ਬਠਿੰਡਾ, 23 ਅਪ੍ਰੈਲ (ਗੁਰਪ੍ਰੀਤ ਚਹਿਲ)
ਇੱਕ ਪਾਸੇ ਪਿੰਡਾਂ ਦੇ ਲੋਕ ਬਿਜਲੀ ਦੇ ਲੱਗ ਰਹੇ ਕੱਟਾਂ ਤੋਂ ਪ੍ਰੇਸ਼ਾਨ ਦਿਖਾਈ ਦੇ ਰਹੇ ਹਨ ਤਾਂ ਦੂਜੇ ਪਾਸੇ ਸ਼ਹਿਰਾਂ ਅੰਦਰ ਕੁੱਝ ਸਰਕਾਰੀ ਅਦਾਰਿਆਂ ਦੇਖ ਕੇ ਇਸ ਤਰਾਂ ਲਗਦਾ ਹੈ ਕਿ ਪੰਜਾਬ ਅੰਦਰ ਬਿਜਲੀ ਲੋੜ ਤੋਂ ਵੱਧ ਹੋਣ ਕਾਰਨ ਉਨ੍ਹਾਂ ਨੂੰ ਦਿਨ ਵੇਲੇ ਲਾਈਟਾਂ ਜਗਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਲੱਗਭੱਗ ਪੰਜ ਦਿਨਾਂ ਤੋਂ ਬਠਿੰਡਾ ਦੀ ਡੱਬਵਾਲੀ ਲਿੰਕ ਰੋਡ ਉੱਤੇ ਹਾਈ ਵੋਲਟੇਜ ਸਟਰੀਟ ਲਾਈਟਾਂ ਦਿਨ ਜਾਗਦੀਆਂ ਹੀ ਮਿਲਦੀਆਂ ਹਨ।ਇਸ ਬਾਰੇ ਅਖਬਾਰ ਵਿੱਚ ਖ਼ਬਰ ਦੇਣ ਤੋਂ ਪਹਿਲਾਂ ਇਸ ਬਾਬਤ ਜਾਗਦੀਆਂ ਲਾਈਟਾਂ ਦੀਆਂ ਤਸਵੀਰਾਂ ਬਠਿੰਡਾ ਦੇ ਕਈ ਅਧਿਕਾਰੀਆਂ ਨੂੰ ਵੀ ਭੇਜੀਆ ਪਰ ਓਹਨਾ ਵੱਲੋਂ ਮੈਂ ਤਾਂ ਢੀਠ ਹਾਂ ਵਾਲੀ ਨੀਤੀ ਹੀ ਅਪਣਾਈ ਗਈ। ਇੰਨਾ ਹੀ ਨਹੀਂ ਕੁੱਝ ਦੂਰੀ ਤੇ ਸਥਿਤ ਬਠਿੰਡਾ ਦੇ ਸਰਕਾਰੀ ਹਸਪਤਾਲ ਦੇ ਰੀਜਨਲ਼ ਡਰੱਗ ਵੇਅਰ ਹਾਊਸ ਦਾ ਵੀ ਕੁੱਝ ਅਜਿਹਾ ਹੀ ਦ੍ਰਿਸ਼ ਦੇਖਣ ਨੂੰ ਮਿਲਿਆ, ਜਿੱਥੇ ਚਿੱਟੇ ਦੋ ਵੱਡੀਆਂ ਮੇਨ ਲਾਈਟਾਂ ਜਗਮਗ ਜਗਮਗ ਕਰਦੀਆਂ ਨਜ਼ਰ ਆਈਆਂ। ਪਰ ਵੱਡੇ ਡਾਕਟਰ ਅਤੇ ਹੋਰ ਅਧਿਕਾਰੀ ਇਸ ਵੱਲ ਧਿਆਨ ਦੇਣ ਦੀ ਬਜਾਏ ਟਾਲਾ ਵੱਟਣਾ ਹੀ ਸਹੀ ਸਮਝਦੇ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ ਵੱਡੇ ਵੱਡੇ ਦਾਅਵੇ ਕਰਨ ਵਾਲੇ ਆਮ ਆਦਮੀ ਪਾਰਟੀ ਦੇ ਲੀਡਰ ਸਮੇਤ ਵਰਕਰ ਜਿਹੜੇ ਹਰ ਛੋਟੀ ਛੋਟੀ ਗਲਤੀ ਦਾ ਸੁਧਾਰ ਕਰਨ ਦੇ ਦਮਗਜ਼ੇ ਮਾਰਦੇ ਸਨ ਅੱਜ ਲਗਦਾ ਬਿਲਕੁਲ ਹੀ ਠੰਡੇ ਹੋਕੇ ਬੈਠ ਗਏ ਹਨ। ਲੋਕਾਂ ਦੀ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਬੇਨਤੀ ਹੈ ਕਿ ਇਹ ਕਰਮਚਾਰੀ ਜੋ ਮੋਟੀਆਂ ਤਨਖਾਹਾਂ ਲੈਣ ਦੇ ਬਾਵਜੂਦ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਭਜਦੇ ਹਨ ਉਨ੍ਹਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਕਿਉਂ ਕਿ ਇਹ ਜਿਹੜੀ ਬਿਜਲੀ ਚਿੱਟੇ ਦਿਨ ਬਰਬਾਦ ਹੁੰਦੀ ਹੈ ਉਸਦਾ ਭਾਰ ਆਮ ਲੋਕਾਂ ਦੀਆਂ ਜੇਬਾਂ ਤੇ ਹੀ ਪੈਣਾ ਹੈ।
Author: DISHA DARPAN
Journalism is all about headlines and deadlines.