ਬਠਿੰਡਾ, 23 ਮਈ (ਗੁਰਪ੍ਰੀਤ ਚਹਿਲ)
ਬਠਿੰਡਾ ਦੇ ਸ੍ਰੀ ਦਵਿੰਦਰ ਸਿੰਗਲਾ ਅਤੇ ਨੀਲਮ ਰਾਣੀ ਦੀ ਲਾਡਲੀ ਧੀ ਸ਼੍ਰੇਆ ਸਿੰਗਲਾ ਅੱਜ ਪੂਰੇ ਬਠਿੰਡੇ ਦੀ ਧੀ ਬਣ ਗਈ ਹੈ ਜਿਸਤੇ ਸਿਰਫ ਬਠਿੰਡਾ ਹੀ ਨਹੀਂ ਸਗੋਂ ਪੂਰਾ ਦੇਸ਼ ਮਾਣ ਕਰ ਰਿਹਾ ਹੈ। ਖ਼ਾਸ ਜਿਕਰਯੋਗ ਹੈ ਕਿ ਸਿਰਫ ਅਠਾਰਾਂ ਸਾਲ ਦੀ ਛੋਟੀ ਜਿਹੀ ਉਮਰ ਵਿੱਚ ਇਸ ਬੇਟੀ ਨੇ ਆਪਣੀ ਸਖ਼ਤ ਮਿਹਨਤ ਅਤੇ ਲਗਨ ਦੇ ਕਾਰਨ ਪਿਛਲੇ ਦਿਨੀਂ ਬ੍ਰਾਜੀਲ ਵਿਖੇ ਹੋਈਆਂ ਡੈਫ਼ ਓਲੰਪਿਕ ਬੈਡਮਿੰਟਨ ਖੇਡਾਂ ਵਿੱਚ ਸੋਨ ਤਗਮਾ ਜਿੱਤ ਜਿੱਥੇ ਆਪਣੇ ਮਾਪਿਆਂ ਦਾ ਸਿਰ ਮਾਣ ਨਾਲ ਉੱਚਾ ਕੀਤਾ ਹੈ ਉੱਥੇ ਅਜਿਹੇ ਲੋਕਾਂ ਦੇ ਮੂੰਹ ਤੇ ਕਰਾਰੀ ਚਪੇੜ ਵੀ ਮਾਰੀ ਹੈ ਜਿਹੜੇ ਧੀਆਂ ਨੂੰ ਬੋਝ ਸਮਝ ਕੁੱਖ ਵਿੱਚ ਕਤਲ ਕਰਵਾ ਆਪਣੀ ਜਿੰਮੇਵਾਰੀ ਤੋਂ ਭਜਦੇ ਹਨ।
ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਸ਼੍ਰੇਆ ਨੇ ਕਰੀਬ ਅੱਠ ਸਾਲ ਆਪਣੀ ਭੁੱਖ ਤੇਹ ਤਿਆਗ ਆਪਣੀ ਖੇਡ ਉੱਤੇ ਪੂਰੀ ਲਗਨ ਨਾਲ ਮਿਹਨਤ ਕੀਤੀ ਜਿਸ ਵਿੱਚ ਉਸਦੇ ਮਾਂ ਬਾਪ ਦੇ ਨਾਲ ਨਾਲ ਉਸਦੇ ਚਾਚਾ ਜੀ ਸ੍ਰੀ ਕੁਲਦੀਪ ਸਿੰਗਲਾ ਉਰਫ ਬੌਬੀ ਸਿੰਗਲਾ ਨੇ ਪੂਰਾ ਸਾਥ ਦਿੱਤਾ। ਸੰਨ 2019 ਵਿੱਚ ਕੋਚ ਦੀਪਕ ਕੁਮਾਰ ਸੂਰਿਆਵੰਸ਼ੀ ਨੇ ਉਸਦੀ ਖੇਡ ਨਾਲ ਸਬੰਧਤ ਕੁੱਝ ਬਰੀਕੀ ਨੁਸਖ਼ੇ ਦੱਸੇ ਜੋ ਉਸ ਲਈ ਕਾਫੀ ਫਾਇਦੇਮੰਦ ਸਾਬਿਤ ਹੋਏ। ਆਖਿਰ ਇਸ ਬੱਚੀ ਦੀ ਕੀਤੀ ਮਿਹਨਤ ਨੂੰ ਅੱਜ ਫਲ ਲੱਗਿਆ ਹੈ।
ਗੋਲਡ ਮੈਡਲ ਜਿੱਤ ਬਠਿੰਡਾ ਪਹੁੰਚੀ ਇਸ ਬੱਚੀ ਨੂੰ ਸ਼ਹਿਰ ਵਾਸੀਆਂ ਵੱਲੋਂ ਆਪਣੀਆਂ ਪਲਕਾਂ ਤੇ ਬਿਠਾ ਅਤੇ ਉਸਦਾ ਬਣਦਾ ਮਾਣ ਦੇ ਉਸਦੀ ਹੌਂਸਲਾ ਅਫਜ਼ਾਈ ਕੀਤੀ। ਅੱਜ ਬਠਿੰਡਾ ਦੇ ਆਰੀਆ ਸਮਾਜ ਚੌਂਕ ਤੋਂ ਸ਼ੁਰੂ ਹੋ ਵੱਖ ਵੱਖ ਬਾਜ਼ਾਰਾਂ ਚੋਂ ਹੁੰਦਾ ਹੋਇਆਪੂਜਾਂ ਵਾਲ਼ਾ ਮੁਹੱਲਾ ਤੱਕ ਇਸ ਬਠਿੰਡੇ ਦੀ ਧੀ ਦੇ ਸਨਮਾਨ ਵਿੱਚ ਇੱਕ ਸਨਮਾਨ ਯਾਤਰਾ ਕੱਢੀ ਗਈ ਜਿਸਦਾ ਆਯੋਜਨ ਆਸਰਾ ਵੈਲਫੇਅਰ ਸੁਸਾਇਟੀ ਵੱਲੋਂ ਕੀਤਾ ਗਿਆ, ਇਸ ਦੌਰਾਨ ਗੱਡੀ ਤੇ ਸਵਾਰ ਸ਼੍ਰੇਆ ਉੱਤੇ ਸ਼ਹਿਰ ਵਾਸੀਆਂ ਵੱਲੋਂ ਥਾਂ ਥਾਂ ਫੁੱਲਾਂ ਦੀ ਵਰਖਾ ਕੀਤੀ ਗਈ। ਗੱਡੀ ਵਿੱਚ ਸਵਾਰ ਉਕਤ ਬੱਚੀ ਸਮੇਤ ਉਸਦਾ ਪਿਤਾ ਦਵਿੰਦਰ ਸਿੰਗਲਾ, ਸੀਨੀਅਰ ਪੱਤਰਕਾਰ ਸ੍ਰ ਮਨਜੀਤਇੰਦਰ ਸਿੰਘ ਬਰਾੜ ਅਤੇ ਆਸਰਾ ਵੈਲਫ਼ੇਅਰ ਸੁਸਾਇਟੀ ਦੇ ਸੰਸਥਾਪਕ ਸ੍ਰੀ ਰਮੇਸ਼ ਮਹਿਤਾ ਨੇ ਲੋਕਾਂ ਦਾ ਅਭਿਵਾਦਨ ਸਵੀਕਾਰ ਕੀਤਾ।ਦੱਸ ਦੇਈਏ ਕਿ ਆਸਰਾ ਵੈਲਫ਼ੇਅਰ ਸੁਸਾਇਟੀ ਵੱਲੋਂ ਪੂਜਾਂ ਵਾਲ਼ਾ ਮੁਹੱਲਾ ਸਥਿਤ ਬਣੇ ਆਂਗਣਵਾੜੀ ਸੈਂਟਰ ਦਾ ਨਵੀਨੀਕਰਨ ਕਰਵਾਇਆ ਜਾ ਰਿਹਾ ਹੈ ਜਿਸ ਤਹਿਤ ਇਸ ਵਿੱਚ ਨਵੀਆਂ ਟਾਇਲਾਂ ਲਗਾਉਣ, ਨਵੇਂ ਪੱਖੇ, ਨਵਾਂ ਫਰਨੀਚਰ ਪ੍ਰਦਾਨ ਕਰਨ ਸਮੇਤ ਨਵੀਆਂ ਐੱਲ ਈ ਡੀ ਅਤੇ ਖਿਡੌਣੇ ਆਦਿ ਦਿੱਤੇ ਗਏ।ਇਸ ਨਵੀਨੀਕਰਣ ਦਾ ਉਦਘਾਟਨ ਓਲੰਪਿਕ ਗੋਲਡ ਮੈਡਲਿਸਟ ਸ਼੍ਰੇਆ ਸਿੰਗਲਾ ਨੇ ਪਹਿਲੀ ਟਾਈਲ਼ ਰੱਖ ਕੇ ਕੀਤਾ।ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਡਮ ਸ਼ਾਰਦਾ ਚੋਪੜਾ, ਸੜਕੀ ਨਿਯਮਾਂ ਅਤੇ ਚਿੰਨਾ ਦੇ ਏਜੁਕੇਟਰ ਏ ਐੱਸ ਆਈ ਹਾਕਮ ਸਿੰਘ,ਸੀ ਡੀ ਪੀ ਓ ਬਠਿੰਡਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਂਗੜਵਾੜੀ ਵਰਕਰਾਂ ਹਾਜ਼ਰ ਸਨ।
Author: DISHA DARPAN
Journalism is all about headlines and deadlines.