ਨਾਅਰੇਬਾਜ਼ੀ ਕਰਦੇ ਹੋਏ ਕਿਸਾਨ
ਬਠਿੰਡਾ,27 ਮਈ(ਬਿਊਰੋ)ਸਬ-ਤਹਿਸੀਲ ਸੰਗਤ ਅਧੀਨ ਪੈਂਦੇ ਕਈ ਪਿੰਡਾਂ ਦੇ ਕਿਸਾਨਾਂ ਦੇ ਖ਼ਰਾਬ ਹੋਏ ਨਰਮੇ ਦੀ ਫ਼ਸਲ ਦਾ ਲੰਬੇ ਸਮੇਂ ਤੋਂ ਲਟਕਿਆ ਮੁਆਵਜ਼ਾ ਲੈਣ ਲਈ ਹੋ ਰਹੀ ਖੱਜਲ-ਖੁਆਰੀ ਕਾਰਨ ਨਰਮ ਤੇ ਸ਼ਾਂਤ ਸੁਭਾਅ ਦੇ ਵਿਅਕਤੀਆਂ ਵਿੱਚ ਤਲਖ਼ੀ ਨਜ਼ਰ ਆਈ।ਉਨ੍ਹਾਂ ਸਬੰਧਿਤ ਅਧਿਕਾਰੀਆਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਆਪਣੀ ਭੜਾਸ ਕੱਢੀ।ਕਿਸਾਨਾਂ ਨੇ ਦੁਖੀ ਮਨ ਨਾਲ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਮੁਆਵਜ਼ਾ ਲੈਣ ਲਈ ਲੇਲ੍ਹੜੀਆਂ ਕੱਢਦੇ ਫ਼ਿਰ ਰਹੇ ਹਨ ਪਰ ਉਨ੍ਹਾਂ ਨੂੰ ਅੱਜ-ਸਵੇਰ ਕਰਕੇ ਰੋਜ਼ਾਨਾ ਆਪਣੇ ਬੀਜ-ਬੀਜਾਈ ਦੇ ਕੰਮ ਛੱਡ ਕੇ ਗੇੜਾ ਲਗਾਉਣਾ ਪੈ ਰਿਹਾ ਹੈ ਪਰ ਇਸ ਮਸਲੇ ਦਾ ਕੋਈ ਹੱਲ ਨਹੀਂ ਹੋ ਰਿਹਾ।ਇਸ ਦੇ ਨਾਲ ਹੀ ਕਿਸਾਨਾਂ ਨੇ ਪਟਵਾਰੀ ਉੱਪਰ ਨਰਮੇ ਦੀ ਜਗ੍ਹਾ ਕਈ ਝੋਨੇ ਵਾਲ਼ੇ ਕਿਸਾਨਾਂ ਨੂੰ ਪੈਸੇ ਪਾਉਣ ਦੇ ਵੀ ਅਰੋਪ ਲਗਾਏ।ਅੰਤ ਕਿਸਾਨਾਂ ਨੇ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਦੋ-ਚਾਰ ਦਿਨਾਂ ‘ਚ ਉਨ੍ਹਾਂ ਨੂੰ ਮੁਆਵਜ਼ੇ ਦੇ ਪੈਸੇ ਨਾ ਮਿਲੇ ਤਾਂ ਉਹ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।ਇਸ ਮੌਕੇ ਬਲਕਰਨ ਸਿੰਘ,ਜਗਰਾਜ ਸਿੰਘ,ਜਗਦੇਵ ਸਿੰਘ,ਲਵਜੀਤ ਸਿੰਘ,ਸੁਖਦੇਵ ਸਿੰਘ,ਕੌਰ ਸਿੰਘ,ਸੁਖਵੀਰ ਸਿੰਘ,ਬਚਨ ਸਿੰਘ,ਸੁਖਪਾਲ ਸਿੰਘ,ਤੇਜ ਸਿੰਘ ਆਦਿ ਸਮੇਤ ਕਈ ਹੋਰ ਕਿਸਾਨ ਹਾਜ਼ਰ ਸਨ।
ਕੀ ਕਹਿੰਦੇ ਹਨ ਸਬ-ਤਹਿਸੀਲ ਸੰਗਤ ਦੇ ਨਾਇਬ ਤਹਿਸੀਲਦਾਰ?
ਇਸ ਸਬੰਧੀ ਜਦ ਸਬ-ਤਹਿਸੀਲ ਸੰਗਤ ਦੇ ਨਾਇਬ ਤਹਿਸੀਲਦਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਪੱਸ਼ਟ ਕਰਦਿਆਂ ਦੱਸਿਆ ਕਿ ਸਬ ਤਹਿਸੀਲ ਸੰਗਤ ਵਿੱਚ ਸੰਤਾਲੀ ਕਰੋੜ ਰੁਪਏ ਖ਼ਰਾਬ ਨਰਮੇ ਦੀ ਮੁਆਵਜ਼ਾ ਰਾਸ਼ੀ ਆਈ ਸੀ ਜਿਸ ਵਿੱਚੋਂ ਸਾਢੇ ਪੰਤਾਲੀ ਕਰੋੜ ਰੁਪਏ ਕਿਸਾਨਾਂ ਵੰਡੇ ਜਾ ਚੁੱਕੇ ਹਨ ਅਤੇ ਡੇਢ ਕਰੋੜ ਰੁਪਏ ਦੀ ਰਾਸ਼ੀ ਬਚੀ ਹੈ ਜਿਸ ਨੂੰ ਵੰਡਣ ਦੀ ਪ੍ਰਕਿਰਿਆ ਜ਼ਾਰੀ ਹੈ ਅਤੇ ਇਹ ਰਾਸ਼ੀ ਥੋੜ੍ਹੇ ਦਿਨਾਂ ਵਿੱਚ ਹੀ ਕਿਸਾਨਾਂ ਦੇ ਖ਼ਾਤਿਆਂ ਵਿੱਚ ਪਾ ਦਿੱਤੀ ਜਾਵੇਗੀ।ਝੋਨੇ ਵਾਲ਼ੇ ਕਿਸਾਨਾਂ ਨੂੰ ਪੈਸੇ ਪਾਉਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਝੋਨੇ ਵਾਲ਼ੇ ਕਿਸੇ ਵੀ ਕਿਸਾਨ ਨੂੰ ਪੈਸੇ ਨਹੀਂ ਪਾਏ ਗਏ ਬਲਕਿ ਕਈ ਕਿਸਾਨਾਂ/ਭਰਾਵਾਂ ਦੀਆਂ ਗਿਰਦਾਵਰੀਆਂ ਸਾਂਝੀਆਂ ਹੋਣ ਕਾਰਨ ਇਸ ਤਰ੍ਹਾਂ ਦੀਆਂ ਗੱਲਾਂ ਸੁਣਨ ਵਿੱਚ ਆ ਰਹੀਆਂ ਹਨ।ਅੱਗੇ ਪਟਵਾਰੀਆਂ ਦੇ ਆਪਣੀਆਂ ਸੀਟਾਂ ‘ਤੇ ਮੌਜੂਦ ਨਾ ਹੋਣ ਦੇ ਸਵਾਲ ‘ਤੇ ਉਨ੍ਹਾਂ ਕਿਹਾ ਕਿ ਸਬ-ਤਹਿਸੀਲ ਸੰਗਤ ਵਿੱਚ ਕੁੱਲ ਗਿਆਰਾਂ ਪਟਵਾਰ ਸਰਕਲਾਂ ਦੀਆਂ ਪੋਸਟਾਂ ਵਿੱਚੋਂ ਸਿਰਫ਼ ਚਾਰ ਪੱਕੇ ਤੌਰ ‘ਤੇ ਮੌਜੂਦ ਹਨ ਇਸ ਲਈ ਇਹ ਸਮੱਸਿਆ ਆ ਰਹੀ ਹੈ।
ਪਟਵਾਰੀ ਦੀ ਉਡੀਕ ਕਰਦੇ ਹੋਏ ਵਿਅਕਤੀ
ਖ਼ਾਲੀ ਪਈਆਂ ਕੁਰਸੀਆਂ
ਪ੍ਰੰਤੂ ਇੱਥੇ ਜ਼ਿਕਰਯੋਗ ਹੈ ਕਿ ਵੱਡੀ ਗਿਣਤੀ ਵਿੱਚ ਲੋਕ ਖਾਲੀ ਕੁਰਸੀਆਂ ਸੰਗ ਬੈਠੇ ਵੱਖ-ਵੱਖ ਪਟਵਾਰੀਆਂ ਦੀ ਉਡੀਕ ਕਰਦੇ ਨਜ਼ਰ ਆਏ ਪ੍ਰੰਤੂ ਦੁਪਹਿਰ ਹੋ ਜਾਣ ਤੱਕ ਹੋਰਾਂ ਤੋਂ ਛੁੱਟ ਪਟਵਾਰ ਸਰਕਲ ਦੀਆਂ ਪੱਕੀਆਂ ਪੋਸਟਾਂ ਦੇ ਪਟਵਾਰੀ ਵੀ ਕਿਧਰੇ ਨਜ਼ਰ ਨਹੀਂ ਆਏ।
ਆਪਣਾ ਮੋਢਾ ਅੱਗੇ ਆਉਂਦਾ ਵੇਖ ਕਈ ਖਿਸਕੇ
ਦੂਜਿਆਂ ਦੇ ਮੋਢੇ ‘ਤੇ ਰੱਖ ਕੇ ਚਲਾਉਣ ਦੀ ਨੀਅਤ ਨਾਲ ਆਏ ਕੁਝ ਆਪਣਾ ਮੋਢਾ ਅੱਗੇ ਹੁੰਦਾ ਵੇਖ ਆਨੇ-ਬਹਾਨੇ ਲਾ ਕੇ ਖਿਸਕ ਗਏ।ਇਸ ਤੋਂ ਮਾਲ ਵਿਭਾਗ ਦਾ ਆਮ ਲੋਕਾਂ ‘ਤੇ ਦਬਾਅ ਜਾਂ ਕਿਸੇ ਨੁਕਸਾਨ ਦੇ ਡਰ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਕਿ ਉਹ ਵਿਭਾਗ ਦੇ ਮੁਲਾਜ਼ਮਾਂ ਨਾਲ ਵਿਗਾੜ ਪਾਉਣ ਦੀ ਬਜਾਏ ਓਹਲ਼ੇ ਹੋਣਾ ਠੀਕ ਸਮਝਦੇ ਹਨ ਅਤੇ ਇਸ ਤਰ੍ਹਾਂ ਕਈ ਮੇਲ-ਮਿਲਾਪ ਵਧਾਉਣ ਗਰਮ-ਠੰਡੇ ਨਾਲ ਮਾਣ-ਤਾਣ ਕਰਦੇ ਨਜ਼ਰ ਆਉਂਦੇ ਹਨ ਜੋ ਕਿ ਹੋਰਾਂ ਲਈ ਮੁਲਾਜ਼ਮਾਂ ਦਾ ਕੁਰੱਖ਼ਤ ਭਰਿਆ ਵਤੀਰਾ ਪੈਦਾ ਕਰਨ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ।
Author: DISHA DARPAN
Journalism is all about headlines and deadlines.