ਬਠਿੰਡਾ,10ਮਾਰਚ(ਬਿਊਰੋ)ਪੰਜਾਬ ਵਿਧਾਨ ਸਭਾ ਚੋਣਾਂ 2022 ਵਿੱਚ ਆਮ ਆਦਮੀ ਪਾਰਟੀ ਦੀ ਰਵਾਇਤੀ ਪਾਰਟੀਆਂ ਤੋਂ ਵੱਡੇ ਫ਼ਰਕ ਨਾਲ ਹੋਈ ਜਿੱਤ ਨੇ ਪੰਜਾਬ ਦੇ ਲੋਕਾਂ ਵਿੱਚ ਇੱਕ ‘ਨਵੇਂ ਪੰਜਾਬ’ ਦੀ ਆਸ ਜਗਾਈ ਹੈ।ਪਾਰਟੀ ਵਰਕਰਾਂ ਨਾਲੋਂ ਆਮ ਲੋਕਾਂ ਵਿੱਚ ਇਸ ਜਿੱਤ ਨੂੰ ਲੈ ਕੇ ਭਾਰੀ ਖ਼ੁਸ਼ੀ ਅਤੇ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ ਜਿਸ ਤੋਂ ਸਾਫ਼ ਜ਼ਾਹਿਰ ਹੁੰਦਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਭਗਵੰਤ ਮਾਨ ਤੋਂ ਬਹੁਤ ਜ਼ਿਆਦਾ ਉਮੀਦਾਂ ਹਨ ਜੋ ਕਿ ਉਨ੍ਹਾਂ ਨੂੰ ਪੂਰੀਆਂ ਹੁੰਦੀਆਂ ਨਜ਼ਰ ਆ ਰਹੀਆਂ ਹਨ।ਭਗਵੰਤ ਮਾਨ ਨੇ ਬਿਲਕੁਲ ਸਾਧਾਰਨ ਲਹਿਜੇ ਵਿੱਚ ਲੋਕਾਂ ਨਾਲ ਰੂਬਰੂ ਹੁੰਦਿਆਂ ਆਮ ਲੋਕਾਂ ਦੀ ਹਰ ਮੁਸ਼ਕਿਲ ਨੂੰ ਹੱਲ ਕਰਨ ਦਾ ਭਰੋਸਾ ਦਿੱਤਾ।ਇਸ ਦੇ ਨਾਲ ਹੀ ਉਨ੍ਹਾਂ ਸਹੁੰ ਚੁੱਕ ਸਮਾਗਮ ਕਿਸੇ ਭਵਨ ਦੀ ਥਾਂ ਖਟਕੜ ਕਲਾਂ ਵਿਖੇ ਕਰਨ ਦੀ ਗੱਲ ਕਹੀ।ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਖ਼ੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਲੋਕਾਂ ਦਾ ਇਸ ਵੱਡੀ ਲੀਡ ਨਾਲ ਦਵਾਈ ਜਿੱਤ ਲਈ ਧੰਨਵਾਦ ਕੀਤਾ ਅਤੇ ਭਗਵੰਤ ਮਾਨ ਨੂੰ ਵਧਾਈਆਂ ਦਿੱਤੀਆਂ।ਦੂਜੇ ਪਾਸੇ ਇਨ੍ਹਾਂ ਪੰਜਾਬ ਵਿਧਾਨ ਸਭਾ ਚੋਣਾਂ ਨੇ ਪੰਜਾਬ ਦੀ ਰਾਜਨੀਤੀ ਦੀ ਰੂਪ-ਰੇਖਾ ਹੀ ਬਦਲ ਕੇ ਰੱਖ ਦਿੱਤੀ ਹੈ।ਜ਼ਿਕਰਯੋਗ ਹੈ ਕਿ ਇਨ੍ਹਾਂ ਚੋਣਾਂ ਦੌਰਾਨ ਪੰਜਾਬ ਦੇ ਕਈ ਦਿਗਜ਼ ਨੇਤਾਵਾਂ ਨੂੰ ਬਹੁਤ ਬੁਰੀ ਹਾਰ ਦਾ ਮੂੰਹ ਦੇਖਣਾ ਪਿਆ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਆਮ ਆਦਮੀ ਪਾਰਟੀ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਪਾਰਟੀ ਵੱਲੋਂ ਅਮਲੀ ਰੂਪ ਕਦ ਤੱਕ ਦਿੱਤਾ ਜਾਂਦਾ ਹੈ।
Author: DISHA DARPAN
Journalism is all about headlines and deadlines.