ਬਠਿੰਡਾ, 25 ਅਪ੍ਰੈਲ (ਗੁਰਪ੍ਰੀਤ ਚਹਿਲ)
ਪਿਛਲੇ ਦਿਨੀਂ ਕੁੱਝ ਧਨਵਾਨ ਲੋਕਾਂ ਵੱਲੋਂ ਵੱਡੀਆਂ ਵੱਡੀਆਂ ਕਲੋਨੀਆਂ ਵਿਚਲੇ ਸਰਕਾਰੀ ਰਾਹਾਂ ਨੂੰ ਤਾਲੇ ਮਾਰਨ ਦੀਆਂ ਖਬਰਾਂ ਤਾਂ ਆਉਂਦੀਆਂ ਵੀ ਰਹੀਆਂ ਅਤੇ ਲੋਕ ਰੋਹ ਅਤੇ ਮੀਡੀਆ ਦੇ ਸਖ਼ਤ ਵਿਰੋਧ ਤੋਂ ਬਾਅਦ ਭਾਂਵੇ ਪ੍ਰਸ਼ਾਸ਼ਨ ਵੱਲੋਂ ਉਹ ਗੇਟ ਖੁਲਵਾ ਦਿੱਤੇ ਗਏ ਸਨ। ਪਰ ਅੱਜ ਫਿਰ ਕੁੱਝ ਅਜਿਹਾ ਹੀ ਮਾਮਲਾ ਸਾਡੇ ਧਿਆਨ ਚ ਆਇਆ ਹੈ ਪਰ ਇਸ ਵਾਰ ਲੋਕਾਂ ਦੀ ਸਹੂਲਤ ਲਈ ਬਣਾਏ ਇਹਨਾ ਗੇਟਾਂ ਨੂੰ ਤਾਲੇ ਕੁੱਝ ਸਰਕਾਰੀ ਅਦਾਰਿਆਂ ਵੱਲੋਂ ਲਗਾਏ ਗਏ ਹਨ। ਦੱਸ ਦੇਈਏ ਕਿ ਬਠਿੰਡਾ ਦੀ ਡੱਬਵਾਲੀ ਲਿੰਕ ਰੋਡ ਉੱਤੇ ਸਥਿਤ ਇੱਕ ਗੇਟ ਜਿਹੜਾ ਪਿਛਲੀ ਸਰਕਾਰ ਦੌਰਾਨ ਲੋਕਾਂ ਦੀ ਸਹੂਲਤ ਹਿੱਤ ਬਣਾਇਆ ਗਿਆ ਸੀ ਅਤੇ ਹਾਜ਼ੀ ਰਤਨ ਸਮੇਤ ਦੀਪ ਸਿੰਘ ਨਗਰ ਦੇ ਵਾਸੀਆਂ ਵੱਲੋਂ ਕਿਸੇ ਵੀ ਐਮਰਜੈਂਸੀ ਸਮੇਂ ਸਰਕਾਰੀ ਹਸਪਤਾਲ ਜਾਣ ਲਈ ਸਿੱਧਾ ਰਾਸਤਾ ਸੀ। ਪਰ ਪਿਛਲੇ ਲੱਗਭੱਗ ਪੰਜ ਦਿਨਾਂ ਤੋਂ ਇਸ ਗੇਟ ਨੂੰ ਜ਼ਿੰਦਰੇ ਜੜ੍ਹ ਦਿੱਤੇ ਗਏ ਹਨ। ਪਤਾ ਕਰਨ ਤੇ ਜੋ ਮਾਮਲਾ ਸੁਣਨ ਵਿੱਚ ਆਇਆ ਕਿ ਕੁੱਝ ਦਿਨ ਪਹਿਲਾਂ ਸਰਕਾਰੀ ਹਸਪਤਾਲ ਦਾ ਇੱਕ ਵੱਡਾ ਲੋਹੇ ਦਾ ਗੇਟ ਕੁੱਝ ਚੋਰਾਂ ਵੱਲੋਂ ਚੁਰਾ ਕੇ ਇਸ ਗੇਟ ਰਸਤੇ ਲਿਜਾਣ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਕਾਰਨ ਪ੍ਰਸ਼ਾਸ਼ਨ ਵੱਲੋਂ ਇਸ ਗੇਟ ਨੂੰ ਹੀ ਬੰਦ ਕਰਨ ਦਾ ਹਾਸੋਹੀਣਾ ਫ਼ਰਮਾਨ ਜਾਰੀ ਕਰ ਦਿੱਤਾ ਗਿਆ। ਇਸ ਬਾਰੇ ਜਦੋਂ ਹਸਪਤਾਲ ਚੌਂਕੀ ਇੰਚਾਰਜ ਰਜਿੰਦਰ ਕੁਮਾਰ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਵੀ ਮੁੱਖ ਕਾਰਨ ਇਹੀ ਦੱਸਿਆ,ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜੇਕਰ ਕੱਲ ਨੂੰ ਮੇਨ ਗੇਟ ਰਾਹੀਂ ਕੋਈ ਸਮਾਨ ਚੋਰੀ ਹੁੰਦਾ ਹੈ ਤਾਂ ਕੀ ਉਸ ਨੂੰ ਵੀ ਤਾਲੇ ਮਾਰ ਦਿੱਤੇ ਜਾਣਗੇ, ਇਸਤੇ ਉਨ੍ਹਾਂ ਕਿਹਾ ਕਿ ਐੱਸ ਐਮ ਓ ਸਾਹਬ ਨਾਲ ਗੱਲ ਕਰੋ। ਜਦੋਂ ਐੱਸ ਐਮ ਓ ਡਾ ਮਨਿੰਦਰ ਪਾਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਹਸਪਤਾਲ ਵਿੱਚ ਵਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਕਰਕੇ ਹੀ ਪੁਲਿਸ ਵੱਲੋਂ ਇਹ ਗੇਟ ਬੰਦ ਕਰਵਾਇਆ ਗਿਆ ਹੈ। ਹੁਣ ਦੇਖਣਾ ਹੋਵੇਗਾ ਕਿ ਇਸ ਤੁਗਲਕੀ ਫਰਮਾਨ ਦਾ ਅੱਗੇ ਕੀ ਅਸਰ ਹੁੰਦਾ ਹੈ। ਇਸ ਬਾਰੇ ਬੋਲਦਿਆਂ ਮੁੱਹਲਾ ਨਿਵਾਸੀਆਂ ਨੇ ਕਿਹਾ ਕਿ ਜੇਕਰ ਚੋਰੀ ਦੀਆਂ ਵਾਰਦਾਤਾਂ ਵਧ ਰਹੀਆਂ ਹਨ ਤਾਂ ਇਹ ਕਿਹੜਾ ਕਾਨੂੰਨ ਕਹਿੰਦਾ ਹੈ ਕਿ ਤੁਸੀਂ ਲੋਕਾਂ ਦੀ ਸਹੂਲਤ ਲਈ ਬਣਾਏ ਰਸਤੇ ਹੀ ਬੰਦ ਕਰ ਦਿਓ। ਲੋਕਾਂ ਮੰਗ ਕੀਤੀ ਕਿ ਜ਼ਿਲਾ ਪ੍ਰਸ਼ਾਸ਼ਨ ਨੂੰ ਗੇਟ ਖੋਲਕੇ ਪੁਲਿਸ ਦੀ ਨਫ਼ਰੀ ਵਧਾਉਣੀ ਚਾਹੀਦੀ ਹੈ।
Author: DISHA DARPAN
Journalism is all about headlines and deadlines.