ਮਾਨਸਾ,(ਬਿਊਰੋ)ਸ਼ਹੀਦ ਭਗਤ ਸਿੰਘ ਕਲਾ ਮੰਚ ਪੰਜਾਬ ਵੱਲੋਂ ਪੰਜਾਬ ਸੰਗੀਤ ਨਾਟਕ ਅਕਾਦਮੀ ਦੇ ਸਹਿਯੋਗ ਨਾਲ ਸੈਂਟਰਲ ਪਾਰਕ ਮਾਨਸਾ ਵਿਚ ਕਰਵਾਏ ਗਿਆ ਸਿਲਵਰ ਜੁਬਲੀ ਮੇਲਾ ਤਿੰਨ ਸੋਲੋ ਨਾਟਕਾਂ ਦੀਆਂ ਪੇਸ਼ਕਾਰੀਆਂ, ਕਲਾਵਾਂ ਦੀਆਂ ਅਨੇਕ ਪ੍ਰਦਰਸ਼ਨੀਆਂ, 11 ਹਸਤੀਆਂ ਤੇ ਸਨਮਾਨ ਅਤੇ ਕਲਾ ਦੇ ਹੋਰ ਰੂਪਾਂ ਦੀਆਂ ਜਬਰਦਸਤ ਪੇਸ਼ਕਾਰੀਆਂ ਰਾਹੀਂ ਪੂਰੇ ਜਾਹੋ ਜਲਾਲ ਨਾਲ ਸੰਪੰਨ ਹੋਇਆ।ਮੇਲੇ ਦਾ ਆਗਾਜ਼ ‘ਪੇਂਡੂ ਰੰਗਮੰਚ : ਚੁਣੌਤੀਆਂ ਅਤੇ ਸੰਭਾਵਨਾਵਾਂ’ ਵਿਸ਼ੇ ਤੇ ਹੋਏ ਸੈਮੀਨਾਰ ਨਾਲ ਹੋਇਆ। ਇਸ ਸੈਮੀਨਾਰ ਵਿਚ ਭਾਗ ਲੈਂਦਿਆਂ ਡਾ. ਸਤੀਸ਼ ਕੁਮਾਰ ਵਰਮਾ, ਡਾ. ਸਾਹਿਬ ਸਿੰਘ, ਡਾ. ਦੇਵਿੰਦਰ ਕੁਮਾਰ, ਪ੍ਰੀਤਮ ਰੁਪਾਲ, ਸੁਰਜੀਤ ਜੱਜ, ਦਰਸ਼ਨ ਜੋਗਾ, ਨਿਰੰਜਨ ਪ੍ਰੇਮੀ, ਸੁਖਦਰਸ਼ਨ ਨੱਤ ਤੇ ਵਿਚਾਰ ਚਰਚਾ ਵਿਚ ਹਿੱਸਾ ਲਿਆ।
ਰਾਤ ਦੇ ਸ਼ੈਸ਼ਨ ਵਿਚ ਛਲਕਦੀਆਂ ਅੱਖਾਂ ਨਾਲ ਮਰਹੂਮ ਜਤਿੰਦਰ ਬੋਹਾ ਦੀ ਮਾਤਾ ਕਰਮਜੀਤ ਕੌਰ ਅਤੇ ਬੋਹਾ ਖੇਤਰ ਦੀ ਪਹਿਲੀ ਅਦਾਕਾਰਾ ਸਰਬਜੀਤ ਨੇ ਮੇਲੇ ਦਾ ਆਗਾਜ਼ ਕੀਤਾ। ਪਹਿਲੇ ਦਿਨ ਡਾ. ਸਾਹਿਬ ਸਿੰਘ ਦੀ ਨਿਰਦੇਸ਼ਨਾਂ ਅਤੇ ਅਭਿਨੈ ਤਹਿਤ ਪ੍ਰਸਤੁਤ ‘ਸੰਮ੍ਹਾਂ ਵਾਲੀ ਡਾਂਗ’ ਨਾਟਕ ਤੇ ਕੀਲਿਆ ਵੀ ਅਤੇ ਝੰਜੋੜਿਆ ਵੀ। ਦੂਜੇ ਦਿਨ ਡਾ. ਕੁਲਦੀਪ ਸਿੰਘ ਦੀਪ ਦੁਆਰਾ ਲਿਖਿਤ ਅਤੇ ਸਾਗਰ ਸੁਰਿੰਦਰ ਸਿੰਘ ਦੁਆਰਾ ਨਿਰਦੇਸ਼ਿਤ ਨਾਟਕ ‘ਸੁਸਾਈਡ ਨੋਟ’ ਦੀ ਪੇਸ਼ਕਾਰੀ ਹੋਈ। ਗੁਰਸੇਵਕ ਮੰਡੇਰ ਨੇ ਲਗਭਗ ਡੇਢ ਘੰਟਾ ਕਮਾਲ ਦੀ ਅਦਾਕਾਰੀ ਰਾਹੀਂ ਦਰਸ਼ਕਾਂ ਨੂੰ ਆਪਣੇ ਨਾਲ ਬੰਨ੍ਹਿਆ ਅਤੇ ਬਚਪਨ ਤੋਂ ਲੈ ਕੇ ਜਵਾਨੀ ਤਕ ਭਾਰਤੀ ਯੁਵਾਵਾਂ ਦੇ ਅਨੇਕ ਮਸਲਿਆਂ ਦੀ ਪੇਸ਼ਕਾਰੀ ਕੀਤੀ। ਤੀਜੇ ਦਿਨ ਸ਼ਬਦੀਸ਼ ਦੁਆਰਾ ਲਿਖਿਤ ਅਤੇ ਅਨੀਤਾ ਦੁਆਰਾ ਅਭਿਨੀਤ ਇਕ ਪਾਤਰੀ ਨਾਟਕ ‘ਮਨ ਮਿੱਟੀ ਦਾ ਬੋਲਿਆ’ ਪੇਸ਼ ਕੀਤਾ ਗਿਆ। ਇਹ ਨਾਟਕ ਔਰਤ ਮਨ ਦੇ ਅੰਦਰ ਪਲਦੇ ਜਜ਼ਬੇ, ਮਨੋਵੇਗਾਂ, ਤੂਫਾਨਾਂ ਅਤੇ ਜਲਜ਼ਲਿਆਂ ਨੂੰ ਸਮਝਣ ਅਤੇ ਪੇਸ਼ ਕਰਨ ਵਾਲਾ ਨਾਟਕ ਸੀ।
ਮੇਲੇ ਦਾ ਇਕ ਅਹਿਮ ਫੀਚਰ ‘ਨਿੱਕਲ ਬਾਲਿਆ ਤੇਰੀ ਵਾਰੀ’ ਦੇ ਨਾਂ ਹੇਠ ਹਰ ਰੋਜ਼ 15 ਮਿੰਟ ਲਈ ਬਾਲਾਂ ਦਾ ਖੁੱਲ੍ਹਾ ਰੰਗਮੰਚ ਸੀ। ਇਸ ਵਿੱਲਖਣ ਅਤੇ ਸਫ਼ਲ ਤਜਰਬੇ ਦੇ ਤਹਿਤ ਤਿੰਨ ਦਿਨਾਂ ਦੇ ਵਿਚ 100 ਦੇ ਕਰੀਬ ਬੱਚਿਆਂ ਨੇ ਉਸਾਰੂ ਗੀਤਾਂ ਅਤੇ ਨਾਚ ਅਤੇ ਅਦਾਕਾਰੀ ਕੀਤੀ।
ਇਸ ਮੇਲੇ ਦੀ ਸਟੇਜ ਤੋਂ ਪ੍ਰਵਾਨ ਚੜ੍ਹੇ ਕਲਕਾਰਾਂ ਭੁਪਿੰਦਰ ਉੱਡਤ, ਉਧਮ ਆਲਮ ਅਤੇ ਪਰਮਿੰਦਰ ਪੈਮ ਨੇ ਗੀਤਾਂ ਦੀਆਂ ਪੇਸ਼ਕਾਰੀਆਂ ਕੀਤੀਆਂ।
ਦਿੱਲੀ ਕਿਸਾਨ ਮੋਰਚੇ ਵਿਚ ਸ਼ਹੀਦ ਹੋਣ ਵਾਲੇ ਹਰਚਰਨ ਸਿੰਘ ਹਾਕਮਵਾਲਾ ਅਤੇ ਗੁਰਚਰਨ ਸਿੰਘ ਕੋਟ ਧਰਮੂ ਨੂੰ ਅਮਰੀਕਾ ਵਸਦੀ ਭੈਣ ਪਰਮਿੰਦਰਜੀਤ ਕੌਰ ਭੰਗੂ ਹੋਰਾਂ ਦੀ ਮਦਦ ਨਾਲ ਮੰਚ ਵੱਲੋਂ 25-25 ਹਜ਼ਾਰ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ। ਤਿੰਨੇ ਦਿਨਾਂ ਦੇ ਹੋਏ ਸਨਮਾਨਾਂ ਵਿਚ ਪ੍ਰਸਿੱਧ ਨਾਟਕਕਾਰ ਡਾ. ਸਾਹਿਬ ਸਿੰਘ, ਅਨੀਤਾ ਸਬਦੀਸ਼, ਕਿਸਾਨੀ ਵਿਚ ਲਗਾਤਾਰ ਕੰਮ ਕਰਨ ਵਾਲੀ ਜੋੜੀ ਪ੍ਰੋ ਅਜਾਇਬ ਸਿੰਘ ਟਿਵਾਣਾ ਅਤੇ ਕੁਲਦੀਪ ਕੌਰ ਟਿਵਾਣਾ, ਯੁਵਾ ਪੁਰਸਕਾਰ ਪ੍ਰਾਪਤ ਦੀਪਕ ਧਲੇਵਾਂ ਅਤੇ ਵੀਰ ਦਵਿੰਦਰ ਸਿੰਘ, ਬਾਲ ਲੇਖਕ ਜਗਦੀਪ ਜਵਾਹਰਕੇ, ਭੰਗੜਾ ਕੋਚ ਭੋਲਾ ਕਲਹਿਰੀ, ਸਮਾਜ ਸੇਵੀ ਹਰਚਰਨ ਸਿੰਘ ਮੌੜ ਅਤੇ ਲੋਕਧਾਰਾ ਕੁਇਜ਼ ਦੀ ਗੋਲਡ ਮੈਡਲਿਸਟ ਨਰਿੰਦਰ ਕੌਰ ਦਾ ਸਨਮਾਨ ਕੀਤਾ ਗਿਆ।
ਮੇਲੇ ਦਾ ਆਗਾਜ਼ ਵੱਖ ਵੱਖ ਦਿਨ ਕਿਰਤ ਕਰਨ ਵਾਲੇ ਕਿਰਤੀਆਂ ਤੋਂ ਕਰਵਾਇਆ ਗਿਆ। ਇਹਨਾਂ ਕਿਰਤੀਆਂ ਵਿਚ ਕਾਕਾ ਕੰਟੀਨ ਵਾਲਾ, ਬਿੰਦਰ ਪ੍ਰੈੱਸ ਵਾਲਾ, ਮਲਕੀਤ ਸਿੰਘ ਵਿਰਕ, ਸੰਤੋਖ ਸਾਗਰ, ਸਵਰਨ ਰੋਝਾਂਵਾਲੀ ਅਤੇ ਜਸਦੀਪ ਹੈਪੀ ਦੁਆਰਾ ਕੀਤਾ ਗਿਆ।
ਪਿਛਲੇ ਇਕ ਸਾਲ ਵਿਚ ਮਾਨਸਾ ਜ਼ਿਲ੍ਹੇ ਦੇ ਲੇਖਕਾਂ ਦੀਆਂ ਪ੍ਰਕਾਸ਼ਿਤ 25 ਪੁਸਤਕਾਂ ਨੂੰ ਭਰੇ ਮੇਲੇ ਵਿਚ ਲੋਕ ਅਰਪਣ ਕੀਤਾ ਗਿਆ ਅਤੇ ਲੇਖਕਾਂ ਨੂੰ ਲੋਕਾਂ ਦੇ ਰੂਬਰੂ ਕੀਤਾ ਗਿਆ।
ਮੇਲੇ ਦਾ ਇਹ ਬਹੁਤ ਹੀ ਅਹਿਮ ਆਕਰਸ਼ਣ ਗੀਤ ਆਰਟਸ ਦੇ ਬੈਨਰ ਹੇਠ ਸੁਖਜੀਵਨ ਅਤੇ ਨਵਰੂਪ ਦੁਆਰਾ ਲਗਾਈ ਪ੍ਰਦਰਸ਼ਨੀ, ਯੁਵਾ ਚਿਤਰਕਾਰੀ ਦੇ ਤਹਿਤ ਸੁਖਨੂਰ ਆਹਲੂਵਾਲੀਆ, ਰਾਘਵ ਮਿੱਤਲ, ਅਮਨਦੀਪ ਕੌਰ ਮਾਨਬੀਬੜੀਆਂ, ਪਰਵਾਜ਼ਪਰੀਤ ਕੌਰ ਅਤੇ ਤੇਜਿੰਦਰ ਸਿੰਘ ਨੇ ਕਮਾਲ ਦੀ ਚਿਤਰਕਾਰੀ ਦਾ ਮੁਜ਼ਾਹਰਾ ਕੀਤਾ। ਗੁਰਜੀਤ ਸਿੰਘ ਲਾਲਿਆਂਵਾਲੀ ਦੁਆਰਾ ਪੁਰਾਣਿਆਂ ਤਵਿਆਂ ਅਤੇ ਮਸ਼ੀਨਾਂ ਦੀ ਪ੍ਰਦਰਸ਼ਨੀ ਅਤੇ ਕਲਾ ਮੇਲੇ ਦੇ 25 ਸਾਲਾ ਸਫ਼ਰ ਦੀ ਪ੍ਰਦਰਸ਼ਨੀ ਨੇ ਲੋਕਾਂ ਨੂੰ ਅਚੰਭਿਤ ਕੀਤਾ। ਮਾਨਸਾ ਦੇ ਲੋਕਾਂ ਨੇ ਪਹਿਲੀ ਵਾਰ ਏਨੀਆਂ ਕਲਾਵਾਂ ਨੂੰ ਇੱਕੋ ਵੇਲੇ ਇੱਕੋ ਪਲੇਟਫਾਰਮ ਤੇ ਤੱਕਿਆ।
ਮੇਲੇ ਦੇ ਸੂਤਰਧਾਰ ਡਾ ਕੁਲਦੀਪ ਸਿੰਘ ਦੀਪ ਨੇ ਦੱਸਿਆ ਕਿ ਹੁਣ ਇਹ ਮੇਲਾ ਹਰ ਸਾਲ 25, 26 ਅਤੇ 27 ਮਾਰਚ ਨੂੰ ਹੀ ਹੋਇਆ ਕਰੇਗਾ। ਇਸ ਮੇਲੇ ਨੇ ਇਹ ਸ਼ਾਨਦਾਰ ਰਵਾਇਤ ਵੀ ਕਾਇਮ ਕੀਤੀ ਹੈ ਕਿ ਮੇਲਾ ਹਰ ਰੋਜ਼ ਬਿਨਾ ਇਕ ਮਿੰਟ ਲੇਟ ਕੀਤਿਆਂ ਠੀਕ ਸੱਤ ਵਜੇ ਹੀ ਸ਼ੁਰੂ ਹੋ ਜਾਂਦਾ ਸੀ। ਇਸ ਸੰਸਥਾ ਦੀ ਇਕ ਹੋਰ ਖੂਬਸੂਰਤੀ ਇਹ ਹੈ ਕਿ ਇਸ ਵਿਚ ਨਾ ਕੋਈ ਪ੍ਰਧਾਨ, ਸਕੱਤਰ ਹੈ ਅਤੇ ਨਾ ਕੋਈ ਹੋਰ ਅਹੁਦੇਦਾਰ। ਕੋਰ ਕਮੇਟੀ ਅਤੇ ਪ੍ਰਬੰਧਕੀ ਬੋਰਡ ਹੈ ਜੋ ਮੇਲੇ ਦਾ ਸੰਚਾਲਨ ਕਰਦਾ ਹੈ।ਇਸ ਮੇਲੇ ਦੀ ਸਫ਼ਲਤਾ ਵਿਚ ਇਸ ਦੇ ਸਮਰੱਥ ਕਾਮਿਆਂ ਗੁਰਨੈਬ ਮੰਘਾਣੀਆ, ਗਗਨਦੀਪ ਸ਼ਰਮਾਂ, ਪ੍ਰੋ. ਕੁਲਦੀਪ ਚੌਹਾਨ, ਡਾ. ਸੁਪਨਦੀਪ ਕੌਰ, ਜਗਜੀਤ ਵਾਲੀਆ, ਸੁਖਜੀਵਨ, ਜਗਜੀਵਨ ਆਲੀਕੇ, ਸੰਤੋਖ ਸਾਗਰ, ਗੁਲਾਬ ਸਿੰਘ, ਗੁਰਜੰਟ ਸਿੰਘ ਚਾਹਲ, ਰਾਜ ਜੋਸ਼ੀ, ਹਰਚਰਨ ਸਿੰਘ ਮੋੜ, ਵਿਸ਼ਵਦੀਪ ਬਰਾੜ, ਗੁਰਦੀਪ ਗਾਮੀਵਾਲਾ, ਜਸਵਿੰਦਰ ਸਿੰਘ ਕਾਹਨ, ਜਸਵਿੰਦਰ ਮੰਡੇਰ, ਦਿਨੇਸ਼ ਕੁਮਾਰ, ਜਗਦੀਪ ਕੌਰ ਅਤੇ ਹੋਰ ਬਹੁਤ ਸਾਰੇ ਸਾਥੀਆਂ ਦੀ ਦਿਨ ਰਾਤ ਦੀ ਮਿਹਨਤ ਝਲਕਦੀ ਹੈ।
ਇਸ ਮੇਲੇ ਵਿਚ ਉਪਰੋਕਤ ਤੋਂ ਇਲਾਵਾ ਤਿੰਨੇ ਦਿਨ ਮੈਡਮ ਮਨਜੀਤ ਕੌਰ ਔਲਖ, ਗੁਰਮੇਲ ਕੌਰ ਜੋਸ਼ੀ, ਪ੍ਰਿੰਸੀਪਲ ਦਰਸਨ ਸਿੰਘ, ਦਰਸ਼ਨ ਜੋਗਾ, ਸੁਖਦਰਸ਼ਨ ਨੱਤ, ਜਸਬੀਰ ਨੱਤ, ਸ਼ਾਇਰ ਗੁਰਪ੍ਰੀਤ, ਡਾ. ਜਸਬੀਰ ਸਿੰਘ, ਗੁਰਦਰਸ਼ਨ ਪਟਵਾਰੀ, ਰਾਜ ਜੋਸ਼ੀ ਸੁਪਨਦੀਪ ਕੌਰ, ਸਮੇਤ ਬਹੁਤ ਸਾਰੇ ਲੋਕਾਂ ਨੇ ਸਮੂਲੀਅਤ ਕੀਤੀ।
Author: DISHA DARPAN
Journalism is all about headlines and deadlines.