ਸੰਗਤ ਮੰਡੀ,10ਮਾਰਚ(ਪੱਤਰ ਪ੍ਰੇਰਕ)ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਵਲੋਂ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ, ਨਵੀ ਦਿੱਲੀ ਦੇ ਅਧੀਨ ਫਾਰਮਰ ਫਰਸਟ ਪ੍ਰੋਜੈਕਟ ਦੇ ਤਹਿਤ ਬਲਾਕ ਮਹਿਲ ਕਲਾਂ, ਜਿਲ੍ਹਾ ਬਰਨਾਲਾ ਦੇ ਲਗਭਗ 50 ਕਿਸਾਨਾਂ ਨੂੰ ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ, ਬਠਿੰਡਾ ਦਾ ਦੌਰਾ ਕਰਵਾਇਆ ਗਿਆ। ਇਸ ਮੌਕੇ ਡਾ. ਬਿਮਲ ਸ਼ਰਮਾ, ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ, ਵੈਟਰਨਰੀ ਪੌਲੀਟੈਕਨਿਕ ਕਾਲਜ ਅਤੇ ਖੇਤਰੀ ਖੋਜ਼ ਸਿਖਲਾਈ ਕੇਂਦਰ, ਕਾਲਝਰਾਣੀ ਨੇ ਪਸੂ-ਪਾਲਕਾਂ ਨੂੰ ਪਸ਼ੂ ਪਾਲਣ ਸੰਬੰਧੀ ਜਾਗਰੂਕ ਕੀਤਾ ਅਤੇ ਪਸ਼ੂਆਂ ਦੀ ਦੇਖਭਾਲ ਕਰਨ ਲਈ ਕਈ ਤਰ੍ਹਾਂ ਦੇ ਤਰੀਕਿਆਂ ਤੋਂ ਵੀ ਪਸੂ-ਪਾਲਕਾਂ ਨੂੰ ਜਾਣੂ ਕਰਵਾਇਆ ਗਿਆ। ਇਸ ਮੌਕੇ ਪਸੂ-ਪਾਲਕਾਂ ਨੂੰ ਸੈਂਟਰ ਦੇ ਸਾਹੀਵਾਲ ਗਾਵਾਂ ਦਾ ਫਾਰਮ ਅਤੇ ਬੀਟਲ ਬੱਕਰੀਆਂ ਦੇ ਫਾਰਮ ਦਾ ਦੌਰਾ ਕਰਵਾਇਆ ਗਿਆ। ਡਾ. ਬਿਮਲ ਸ਼ਰਮਾ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਖੇਤਰੀ ਖੋਜ ਸਿਖਲਾਈ ਕੇਂਦਰ, ਕਾਲਝਰਾਣੀ ਵਿਖੇ ਸਾਹੀਵਾਲ ਗਾਵਾਂ ਦਾ ਫਾਰਮ ਸਾਲ 2009 ਵਿੱਚ ਸ਼ੁਰੂ ਕੀਤਾ ਗਿਆ ਅਤੇ ਇਸ ਸਮੇਂ ਸਾਹੀਵਾਲ ਨਸਲ ਦੀਆਂ ਤਕਰੀਬਨ 220 ਗਾਵਾਂ ਹਨ। ਉਨ੍ਹਾਂ ਦੇਸੀ ਗਾਵਾਂ ਦੇ ਰੱਖਣ ਦੇ ਫਾਈਦਿਆਂ ਬਾਰੇ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਵੱਧ ਤੋਂ ਵੱਧ ਦੇਸੀ ਗਾਵਾਂ ਰੱਖਣ ਲਈ ਇੱਕ ਦੂਸਰੇ ਨੂੰ ਉਤਸਾਹਿਤ ਕਰਨਾ ਚਾਹੀਦਾ ਹੈ ਕਿਉਂਕਿ ਇਨ੍ਹਾਂ ਗਾਵਾਂ ਵਿੱਚ ਬਿਮਾਰੀਆਂ ਲੱਗਣ ਦੀ ਸੰਭਵਨਾ ਘੱਟ ਹੁੰਦੀ ਹੈ ਅਤੇ ਪਸ਼ੂ-ਪਾਲਕ ਨੂੰ ਵਧੇਰੇ ਲਾਭ ਹੁੰਦਾ ਹੈ। ਇਸ ਤੋਂ ਇਲਾਵਾ ਡਾ. ਸ਼ਰਮਾ ਨੇ ਵੈਟਰਨਰੀ ਪੌਲੀਟੈਕਨਿਕ ਵਿਖੇ ਕਰਵਾਏ ਜਾ ਰਹੇ ਡਿਪਲੋਮਾ ਇਨ ਵੈਟਰਨਰੀ ਸਾਇੰਸ ਅਤੇ ਐਨੀਮਲ ਹੈਲਥ ਟੈਕਨੋਲੋਜੀ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਗਡਵਾਸੂ, ਲੁਧਿਆਣਾ ਵਲੋਂ ਤਿਆਰ ਕੀਤੇ ਉਤਪਾਦਾਂ ਜੋ ਕਿ ਕਾਲਝਰਾਣੀ ਸੈਂਟਰ ਵਿਖੇ ਉਪਲਬਧ ਹਨ ਬਾਰੇ ਚਾਨਣਾ ਪਾਇਆ। ਡਾ. ਮਨਦੀਪ ਸਿੰਘ ਨੇ ਪਸ਼ੂਆਂ ਵਿੱਚ ਪਾਈਆਂ ਜਾਣ ਵਾਲੀਆਂ ਸ਼ੂਣ ਸੰਬੰਧੀ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਬਿਮਾਰੀਆਂ ਤੋ ਬਚਣ ਦੇ ਉਪਾਅ ਦੱਸੇ। ਡਾ. ਸੁਮਨਪ੍ਰੀਤ ਕੌਰ ਵਲੋਂ ਸਾਹੀਵਾਲ ਗਾਵਾਂ ਦੇ ਰੱਖ ਰਖਾਵ ਸੰਬੰਧੀ ਕਿਸਾਨਾਂ ਨੂੰ ਜਾਗਰੂਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਾਹੀਵਾਲ ਗਾਂ ਦਾ ਦੁੱਧ ਗੁਣਾਂ ਦੀ ਗੁਥਲੀ ਹੈ ਅਤੇ ਇਸ ਦੇ ਸੇਵਨ ਨਾਲ ਸਾਡੇ ਸਰੀਰ ਵਿੱਚ ਬਹੁਤ ਸਾਰੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਪੈਦਾ ਹੁੰਦੀ ਹੈ। ਡਾ. ਰਜਨੀਸ਼ ਕੁਮਾਰ ਵਲੋਂ ਬੀਟਲ ਬੱਕਰੀਆਂ ਦੀ ਦੇਖ-ਭਾਲ ਕਰਨ ਸੰਬੰਧੀ ਜਾਣਕਾਰੀ ਦਿੱਤੀ ਗਈ ਅਤੇ ਬੱਕਰੀ ਪਾਲਣ ਕਿੱਤੇ ਦੇ ਲਾਭਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਬੱਕਰੀ ਪਾਲਣ ਛੋਟੇ ਕਿਸਾਨਾਂ ਲਈ ਬੇਹੱਦ ਲਾਹੇਵੰਦ ਧੰਦਾ ਹੈ ਕਿਉਂਕਿ ਇਸ ਵਿੱਚ ਮੁੱਢਲੀ ਖਪਤ ਨਾ ਮਾਤਰ ਹੈ। ਇਸ ਤੋਂ ਬਾਅਦ ਕਿਸਾਨਾਂ ਨੂੰ ਦੁਪਹਿਰ ਦਾ ਖਾਣਾ ਕਾਲਜ ਦੇ ਹੋਸਟਲ ਦੀ ਮੈੱਸ ਵਿੱਚ ਖਵਾਇਆ ਗਿਆ। ਇਹ ਦੌਰਾ ਡਾ. ਐੱਸ. ਕੇ. ਕਾਂਸਲ, ਪ੍ਰੋਫਸਰ, ਵੈਟਰਨਰੀ ਪ੍ਰਸ਼ਾਰ ਸਿੱਖਿਆ ਵਿਭਾਗ, ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ, ਲੁਧਿਆਣਾ ਅਤੇ ਡਾ ਵਾਈ. ਐੱਸ. ਜਾਦੋਂ, ਪ੍ਰਿੰਸੀਪਲ ਇਵੈਸਟੀਗੇਟਰ, ਫਾਰਮਰ ਫਰਸਟ ਪ੍ਰੋਜੈਕਟ ਦੀ ਅਗਵਾਈ ਹੇਠ ਕਰਵਾਇਆ ਗਿਆ। ਇਸ ਮੌਕੇ ਡਾ ਨਵਕਿਰਨ ਕੌਰ ਅਤੇ ਸੀਨੀਅਰ ਰਿਸਰਚ ਫੈਲੋਅ ਵੀ ਸ਼ਾਮਿਲ ਸਨ।
Author: DISHA DARPAN
Journalism is all about headlines and deadlines.