ਸੰਗਤ ਮੰਡੀ,30 ਮਈ(ਪੱਤਰ ਪ੍ਰੇਰਕ)ਅੱਜ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਵਿਖੇ ਪੰਜਾਬ ਸਟੂਡੈਂਟਸ ਯੂਨੀਅਨ ਸ਼ਹੀਦ ਰੰਧਾਵਾ ਵੱਲੋਂ ਪਾਣੀ ਦੀ ਸਮੱਸਿਆਂ ਦੇ ਸਬੰਧ ਵਿੱਚ ਰੈਲੀ ਕੀਤੀ ਗਈ ਜਿਸ ਵਿੱਚ ਕਾਲਜ ਦੇ ਪ੍ਰਿੰਸੀਪਲ ਅਤੇ ਅਧਿਆਪਕ ਸ਼ਾਮਲ ਹੋਏ।ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਸਟੂਡੈਂਟਸ ਯੂਨੀਅਨ (ਸ਼ਹੀਦ ਰੰਧਾਵਾ), ਕਾਲਜ ਘੁੱਦਾ ਕਮੇਟੀ ਦੇ ਜਨਰਲ ਸਕੱਤਰ ਗੁਰਵਿੰਦਰ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਨੂੰ ਕਾਲਜ ਵਿੱਚ ਪਾਣੀ ਦੀ ਸਮੱਸਿਆਂ ਲੰਮੇ ਸਮੇਂ ਤੋਂ ਚੱਲੀ ਆ ਰਹੀ ਹੈ ਜਿਸ ਕਰਕੇ ਵਿਦਿਆਰਥੀ ਧਰਤੀ ਹੇਠਲਾ ਪਾਣੀ ਪੀਣ ਲਈ ਮਜ਼ਬੂਰ ਅਤੇ ਬਾਥਰੂਮਾਂ ਵਿੱਚ ਵੀ ਪਾਣੀ ਦੀ ਸਪਲਾਈ ਕਦੇ-ਕਦੇ ਹੀ ਦੇਖਣ ਨੂੰ ਮਿਲਦੀ ਹੈ। ਵਿਦਿਆਰਥੀ ਜਥੇਬੰਦੀ ਵੱਲੋਂ ਅਤੇ ਕਾਲਜ ਪ੍ਰਸ਼ਾਸਨ ਵੱਲੋਂ ਇਸ ਸਬੰਧ ਵਿੱਚ ਡੀ.ਸੀ ਸਾਹਿਬ ਬਠਿੰਡਾ ਅਤੇ ਹਲਕਾ ਵਿਧਾਇਕ ਨੂੰ ਕਈ ਵਾਰ ਮਿਲ ਕੇ ਮੰਗ ਪੱਤਰ ਸੌਂਪੇ ਗਏ ਪਰ ਇਸ ਦੀ ਕੋਈ ਸੁਣਵਾਈ ਨਹੀਂ ਹੋਈ। ਕਾਰਪੋਰੇਟੀ ਨੀਤੀਆਂ ਰਾਹੀਂ ਧਰਤੀ ਹੇਠਲੇ ਪਾਣੀ ਵਿੱਚ ਨਾ ਪੀਣਯੋਗ ਰਸਾਇਣਕ ਤੱਤ ਵੱਡੀ ਮਾਤਰਾ ਵਿੱਚ ਹੋਣ ਕਾਰਨ ਇਲਾਕੇ ਦੇ ਘਰ-ਘਰ ਵਿੱਚ ਕੈਂਸਰ ਦੇ ਮਰੀਜ਼ ਹਨ। ਕਾਲਜ ਪ੍ਰਸ਼ਾਸਨ ਕੋਲ ਫੰਡ ਨਾ ਹੋਣ ਕਾਰਨ ਕਾਲਜ ਅਨੇਕਾਂ ਸਮੱਸਿਆਵਾਂ ਨਾਲ ਜੂਝ ਰਿਹਾ ਹੈ।ਵਿਦਿਆਰਥੀ ਆਗੂਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ, ਨਹਿਰੀ ਪਾਣੀ ਦੀ ਸਪਲਾਈ ਮੁੜ ਬਹਾਲ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਅੱਗੇ ਵਧਾਇਆ ਜਾਵੇਗਾ। ਇਸ ਮੌਕੇ ਕਮੇਟੀ ਮੈਂਬਰ ਗੁਰਦਾਤ ਸਿੰਘ, ਗੁਰਦੀਪ ਸਿੰਘ, ਜਗਦੀਸ਼ ਕੋਟਗੁਰੂ,ਨਿਰਮਲ ਸਿੰਘ ਆਕਾਸ਼ਦੀਪ, ਰਮਨਦੀਪ ਕੌਰ,ਸੁਖਪਿੰਦਰ ਤੇ ਖ਼ੁਸ਼ਪਰੀਤ ਕੌਰ ਸ਼ਾਮਲ ਸਨ।
Author: DISHA DARPAN
Journalism is all about headlines and deadlines.