ਬਠਿੰਡਾ, 22 ਮਈ (ਗੁਰਪ੍ਰੀਤ ਚਹਿਲ)
ਪਿਛਲੀ ਕਾਂਗਰਸ ਸਰਕਾਰ ਦੇ ਖ਼ਜਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਵੱਡੇ ਦਾਅਵੇ ਕੀਤੇ ਗਏ ਸਨ ਕਿ ਉਸਨੇ ਖਜਾਨੇ ਦਾ ਮੂੰਹ ਬਠਿੰਡਾ ਵਾਸੀਆਂ ਲਈ ਖੋਲ ਦਿੱਤਾ ਹੈ ਜਿਸ ਕਰਕੇ ਅੰਨੇ ਭਗਤ ਵਿਕਾਸ ਦੀ ਹਨੇਰੀ ਵਗਣ ਦੀਆਂ ਡੀਂਗਾਂ ਮਾਰਦੇ ਨਹੀਂ ਥੱਕ ਰਹੇ ਸਨ।ਸ਼ਹਿਰ ਵਾਸੀਆਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਜਿਸ ਤਰਾਂ ਉਕਤ ਮੰਤਰੀ ਦੇ ਮਨ ਦਾ ਵਹਿਮ ਕੱਢਿਆ ਹੈ ਉਹ ਤਾਂ ਜੱਗ ਜ਼ਾਹਰ ਹੈ ਹੀ, ਪਰ ਉਕਤ ਮੰਤਰੀ ਵੱਲੋਂ ਕਥਿਤ ਤੌਰ ਤੇ ਬਠਿੰਡਾ ਦੇ ਵਿਕਾਸ ਦੇ ਨਾਮ ਤੇ ਸਰਕਾਰੀ ਖਜਾਨੇ ਚੋਂ ਕਰੋੜਾਂ ਰੁਪਏ ਜ਼ਾਰੀ ਕਰ ਆਪਣੇ ਚਹੇਤਿਆਂ ਦੇ ਘਰ ਜਰੂਰ ਭਰ ਦਿੱਤੇ ਹਨ। ਭਰੋਸੇਯੋਗ ਸੂਤਰਾਂ ਦੀ ਮੰਨੀ ਜਾਵੇ ਤਾਂ ਬਠਿੰਡਾ ਦੇ ਕਾਂਗਰਸੀ ਕੌਂਸਲਰਾਂ ਵਾਲੇ ਲੱਗਭੱਗ ਸਾਰੇ ਹੀ ਵਾਰਡਾਂ ਵਿੱਚ ਉਕਤ ਮੰਤਰੀ ਵੱਲੋਂ ਜੋ ਕਰੋੜਾਂ ਰੁਪਏ ਖਰਚੇ ਦਿਖਾਏ ਗਏ ਹਨ ਪਰ ਹੋਏ ਕੰਮਾਂ ਨੂੰ ਦੇਖ ਕਈ ਥਾਈਂ ਤਾਂ ਦਿਖਾਈ ਲਾਗਤ ਦੇ ਮੁਕਾਬਲੇ ਵੀਹ ਪੈਸੇ ਵੀ ਕੰਮ ਹੋਏ ਨਹੀਂ ਦਿਖਾਈ ਦਿੰਦੇ।ਜੇਕਰ ਬਠਿੰਡਾ ਦੇ ਮੈਕਸ ਹਸਪਤਾਲ ਕੋਲ ਬਣੇ ਪਬਲਿਕ ਪਾਰਕ ਦੀ ਹੀ ਗੱਲ ਕੀਤੀ ਜਾਵੇ ਤਾਂ ਸੂਤਰਾਂ ਮੁਤਾਬਕ ਇੱਥੇ ਪੱਚੀ ਤੋ ਚਾਲੀ ਲੱਖ ਰੁਪਏ ਦਾ ਖਰਚਾ ਦਿਖਾਇਆ ਗਿਆ ਹੈ ਪਰ ਜਦੋਂ ਇਸਦੀ ਘੋਖ ਕੀਤੀ ਗਈ ਤਾਂ ਪਹਿਲੀ ਨਜ਼ਰੇ ਵੱਡੀ ਧਾਂਦਲੀ ਨਜ਼ਰ ਆ ਰਹੀ ਹੈ।ਇੱਥੇ ਲੱਗਿਆ ਵਾਟਰ ਕੂਲਰ ਸਿਰਫ ਕਬਾੜ ਬਣਕੇ ਰਹਿ ਗਿਆ ਹੈ ਜਿਸ ਪਾਸੇ ਕਿਸੇ ਵੀ ਜਿੰਮੇਵਾਰ ਦਾ ਧਿਆਨ ਨਹੀਂ ਜਾ ਰਿਹਾ। ਜਿਸ ਤਰਾਂ ਆਪਾਂ ਜਾਣਦੇ ਹੀ ਹਾਂ ਕਿ ਇੰਨੀ ਦਿਨੀ ਪੈ ਰਹੀ ਅੱਤ ਦੀ ਗਰਮੀ ਕਾਰਨ ਲੋਕ ਤਰਾਹ ਤਰਾਹ ਕਰ ਰਹੇ ਹਨ ਪਰ ਲੱਖਾਂ ਰੁਪਏ ਖਰਚ ਕਰਕੇ ਬਣਾਏ ਗਏ ਇਸ ਪਾਰਕ ਵਿੱਚ ਪੀਣ ਵਾਲੇ ਪਾਣੀ ਤੱਕ ਦਾ ਪ੍ਰਬੰਧ ਦਿਖਾਈ ਨਹੀਂ ਦੇ ਰਿਹਾ। ਮੌਜੂਦਾ ਸਰਕਾਰ ਨੂੰ ਇਸ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨੀ ਚਾਹੀਦੀ ਹੈ।
Author: DISHA DARPAN
Journalism is all about headlines and deadlines.