ਜੀਵਨ ਵਿੱਚ ਸਫ਼ਲਤਾ ਦਾ ਕਾਰਗਰ ਮੰਤਰ ਹੈ, ‘ਹਿੰਮਤ’। ਹਿੰਮਤੀ ਮਨੁੱਖ ਮਿਹਨਤ ਰੂਪੀ ਕੁੰਜੀ ਦੇ ਨਾਲ਼ ਜ਼ਿੰਦਗੀ ਦੇ ਜੰਗਾਲੇ ਹੋਏ ਜਿੰਦਰਿਆਂ ਨੂੰ ਬਿਨਾਂ ਤੇਲ ਦਿੱਤਿਆਂ ਖੋਲ੍ਹ ਕੇ ਭਵਿੱਖ ਰੂਪੀ ਦਰਵਾਜ਼ਾ ਖੋਲ੍ਹਦਾ ਹੈ।ਹਿੰਮਤ ਅਕਸਰ ਹੀ ਟੁੱਟੇ ਤੇ ਥੱਕੇ,ਜੀਵਨ ਤੋਂ ਅੱਕੇ ,ਹੰਭੇ-ਹਾਰਿਆਂ,ਕਰਮਾਂ ਮਾਰਿਆਂ, ਬੇ ਆਸ,ਨਿਰਾਸ਼,ਉਦਾਸ ਤੇ ਮਾਨਵੀ ਜੀਵਨ ਨੂੰ ਬਕਬਕਾ ਤੇ ਨੀਰਸ ਸਮਝਣ ਵਾਲ਼ੇ ਲੋਕਾਂ ਨੂੰ ਮੁੱਖ ਧਾਰਾ ‘ਚ ਲਿਆਉਣ ਲਈ ਸੰਜੀਵਨੀ ਬੂਟੀ ਹੋ ਨਿੱਬੜਦੀ ਹੈ।ਹਿੰਮਤਹੀਣ ਮਨੁੱਖ ਨੂੰ ਆਲਸ,ਸੁਸਤੀ ਤੇ ਘੌਲ਼ ਅਮਰਵੇਲ ਦੀ ਤਰ੍ਹਾਂ ਆਪਣੀ ਲਪੇਟ ‘ਚ ਲੈ ਕੇ ਉਸ ਦੀ ਹੋਂਦ ਲਈ ਖ਼ਤਰੇ ਦਾ ਸਬੱਬ ਬਣ ਜਾਂਦੀਆਂ ਹਨ।ਪਰ ਇਸ ਦੇ ਵਿਪਰੀਤ ਹਿੰਮਤ ਦਾ ਪੱਲਾ ਪਕੜਨ ਵਾਲ਼ੇ ਅਗਾਂਹਵਧੂ ਲੋਕ ਜੀਵਨ ਦੀਆਂ ਕਠਿਨਾਈਆਂ,ਪਰਬਤਾਂ ਦੀਆਂ ਉਚਾਈਆਂ,ਸਮੁੰਦਰ ਦੀਆਂ ਗਹਿਰਾਈਆਂ,ਤਪਦੇ ਥਲ ਤੇ ਵਗਦੇ ਜਲ ਨੂੰ ਸਹਿਜਤਾ,ਸਰਲਤਾ ਅਤੇ ਸੰਜਮਤਾ ਨਾਲ਼ ਪਾਰ ਕਰਨ ਦੀ ਅਥਾਹ ਸਮਰੱਥਾ ਰੱਖਦੇ ਹਨ।ਹਿੰਮਤ ਦੇ ਸਹਾਰੇ ਭਿਆਨਕ ਜੰਗਲ-ਬੇਲੇ ਬੇਖ਼ੌਫ਼ ਹੋ ਕੇ ਗਾਹੇ ਜਾ ਸਕਦੇ ਹਨ ਤੇ ਦੂਰ ਦਿਸਦੇ ਚੰਨ ਦੀ ਯਾਤਰਾ ਕੀਤੀ ਜਾ ਸਕਦੀ ਹੈ।ਹਿੰਮਤੀ ਬੰਦੇ ਦੀ ਪਹੁੰਚ ਪਤਾਲ ਤੋਂ ਲੈ ਕੇ ਆਕਾਸ਼ ਤੱਕ ਹੁੰਦੀ ਹੈ।ਹਿੰਮਤ ਨਾਲ਼ ਇਨਸਾਨ ਦੇ ਆਤਮ ਵਿਸ਼ਵਾਸ ਦੇ ਖੰਭ ਉੱਗ ਆਉਂਦੇ ਹਨ, ਜਿਸ ਨਾਲ਼ ਲੰਮੀਆਂ-ਲੰਮੀਆਂ ਉਡਾਨਾਂ ਭਰਨੀਆਂ ਆਸਾਨ ਹੋ ਜਾਂਦੀਆਂ ਹਨ।
ਹਿੰਮਤ ਕਰੇ ਮਨੁੱਖ ਜੇ ਤਾਂ ਜਾ ਛੂਹੇ ਆਸਮਾਨ।
ਹਿੰਮਤ ਦੇ ਧਾਰਨੀ ਬਰਬਾਦ ਹੋ ਕੇ ਵੀ ਆਬਾਦ ਹੋ ਜਾਂਦੇ ਹਨ ਪਰ ਹਿੰਮਤਹੀਣ ਵਿਅਕਤੀ ਬਰਬਾਦ ਹੋ ਕੇ ਅਜਿਹਾ ਢਹਿ-ਢੇਰੀ ਹੁੰਦਾ ਹੈ ਕਿ ਉਹ ਕਦੇ ਮੁੜ ਉਸਰ ਨਹੀਂ ਸਕਦਾ।ਕਰਮਹੀਣ,ਦਿਸ਼ਾਹੀਣ,ਕੰਮਚੋਰ ਤੇ ਆਰਾਮਖੋਰ ਲੋਕ ਆਪਣੇ ਮਨੋਰਥ ਦੀ ਪ੍ਰਾਪਤੀ ਲਈ ਅਰਦਾਸਾਂ ਤਾਂ ਬਹੁਤ ਕਰਦੇ ਹਨ ਪਰ ਕੰਮ ਨਹੀਂ ਕਰਦੇ।ਪਰਮਾਤਮਾ ਵੀ ਅਕਸਰ ਹਿੰਮਤੀ ਬੰਦਿਆਂ ਦੀ ਮੱਦਦ ਕਰਦਾ ਹੈ:-
ਹਿੰਮਤ ਏ ਮਰਦਾ ,ਮਦਦ ਏ ਖ਼ੁਦਾ।
ਹਿੰਮਤ ਨਾਲ਼ ਅਸੰਭਵ ਨੂੰ ਸੰਭਵ,ਅਸਫ਼ਲਤਾ ਨੂੰ ਸਫ਼ਲਤਾ,ਨਿਰਾਸ਼ਾ ਨੂੰ ਆਸ਼ਾ,ਨੁਕਸਾਨ ਨੂੰ ਨਫ਼ੇ,ਢਹਿੰਦੀਕਲਾ ਨੂੰ ਚੜ੍ਹਦੀਕਲਾ ਤੇ ਬੀਮਾਰੀ ਨੂੰ ਤੰਦਰੁਸਤੀ ‘ਚ ਮੁਫ਼ਤੋ-ਮੁਫ਼ਤੀ ਤਬਦੀਲ ਕੀਤਾ ਜਾ ਸਕਦਾ ਹੈ।ਜਿੱਥੇ ਹਿੰਮਤ ਦੀ ਗੈਰ-ਹਾਜ਼ਰੀ ਪ੍ਰਗਤੀ ਦੇ ਸਾਰੇ ਰਾਹ ਬੰਦ ਕਰ ਦਿੰਦੀ ਹੈ,ੳੁੱਥੇ ਹਿੰਮਤ ਦੀ ਹਾਜ਼ਰੀ-ਹਜ਼ੂਰੀ ‘ਚ ਤਬਾਹਕੁੰਨ ਤੂਫ਼ਾਨ,ਵਿਕਰਾਲ ਸਮੁੰਦਰੀ ਲਹਿਰਾਂ ਤੇ ਦਿਲ ਦਹਿਲਾ ਦੇਣ ਵਾਲ਼ੇ ਭੁਚਾਲ ਵੀ ਸ਼ਾਂਤ ਹੋ ਜਾਂਦੇ ਹਨ।ਹਿੰਮਤ ਦੀ ਮਹੱਤਤਾ ਨੂੰ ਦਰਸਾਉਂਦੀਆਂ ਤੇ ਦ੍ਰਿੜਾਉਂਦੀਆਂ ਸਤਰਾਂ ਦਾ ਨਮੂਨਾ ਤੁਹਾਡੀ ਨਜ਼ਰ:
ਔਖੇ ਸੌਖੇ ਹਰ ਮੁਸ਼ਕਿਲ ਨੂੰ ਸਹਿ ਜਾਣਾ ਹੈ ਇਹਨਾਂ ਨੇ।
ਸਮਝੋ ਨਾ ਕੱਚੀ ਕੰਧ ਵਾਂਗੂੰ ਢਹਿ ਜਾਣਾ ਹੈ ਇਹਨਾਂ ਨੇ।
ਅੜੀਅਲ ਤੂਫ਼ਾਨਾਂ ਨੂੰ ਆਪਣਾ ਰੁਖ਼ ਬਦਲਣਾ ਪੈਣਾ ਹੈ,
ਰਸਤੇ ਵਿੱਚ ਜਦ ਸਿਦਕ ਧਾਰ ਕੇ ਬਹਿ ਜਾਣਾ ਹੈ ਇਹਨਾਂ ਨੇ।
ਹਿੰਮਤ ਨਾਲ਼ ਸ਼੍ਰੀ ਨਰਿੰਦਰ ਮੋਦੀ ਜੀ ਚਾਹ ਦੀ ਦੁਕਾਨ ਤੋਂ ਭਾਰਤ ਦੇ ਪ੍ਰਧਾਨ ਮੰਤਰੀ ਦੇ ਪਦ ਤੱਕ ਪੁੱਜੇ ਹਨ।ਡਾ: ਰਾਧਾ ਕ੍ਰਿਸ਼ਨਨ ਨੇ ਵਿੱਦਿਅਕ ਅਦਾਰੇ ਤੋਂ ਰਾਸ਼ਟਰਪਤੀ ਭਵਨ ਤੱਕ ਦਾ ਸਫ਼ਰ ਤਹਿ ਕੀਤਾ ਹੈ।ਨੀਲ ਆਰਮ ਸਟ੍ਰਾਂਗ ਨੇ ਦੂਰ-ਦਰੇਡੇ ਚੰਨ ‘ਤੇ ਆਪਣੀਆਂ ਅਮਿੱਟ ਪੈੜਾਂ ਦੇ ਨਿਸ਼ਾਨ ਛੱਡੇ ਹਨ।ਕਲਪਨਾ ਚਾਵਲਾ ਨੇ ਆਸਮਾਨ ‘ਚ ੳੁੱਚੀਆਂ ਉਡਾਰੀਆਂ ਭਰੀਆਂ ਹਨ।ਤੇਨਜਿੰਗ ਨੇ 8848 ਮੀਟਰ ੳੁੱਚੀ ਤੇ ਵਿਸ਼ਵ ਪ੍ਰਸਿੱਧ ਚੋਟੀ ‘ਮਾਉਂਟ ਐਵਰਸਟ’ ਨੂੰ ਸਰ ਕੀਤਾ ਹੈ।ਹਿੰਮਤ ਮਨੁੱਖ ਨੂੰ ਹੁਨਰ,ਕਲਾ,ਅਭਿਆਸ,ਜਾਚ,ਤਜਰਬਾ,ਸਿਖਲਾਈ,ਅਨੁਭਵ,ਮੁਹਾਰਤ ਅਤੇ ਗਤੀ ਬਖਸ਼ਣ ਦੇ ਨਾਲ਼-ਨਾਲ਼ ਔਖੇ ਤੋਂ ਔਖੇ ਅਤੇ ਪ੍ਰਤੀਕੂਲ ਹਾਲਾਤਾਂ ਨਾਲ਼ ਜੂਝਣ ਤੇ ਸਿੱਝਣ ਦੇ ਸਮਰੱਥ ਤੇ ਪ੍ਰਪੱਕ ਬਣਾਉਂਦੀ ਹੈ।ਹਿੰਮਤੀ ਮਨੁੱਖ ਦੂਸਰਿਆਂ ਲਈ ਪ੍ਰੇਰਨਾ ਸ੍ਰੋਤ ਅਤੇ ਰਾਹ ਦਸੇਰਾ ਬਣਦਾ ਹੈ। ਹਿੰਮਤ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਰਾਹ ਪੱਧਰਾ ਕਰਨ ਦੀ ਅਹਿਮ ਭੁਮਿਕਾ ਅਦਾ ਕਰਦੀ ਹੈ।ਮਨੁੱਖ ਦੇ ਮੁਕਾਬਲੇ ਪਸ਼ੂ-ਪੰਛੀ,ਜੀਵ-ਜੰਤੂ ਤੇ ਕੀਟ-ਪਤੰਗੇ ਵੱਧ ਹਿੰਮਤੀ,ਸਿਰੜੀ ਤੇ ਮਿਹਨਤਕਸ਼ ਹੁੰਦੇ ਹਨ।ਹਿੰਮਤੀ ਮਨੁੱਖ ਕੋਲ ਅਨੇਕਾਂ ਰੁਝੇਵੇਂ ਹੋਣ ਦੇ ਬਾਵਜੂਦ ਵੀ ਵਿਹਲ ਹੁੰਦੀ ਹੈ ਪਰ ਹਿੰਮਤ ਤੋਂ ਸੱਖਣੇ ਸੱਜਣ ਵਿਹਲੇ ਹੋਣ ਦੀ ਸੂਰਤ ‘ਚ ਵੀ ਆਖਦੇ ਹਨ “ਸਾਡੇ ਕੋਲ ਸਮਾਂ ਨਹੀਂ।” ਹਿੰਮਤੀ ਹੋਣ ਕਾਰਨ ਪੱਛਮੀ ਮੁਲਕਾਂ ਨੇ ਬੇਅੰਤ ਆਰਥਿਕ ਤਰੱਕੀ ਕੀਤੀ ਹੈ।ਜੇਕਰ ਭਾਰਤ ਦੇ ਹਿੰਮਤੀ ਦੇਸ਼- ਭਗਤ ਆਜ਼ਾਦੀ ਲਈ ਹਿੰਮਤ ਨਾ ਕਰਦੇ ਤਾਂ ਭਾਰਤ ਨੇ ਸਾਰੀ ਉਮਰ ਗ਼ੁਲਾਮੀ ਦੀ ਦਲਦਲ ‘ਚ ਖੁੱਭੇ ਰਹਿਣਾ ਸੀ।ਹਿੰਮਤ ਅਜਿਹਾ ਸਰਮਾਇਆ ਹੈ, ਜਿਸ ਨਾਲ਼ ਮਾਇਆ ਦੀ ਕਮੀ ਨਹੀਂ ਰਹਿੰਦੀ।
ਹਿੰਮਤ ਅੱਗੇ ਲੱਛਮੀ,ਪੱਖੇ ਅੱਗੇ ਪੌਣ।
ਸੋ ਆਓ, ਇਸ ਬਹੁਮੱਲੇ ਜੀਵਨ ਦੀ ਦਸ਼ਾ ਤੇ ਦਿਸ਼ਾ ਨਿਖਾਰਨ ਅਤੇ ਸੁਧਾਰਨ ਲਈ ਅਤੇ ਸਾਰਥਕ ਜੀਵਨ ਉਦੇਸ਼ ਦੀ ਪ੍ਰਾਪਤੀ ਲਈ ਹਿੰਮਤ ਨੂੰ ਆਪਣੀ ਆਦਤ ਤੇ ਜੀਵਨ ਸ਼ੈਲੀ ਦਾ ਅੁਟੱਟ ਅੰਗ ਬਣਾਈਏ।
ਹਿੰਮਤ ਨਾਲ਼ ਭਰੀ ਜਾਂਦੀ ਹੈ ਉਡਾਨ।
ਇਹ ਹਰ ਕਾਰਜ ਨੂੰ ਕਰੇ ਆਸਾਨ।
ਲੈਕਚਰਾਰ ਤਰਸੇਮ ਸਿੰਘ ਬੁੱਟਰ
ਪਸਸਬ ਆਦਰਸ਼ ਸੀਨੀਅਰ ਸੈਕੰਡਰੀ ਸਕੂਲ ਭਾਗੂ (ਸ੍ਰੀ ਮੁਕਤਸਰ ਸਾਹਿਬ)
ਸੰਪਰਕ 81465-82152
Author: DISHA DARPAN
Journalism is all about headlines and deadlines.