ਬਠਿੰਡਾ, 23 ਅਪ੍ਰੈਲ (ਬਿਊਰੋ)
ਬਠਿੰਡਾ ਦਾ ਇਤਿਹਾਸਿਕ ਮੁਹੱਲਾ ਹਾਜ਼ੀ ਰਤਨ ਅਤੇ ਇਸਤੋਂ ਕੁੱਝ ਦੂਰੀ ਤੇ ਵਸਿਆ ਮੁਹੱਲਾ ਬਾਬਾ ਦੀਪ ਸਿੰਘ ਨਗਰ ਅਤੇ ਇਹਨਾ ਦੋਵੇਂ ਮੁਹੱਲਾ ਨਿਵਾਸੀਆਂ ਦੇ ਲਈ ਬਣਾਇਆ ਗਿਆ ਇੱਕ ਪਬਲਿਕ ਪਾਰਕ, ਪਰ ਇਹ ਅੱਜ ਕੱਲ ਪਾਰਕ ਘੱਟ ਅਤੇ ਕੂੜੇ ਦਾ ਢੇਰ ਜਿਆਦਾ ਨਜ਼ਰ ਆਉਂਦਾ ਹੈ। ਬਿਨਾ ਸ਼ੱਕ ਇੱਥੇ ਸਵੇਰੇ ਸ਼ਾਮ ਸੈਂਕੜੇ ਹੀ ਲੋਕ ਸੈਰ ਕਰਨ ਲਈ ਆਉਂਦੇ ਹਨ ਅਤੇ ਇਹਨਾ ਬਣਾਏ ਪਾਰਕਾਂ ਦਾ ਮਕਸਦ ਹੀ ਇਹ ਹੁੰਦਾ ਹੈ ਕਿ ਇਥੇ ਚਾਰ ਚੁਫੇਰੇ ਦੀ ਹਰਿਆਲੀ ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਫਾਇਦੇਮੰਦ ਸਾਬਿਤ ਹੋਵੇ। ਪਰ ਸਿਰਫ ਪਾਰਕ ਬਣਾ ਦੇਣ ਨਾਲ ਹੀ ਸਰਕਾਰਾਂ ਦਾ ਫਰਜ਼ ਪੂਰਾ ਨਹੀਂ ਹੋ ਜਾਂਦਾ ਜੇਕਰ ਇਹਨਾ ਦੀ ਸਹੀ ਢੰਗ ਨਾਲ਼ ਸੰਭਾਲ ਜਾਂ ਦੇਖਭਾਲ ਨਾ ਕੀਤੀ ਜਾਵੇ। ਕਈ ਦਿਨਾਂ ਤੋਂ ਲੋਕਾਂ ਦੀਆਂ ਮਿਲ ਰਹੀਆਂ ਸ਼ਿਕਾਇਤਾਂ ਦੇ ਅਧਾਰ ਤੇ ਅੱਜ ਜਦੋਂ ਸਾਡੀ ਟੀਮ ਨੇ ਉਕਤ ਪਾਰਕ ਦਾ ਜਾਕੇ ਹਾਲ ਦੇਖੇਆ ਤਾਂ ਇਸ ਤਰਾਂ ਲੱਗਿਆ ਕਿ ਪਿਛਲੇ ਲੰਮੇ ਸਮੇਂ ਤੋਂ ਇਸ ਪਾਰਕ ਦੀ ਸਫਾਈ ਹੀ ਨਹੀਂ ਹੋਈ। ਇਥੋਂ ਤੱਕ ਕਿ ਕੂੜੇਦਾਨ ਵੀ ਨੱਕੋ ਨੱਕ ਭਰੇ ਹੋਏ ਪ੍ਰਸ਼ਾਸ਼ਨ ਦੀ ਲਾਪਰਵਾਹੀ ਦੀ ਦਾਸਤਾਨ ਸੁਣਾ ਰਹੇ ਸਨ। ਜ਼ਿਕਰਯੋਗ ਹੈ ਕਿ ਇਸ ਪਾਰਕ ਦੇ ਨਾਲ ਹੀ ਇੱਕ ਖੇਡ ਮੈਦਾਨ ਵੀ ਬਣਾਇਆ ਗਿਆ ਹੈ ਜਿੱਥੇ ਕਿ ਨੈੱਟ ਆਦਿ ਲਗਾ ਨੌਜਵਾਨਾਂ ਦੇ ਖੇਡਣ ਦੀ ਵਿਵਸਥਾ ਕੀਤੀ ਗਈ ਹੈ। ਪਰ ਬਿਨਾ ਦੇਖਭਾਲ ਇਹ ਸਭ ਚਿੱਟੇ ਹਾਥੀ ਸਾਬਿਤ ਹੋ ਰਿਹਾ ਹੈ। ਪਾਰਕ ਵਿੱਚ ਘੁੰਮ ਰਹੇ ਲੋਕਾਂ ਨੇ ਕਿਹਾ ਕਿ ਇਸ ਪਾਰਕ ਵਿੱਚ ਅਸੀਂ ਸਵੇਰ ਸ਼ਾਮ ਤਾਜ਼ੀ ਹਵਾ ਲੈਣ ਆਉਂਦੇ ਹਾਂ ਪਰ ਸਾਹਮਣੇ ਪਏ ਕੂੜੇ ਦੇ ਢੇਰ ਮੱਥੇ ਲੱਗਣ ਕਾਰਨ ਸਾਰਾ ਮੂਡ ਖਰਾਬ ਹੋ ਜਾਂਦਾ ਹੈ। ਇਹ ਪਾਰਕ ਮੈਕਸ ਹਸਪਤਾਲ ਦੇ ਸਾਹਮਣੇ ਬਣਾਇਆ ਗਿਆ ਹੈ ਜਿਸ ਉੱਤੇ ਪਿਛਲੀ ਕਾਂਗਰਸ ਸਰਕਾਰ ਦੇ ਖ਼ਜਾਨਾ ਮੰਤਰੀ ਵੱਲੋਂ ਕਥਿਤ ਤੌਰ ਤੇ ਪੰਜਾਹ ਲੱਖ ਰੁਪਏ ਦੇ ਕਰੀਬ ਖਰਚਾ ਦਿਖਾਇਆ ਗਿਆ ਹੈ ਪਰ ਭਰੋਸੇਯੋਗ ਸੂਤਰਾਂ ਦੀ ਮੰਨੀਏ ਤਾਂ ਇੱਥੇ ਦਸ ਲੱਖ ਰੁਪਏ ਵੀ ਖਰਚ ਨਹੀਂ ਹੋਏ। ਹੁਣ ਜੇਕਰ ਸੂਤਰਾਂ ਦੀ ਮੰਨੀ ਜਾਵੇ ਤਾਂ ਸਿਰਫ ਇੱਕ ਪਾਰਕ ਵਿੱਚ ਹੀ ਲੋਕਾਂ ਦੀ ਮਿਹਨਤ ਦੀ ਕਮਾਈ ਦੇ ਟੈਕਸ ਦਾ ਮੋਟਾ ਪੈਸਾ ਇਧਰੋਂ ਉਧਰ ਕੀਤਾ ਗਿਆ ਹੈ ਜੇਕਰ ਬਾਕੀ ਕੰਮਾ ਦੀ ਜਾਂਚ ਕੀਤੀ ਜਾਵੇ ਤਾਂ ਕਈ ਕਰੋੜਾਂ ਰੁਪਏ ਦਾ ਸਕੈਡਲ ਸਾਹਮਣੇ ਆਉਣ ਦੀ ਸੰਭਾਵਨਾ ਹੈ।
Author: DISHA DARPAN
Journalism is all about headlines and deadlines.