ਬਠਿੰਡਾ,5ਫਰਵਰੀ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਦਾ ਇਲਾਜ ਸੰਭਵ ਹੈ ਜੇਕਰ ਇਸਦਾ ਸਮੇਂ ਸਿਰ ਪਤਾ ਲੱਗ ਜਾਵੇ। ਹਵਾ ਪਾਣੀ ਦਾ ਦੂਸ਼ਤ ਹੋਣਾ, ਪਲਾਸਟਿਕ ਦੀ ਜਿਆਦਾ ਵਰਤੋਂ, ਵਧ ਰਿਹਾ ਤਣਾਅ, ਕੀੜੇਮਾਰ ਦਵਾਈਆਂ ਦੀ ਵਰਤੋਂ ਅਤੇ ਰਹਿਣ ਸਹਿਣ ਦਾ ਢੰਗ ਵੀ ਕੁੱਝ ਹੱਦ ਤੱਕ ਕੈਂਸਰ ਦੀ ਬਿਮਾਰੀ ਦਾ ਕਾਰਣ ਬਣਦੇ ਹਨ। ਵਿਸ਼ਵ ਕੈਂਸਰ ਦਿਵਸ ਸੰਬੰਧੀ ਲੋਕਾਂ ਅਤੇ ਵਿਦਿਆਰਥੀਆਂ ਨੂੰ ਜਾਗਰੂਕ ਕਰਦਿਆਂ ਪ੍ਰਿੰਸੀਪਲ ਡਾ ਬਿਮਲ ਸ਼ਰਮਾ ਨੇ ਦੱਸਿਆ ਕਿ ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਮਕਸਦ ਕੈਂਸਰ ਦੀ ਬਿਮਾਰੀ ਨੂੰ ਰੋਕਣਾ, ਮਰੀਜਾਂ ਦੀਆਂ ਸੇਵਾਵਾਂ ਵਿੱਚ ਸੁਧਾਰ ਕਰਨਾ, ਲੋਕਾਂ ਵਿੱਚ ਇਸ ਸੰਬੰਧੀ ਜਾਗਰੂਕਤਾ ਪੈਦਾ ਕਰਨਾ ਅਤੇ ਕੈਂਸਰ ਸੰਬੰਧੀ ਖੋਜ ਨੂੰ ਉਤਸਾਹਿਤ ਕਰਨਾ ਹੈ। ਇਸ ਸਾਲ ਵਿਸ਼ਵ ਕੈਂਸਰ ਦਿਵਸ ਦਾ ਥੀਮ ਹੈ “ਦੇਖਭਾਲ ਦੇ ਗੈਪ ਨੂੰ ਬੰਦ ਕਰਨਾ”। ਡਾ ਬਿਮਲ ਸ਼ਰਮਾ ਨੇ ਕਿਹਾ ਭਾਰਤ ਵਿੱਚ ਪਾਨ ਮਸਾਲਾ, ਸਪਾਰੀ, ਤੰਬਾਕੂ, ਸਿਗਰੇਟ ਦੀ ਵਰਤੋਂ ਕਰਨਾ ਕੈਂਸਰ ਦਾ ਮੁੱਖ ਕਾਰਣ ਹੈ। ਬੁਖਾਰ ਰਹਿਣਾ, ਥਕਾਵਟ, ਜਖਮ ਜਲਦੀ ਠੀਕ ਨਾ ਹੋਣਾ, ਭੁੱਖ ਘੱਟ ਲੱਗਣੀ ਅਤੇ ਤੇਜੀ ਨਾਲ ਵਜਨ ਘਟਣ ਵੱਲ ਖਾਸ ਧਿਆਨ ਦੇਣ ਦੀ ਲੋੜ ਹੈ ਤਾਂ ਜੋ ਕੈਂਸਰ ਦੇ ਖਤਰੇ ਨੂੰ ਘੱਟ ਕੀਤਾ ਜਾ ਸਕੇ। ਸਾਨੂੰ ਆਪਣੇ ਭੋਜਨ ਵਿੱਚ ਲਸਣ, ਖੱਟੇ ਫਲ, ਹਲਦੀ, ਗਰੀਨ ਟੀ ਅਤੇ ਦਾਲਚੀਨੀ ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ਅਤੇ ਪੌਦਿਆਂ ਉੱਪਰ ਅਧਾਰਿਤ ਪ੍ਰੋਟੀਨ ਖਾਣੇ ਚਾਹੀਦੇ ਹਨ। ਵਿਸ਼ਵ ਭਰ ਵਿੱਚ ਮੌਤਾਂ ਦੇ ਕਾਰਣ ਵਿੱਚ ਕੈਂਸਰ ਵੀ ਇੱਕ ਮੁੱਖ ਬਿਮਾਰੀ ਹੈ ਅਤੇ ਇਸਦਾ ਖਤਰਾ ਦਿਨੋ ਦਿਨ ਵੱਧ ਰਿਹਾ ਹੈ। ਡਾ ਸ਼ਰਮਾ ਨੇ ਦੱਸਿਆ ਕਿ ਹੁਣ ਤੱਕ ਅੰਦਾਜਨ 20 ਮਿਲੀਅਨ ਲੋਕਾਂ ਨੂੰ ਕੈਂਸਰ ਦਾ ਪਤਾ ਚੱਲਿਆਂ ਹੈ ਅਤੇ 10 ਮਿਲੀਅਨ ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੈਂਸਰ ਦਾ ਇਲਾਜ ਕੀਤਾ ਜਾ ਸਕਦਾ ਹੈ ਅਤੇ ਕਈਆਂ ਨੂੰ ਰੋਕਿਆਂ ਜਾਂ ਠੀਕ ਕੀਤਾ ਜਾ ਸਕਦਾ ਹੈ। ਕੈਂਸਰ ਦੀ ਦੇਖਭਾਲ ਦੀ ਮੰਗ ਕਰਨ ਵਾਲੇ ਲੋਕ ਹਰ ਮੋੜ ਤੇ ਰੁਕਾਵਟਾਂ ਦਾ ਸਾਹਮਣਾ ਕਰਦੇ ਹਨ। ਆਮਦਨ, ਸਿੱਖਿਆ, ਸਥਾਨ, ਨਸਲੀ ਲਿੰਗ, ਜਿਨਸੀ ਝੁਕਾਅ, ਉਮਰ, ਅਪਾਹਜਤਾ ਅਤੇ ਜੀਵਨ ਸ਼ੈਲੀ ਦੇ ਆਧਾਰ ਤੇ ਵਿਤਕਰਾ ਕੁੱਝ ਇਹੋ ਜਿਹੇ ਕਾਰਣ ਹਨ ਜੋ ਦੇਖਭਾਲ ਨੂੰ ਨਕਰਾਤਮਿਕ ਤੌਰ ਤੇ ਪ੍ਰਭਾਵਿਤ ਕਰਦੇ ਹਨ। ਡਾ ਸ਼ਰਮਾ ਨੇ ਕਿਹਾ ਕਿ ਕੈਂਸਰ ਤੋਂ ਬਚਾਅ ਲਈ ਸਾਨੂੰ ਆਪਣੀ ਰੋਜਾਨਾ ਖੁਰਾਕ ਵਿੱਚ ਫਲ, ਹਰੀਆਂ ਸਬਜੀਆਂ, ਦਾਲਾਂ ਅਤੇ ਅਨਾਜ ਦਾ ਸੇਵਨ ਕਰਨਾ ਚਾਹੀਦਾ ਹੈ ਅਤੇ ਸਵੇਰੇ ਦੀ ਸੈਰ ਅਤੇ ਸਰੀਰਿਕ ਕਸਰਤ ਵੀ ਕਰਨੀ ਚਾਹੀਦੀ ਹੈ। ਸਾਨੂੰ ਆਪਣੀ ਰੋਜਮਰਾ ਜਿੰਦਗੀ ਵਿੱਚ ਸੁਧਾਰ ਕਰਨਾ, ਸਿਗਰੇਟ, ਸਰਾਬ ਅਤੇ ਤੰਬਾਕੂ ਦੀ ਵਰਤੋਂ ਤੋਂ ਪ੍ਰਹੇਜ ਕਰਨਾ ਚਾਹੀਦਾ ਹੈ ਅਤੇ ਸਮੇਂ ਸਿਰ ਆਪਣੀ ਸਿਹਤ ਦੀ ਜਾਂਚ ਕਰਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਬਿਮਾਰੀ ਤੋਂ ਪਹਿਲਾਂ ਹੀ ਬਚਿਆ ਜਾ ਸਕੇ।
Author: DISHA DARPAN
Journalism is all about headlines and deadlines.