲਣ ਵਾਲ਼ੇ ਇਸ ਯੁਵਕ ਮੇਲੇ ਦਾ ਰਸਮੀ ਉਦਘਾਟਨ ਮਾਣਯੋਗ ਸ੍ਰੀ ਗੁਰਮੀਤ ਸਿੰਘ ਖੁੱਡੀਆਂ ਜੀ (ਕੈਬਨਿਟ ਮੰਤਰੀ, ਪੰਜਾਬ) ਨੇ ਆਪਣੇ ਕਰ-ਕਮਲਾਂ ਨਾਲ਼ ਸ਼ਮ੍ਹਾਂ ਰੌਸ਼ਨ ਕਰਕੇ ਕੀਤਾ। ਇਸ ਮੌਕੇ ਬੋਲਦਿਆਂ ਜਿੱਥੇ ਉਹਨਾਂ ਨੇ ਕਾਲਜ ਦੇ ਪ੍ਰਬੰਧਾ ਤੇ ਖੁਸ਼ੀ ਪ੍ਰਗਟਾਈ ਉੱਥੇ ਹੀ ਵਿਦਿਆਰਥੀਆਂ ਦੇ ਰੌਸ਼ਨ ਭਵਿੱਖ ਪ੍ਰਤੀ ਆਪਣੀ ਵਚਨਵੱਧਤਾ ਪ੍ਰਗਟ ਕਰਦਿਆਂ ਆਪਣੇ ਕੈਬਨਿਟ ਫ਼ੰਡ ਵਿੱਚੋਂ ਦੋ ਲੱਖ ਰੁਪਏ ਦੀ ਗ੍ਰਾਂਟ ਕਾਲਜ ਨੂੰ ਦੇਣ ਦਾ ਐਲਾਨ ਕੀਤਾ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਦੇ ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਭੀਮ ਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਯੁਵਕ ਮੇਲੇ ਦਾ ਉਦੇਸ਼ ਵਿਸਥਾਰ ਨਾਲ਼ ਸਮਝਾਇਆ, ਉਹਨਾਂ ਕਿਹਾ ਕਿ ਇਹ ਯੁਵਕ ਮੇਲਾ ਜਿੱਥੇ ਵਿਦਿਆਰਥੀਆਂ ਦੀ ਪ੍ਰਤਿਭਾ ਦਾ ਪ੍ਰਦਰਸ਼ਨ ਹੈ, ਉੱਥੇ ਹੀ ਵਿਦਿਆਰਥੀਆਂ ਦੇ ਭਵਿੱਖ ਦਾ ਰਾਹ ਦਸੇਰਾ ਵੀ ਹੈ। ਦੁਪਹਿਰ ਦੇ ਸ਼ੈਸਨ ਦੇ ਮੁੱਖ ਮਹਿਮਾਨ ਇਮਪਰੂਵਮੈਂਟ ਟਰੱਸਟ ਦੇ ਚੇਅਰਮੈਨ ਸ੍ਰੀ ਜਤਿੰਦਰ ਭੱਲਾ ਜੀ ਸਨ।ਖੇਤਰੀ ਯੁਵਕ ਮੇਲੇ ਦੇ ਪਹਿਲੇ ਦਿਨ ਚਾਰ ਸਟੇਜਾਂ ਤੇ ਵੱਖ-ਵੱਖ ਕਲਾਵਾਂ ਦੀ ਪੇਸ਼ਕਾਰੀ ਹੋਈ। ਜ਼ੋਨ ਦੇ ਸਾਰੇ ਕਾਲਜਾਂ ਨੇ ਵੱਧ ਚੜ੍ਹ ਕੇ ਵੱਖ-ਵੱਖ ਆਇਟਮਾਂ ਵਿੱਚ ਭਾਗ ਲਿਆ। ਅੱਜ ਦੇ ਦਿਨ ਭੰਗੜਾ, ਮਾਇਮ, ਸਕਿੱਟ, ਕੁਇਜ਼ ਅਤੇ ਲੋਕ ਕਲਾਵਾਂ ਜਿਵੇਂ ਕਰੋਸ਼ੀਏ ਦੀ ਬੁਣਤੀ, ਕਢਾਈ, ਪੱਖੀ ਬੁਨਣਾ, ਪਰਾਂਦਾ ਬਣਾਉਣਾ, ਰੱਸਾ ਵੱਟਣਾ, ਟੋਕਰੀ ਬਣਾਉਣਾ,ਸਮੂਹ ਸ਼ਬਦ ਗਾਇਨ, ਸਮੂਹ ਗਾਇਨ ਭਾਰਤੀ, ਸੁਗਮ ਸੰਗੀਤ (ਗ਼ਜ਼ਲ), ਸੁਗਮ ਸੰਗੀਤ (ਗੀਤ), ਸਮੂਹ ਸ਼ਾਸਤਰੀ ਗਾਇਨ ਆਦਿ ਮੁਕਾਬਲਿਆਂ ਵਿੱਚ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ।
ਕਾਲਜ ਪ੍ਰਿੰਸੀਪਲ ਡਾ. ਜਯੋਤਸਨਾ ਜੀ ਦੀ ਅਗਵਾਈ ਵਿੱਚ ਚੱਲ ਰਹੇ ਇਸ ਯੁਵਕ ਮੇਲੇ ਦੇ ਪਹਿਲੇ ਦਿਨ ਦਾ ਪ੍ਰਬੰਧ ਬਹੁਤ ਹੀ ਸੁਚੱਜੇ ਢੰਗ ਨਾਲ਼ ਨੇਪਰੇ ਚੜ੍ਹਿਆ। ਇਲਾਕੇ ਦੀਆਂ ਸਨਮਾਨਯੋਗ ਸ਼ਖ਼ਸੀਅਤਾ, ਕਾਲਜ ਦੇ ਸੇਵਾ ਮੁਕਤ ਪ੍ਰਿੰਸੀਪਲ ਅਤੇ ਪ੍ਰੋਫ਼ੈਸਰ ਸਾਹਿਬਾਨ ਅਤੇ ਐਲੂਮਿਨੀ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਪਹੁੰਚ ਕੇ ਪ੍ਰੋਗਰਾਮ ਦੀ ਸ਼ੋਭਾ ਨੂੰ ਵਧਾਇਆ। ਕੱਲ ਇਸ ਮੇਲੇ ਦਾ ਦੂਸਰਾ ਦਿਨ ਹੋਵੇਗਾ ਜਿੱਥੇ ਲੁੱਡੀ, ਝੂੰਮਰ, ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਲਘੂ ਫਿਲਮ, ਮੁਹਾਵਰੇਦਾਰ ਵਾਰਤਾਲਾਪ, ਭੰਡ, ਨੁੱਕੜ ਨਾਟਕ, ਅਤੇ ਸੰਗੀਤ ਨਾਲ਼ ਸੰਬੰਧਿਤ ਵੱਖ-ਵੱਖ ਈਵੈਂਟਸ ਹੋਣਗੇ।

Author: PRESS REPORTER
Abc