-ਖੇਤੀਬਾੜੀ ਦੀ ਸਫ਼ਲਤਾ ਹੀ ਕਿਸਾਨ ਮੇਲਿਆਂ ਦੀ ਸਫ਼ਲਤਾ ਮੰਨੀ ਜਾ ਸਕਦੀ ਹੈ“ – ਕਿਸਾਨ
ਬਠਿੰਡਾ,1ਅਕਤੂਬਰ (ਚਾਨੀ) ਬੀਤੇ ਰੋਜ਼ ਬਠਿੰਡਾ ਵਿਖੇ ਲੱਗੇਕਿਸਾਨ ਮੇਲੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਪੁੱਜੇ ਕਿਸਾਨਾਂ ਨੂੰ ਨਿਰਾਸ਼ ਮਨ ਨਾਲ਼ ਵਾਪਿਸ ਮੁੜਨਾ ਪਿਆ ਕਿਉਂਕਿ ਜਿੰਨ੍ਹਾਂ ਮਾਹਿਰਾਂ ਤੋਂ ਖੇਤੀਬਾੜੀ ਸੰਬੰਧੀ ਨਵੀਆਂ ਜਾਣਕਰੀਆਂ ਲੈਣ ਦੀ ਉਮੀਦ ਨਾਲ਼ ਕਿਸਾਨ ਪਹੁੰਚੇ ਸਨ ਉਹ ਆਪਣੇ ਵੀ.ਆਈ.ਪੀ ਰੋਹਬ-ਰੁਤਬੇ ਵਿਖਾਉਂਦੇ ਹੋਏ ਤਕਰੀਬਨ 11:30 -12 ਵਜੇ ਤੱਕ ਸਟੇਜ ‘ਤੇ ਪਹੁੰਚਣੇ ਸ਼ੁਰੂ ਹੋਏ।
ਦੁਪਹਿਰ ਤੱਕ ਖ਼ਾਲੀ ਪਈਆਂ ਮਾਹਿਰਾਂ ਦੀਆਂ ਕੁਰਸੀਆਂ
.
ਦੁਪਹਿਰ ਢਲਣ ਤੋਂ ਪਹਿਲਾਂ ਹੀ ਖ਼ਾਲੀ ਹੋਈਆਂ ਸਰਕਾਰੀ ਸਟਾਲਾਂ ਦੀ ਤਸਵੀਰ
ਉਸ ਤੋਂ ਪਹਿਲਾਂ ਸਟੇਜ ਸੰਚਾਲਕ ਕਦੇ ਵਿਦਿਆਰਥੀਆਂ ਤੋਂ ਗੀਤ ਗਵਾ ਕੇ ਅਤੇ ਕਦੇ ਛੋਟੇ-ਛੋਟੇ ਭਾਸ਼ਣਾ ਦੁਆਰਾ ਬੁੱਤਾ ਸਾਰ ਕੇ ਟਾਈਮ ਪਾਸ ਕਰਨ ਦੀ ਅਸਫਲ ਕੋਸ਼ਿਸ਼ ਕਰਦੇ ਰਹੇ ਜਿਸ ਦਾ ਅਨੁਮਾਨ ਉਡੀਕ ‘ਚ ਅਕੇਵੇਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਚਿਹਰਿਆਂ ਤੋਂ ਸਾਫ ਲਗਾਇਆ ਜਾ ਸਕਦਾ ਸੀ।ਬੜੇ ਦੁੱਖ ਦੀ ਗੱਲ ਹੈ ਕਿ ਡਾ.ਸਾਹਿਬਾਨਾਂ ਨੇ ਜਿੰਨ੍ਹਾਂ ਕਿਸਾਨਾਂ ਕਰਕੇ ਲੱਖਾਂ ਰੁਪਏ ਤਨਖਾਹ ਦੇਣ ਵਾਲੀਆਂ ਕੁਰਸੀਆਂ ਮੱਲੀਆਂ ਹੋਈਆਂ ਹਨ ਉਹ ਘੰਟਿਆਂ ਤੱਕ ਸਟੇਜ ‘ਤੇ ਪਈਆਂ ਖ਼ਾਲੀ ਕੁਰਸੀਆਂ ਵੱਲ ਤਕਦੇ ਰਹੇ।ਇਸ ਤੋਂ ਵੱਡੀ ਗੱਲ ਦੁਪਹਿਰ 2-2:30 ਤੱਕ ਲਗਭਗ ਸਾਰੀਆਂ ਸਰਕਾਰੀ ਸਟਾਲਾਂ ਵਾਲ਼ੇ ਚਲਦੇ ਪੱਖੇ ਛੱਡ ਕੇ ਚਲਦੇ ਬਣੇ ਜਦ ਕਿ ਨਿੱਜੀ ਸਟਾਲਾਂ ਉੱਤੇ ਕਿਸਾਨਾਂ ਦੀ ਭੀੜ ਬਣੀ ਹੋਈ ਸੀ।ਸਰਕਾਰੀ ਸਟਾਲਾਂ ਤੋਂ ਨਿੱਜੀ ਸਟਾਲਾਂ ਉੱਤੇ ਕਿਸਾਨਾਂ ਦੀ ਵਧ ਭੀੜ ਹੋਣਾ ਇਹ ਵੀ ਸਵਾਲ ਖੜ੍ਹੇ ਕਰਦਾ ਹੈ ਕਿ ਕੀ ਸਰਕਾਰੀ ਸਟਾਲਾਂ ਵਾਲ਼ੇ ਖੇਤੀਬਾੜੀ ਮਾਹਰਾਂ ਦਾ ਕਿਸਾਨਾਂ ਨਾਲ਼ ਤਾਲਮੇਲ ਚੰਗਾ ਨਹੀਂ ਸੀ ਜਿਸ ਕਰਕੇ ਉਹਨਾਂ ਦੀ ਦਿਲਚਸਪੀ ਵਧੇਰੇ ਨਿੱਜੀ ਸਟਾਲਾਂ ਵੱਲ ਰਹੀ?ਇਸ ਦਾ ਇਸ਼ਾਰਾ ਇਸ ਗੱਲ ਤੋਂ ਵੀ ਲਿਆ ਜਾ ਸਕਦਾ ਹੈ ਕਿ ਜਦ ਮੀਡੀਆ ਵੱਲੋਂ ਇਹਨਾਂ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਟਾਲਾਂ ਤੇ ਮੌਜੂਦ ਮਾਹਰਾਂ ਜਾਂ ਮੁਲਾਜ਼ਮਾਂ ਤੋਂ ਸਟਾਲ ਦੇ ਮਕਸਦ ਬਾਰੇ ਜਾਣਕਾਰੀ ਲੈਣੀ ਚਾਹੀ ਤਾਂ ਇੱਕ-ਦੋ ਨੂੰ ਛੱਡ ਕੇ ਉਹਨਾਂ ਨੇ ਆਪਣੇ ਸੀਨੀਅਰ ਅਧਿਕਾਰੀਆਂ ਤੋਂ ਆਗਿਆ ਨਾ ਹੋਣ ਦਾ ਹਵਾਲਾ ਦੇ ਕੇ ਜਾਣਕਾਰੀ ਸਾਂਝੀ ਕਰਨ ਤੋਂ ਪਾਸਾ ਵੱਟ ਲਿਆ ਅਤੇ ਹੋਰ ਕ਼ੋਈ ਸਥਾਨਕ ਡਾ. ਜਾਂ ਮਾਹਰ ਵੀ ਮੇਲੇ ਸੰਬੰਧੀ ਜਾਣਕਾਰੀ ਦੇਣ ਲਈ ਡਿਊਟੀ ਕਰਦਾ ਨਜ਼ਰ ਨਹੀਂ ਆਇਆ।ਕੁੱਲ ਮਿਲਾ ਕੇ ਇਹ ਕਿਹਾ ਜਾ ਸਕਦਾ ਹੈ ਕਿ ਕਿਸਾਨ ਜਾਗਰੂਕਤਾ ਲਈ ਕਿਸਾਨ ਮੇਲੇ ਦੇ ਨਾਮ ‘ਤੇ ਵਿਭਾਗ/ਖੇਤੀਬਾੜੀ ਯੂਨੀਵਰਸਿਟੀ ਜਾਂ ਸਰਕਾਰ ਕਿਸੇ ਪਾਸਿਓਂ ਵੀ ਹੋਈ ਫੰਡਿੰਗ ਦੀ ਸ਼ਰੇਆਮ ਦੁਰਵਰਤੋਂ ਹੁੰਦੀ ਨਜ਼ਰ ਆਈ ।ਇਸ ਸੰਬੰਧੀ ਜਦ ਕੇ.ਵੀ.ਕੇ ਬਠਿੰਡਾ ਦੇ ਪ੍ਰਭਾਵੀ ਡਾ.ਕਰਮਜੀਤ ਸਿੰਘ ਸੇਖੋਂ ਨਾਲ਼ ਗੱਲਬਾਤ ਕਰਨੀ ਚਾਹੀ ਤਾਂ ਉਹਨਾਂ ਨੇ ਫ਼ੋਨ ਨਹੀਂ ਚੁੱਕਿਆ।
“ਸਿਰਫ ਮੇਲੇ ਨਹੀਂ,ਜ਼ਮੀਨੀ ਪੱਧਰ ‘ਤੇ ਵੀ ਕੰਮ ਕਰਨ ਡਾ.ਸਾਹਿਬਾਨ“ – ਕਿਸਾਨ
ਕਿਸਾਨ ਮੇਲੇ ਤੋਂ ਨਿਰਾਸ਼ ਮੁੜ ਰਹੇ ਕੁਝ ਕਿਸਾਨਾਂ ਨੇ ਆਪਣਾ ਗੁੱਸਾ ਜ਼ਾਹਿਰ ਕਰਦਿਆਂ ਕਿਹਾ ਕਿ ਬੁੱਕ ਭਰ ਕੇ ਸਰਕਾਰ ਤੋਂ ਤਨਖਾਹਾਂ ਲੈ ਰਹੇ ਡਾ.ਸਾਹਿਬਾਨਾਂ ਨੂੰ ਚਾਹੀਦਾ ਹੈ ਕਿ ਸਿਰਫ ਸਟੇਜਾਂ ‘ਤੇ ਭਾਸ਼ਣ ਦੇ ਕੇ ਆਪਣੇ ਕੰਮਾਂ-ਖੋਜਾਂ ਦਾ ਗੁਣਗਾਣ ਨਾ ਕਰਨ ਬਲਕਿ ਕਿਸਾਨਾਂ ਨਾਲ਼ ਕਿਸਾਨਾਂ ਦੇ ਖੇਤਾਂ ਵਿੱਚ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਨੂੰ ਸਮਝਣ ਤੇ ਆਪਣੀਆਂ ਖੋਜਾਂ/ਖੇਤੀ ਸੰਦਾ ਨੂੰ ਅਮਲੀ ਰੂਪ ਵਿੱਚ ਵਰਤ ਕੇ ਵਿਖਾਉਣ ਫਿਰ ਹੀ ਪਤਾ ਲੱਗੇਗਾ ਕੇ ਉਹਨਾਂ ਦੀ ਕਰਗੁਜ਼ਾਰੀ ਕਿੰਨੀ ਕੁ ਕਾਰਗਰ ਸਿੱਧ ਹੁੰਦੀ ਹੈ ਕਿਉਕਿ ਜੇਕਰ ਖੇਤੀ ਸਫ਼ਲ ਹੋਵੇਗੀ ਤਾਂ ਹੀ ਕਿਸਾਨ ਮੇਲੇ ਸਫ਼ਲ ਮੰਨੇ ਜਾਣਗੇ।

Author: PRESS REPORTER
Abc