ਬਠਿੰਡਾ, 24 ਮਾਰਚ ( ਰਾਵਤ ) ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਵਿਖੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਵੱਲੋਂ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ ਦੇ ਸਹਿਯੋਗ ਨਾਲ ‘ਵਿਸ਼ਵ ਜਲ ਦਿਵਸ’ ਦੇ ਸੰਬੰਧ ਵਿੱਚ ਇੱਕ ਜਾਗਰੂਕਤਾ ਰੈਲੀ ਕੱਢੀ ਗਈ । ਇਸ ਰੈਲੀ ਵਿੱਚ ਕਾਲਜ ਦੇ 83 ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਰੈਲੀ ਨੂੰ ਸ੍ਰੀ ਨਵੀਨ ਗਡਵਾਲ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ, ਡਾ. ਪ੍ਰਦੀਪ ਕੌੜਾ, ਪ੍ਰਿੰਸੀਪਲ, ਬਾਬਾ ਫ਼ਰੀਦ ਕਾਲਜ ਅਤੇ ਡਾ. ਤਰੁਣ ਗੋਇਲ, ਡੀਨ, ਡਿਪਾਰਟਮੈਂਟ ਆਫ਼ ਐਗਰੀਕਲਚਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਉਨ੍ਹਾਂ ਨੇ ਸਾਰੇ ਵਲੰਟੀਅਰਾਂ ਨੂੰ ਪਾਣੀ ਦੀ ਸੰਭਾਲ ਸੰਬੰਧੀ ਜਾਗਰੂਕ ਕੀਤਾ ਅਤੇ ਪਾਣੀ ਦੀ ਵਰਤੋਂ ਸੁਚੱਜੇ ਢੰਗ ਨਾਲ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਚੰਗੇ ਉਪਰਾਲਿਆਂ ਵਿੱਚ ਨੌਜਵਾਨਾਂ ਨੂੰ ਵੱਧ ਚੜ੍ਹ ਕੇ ਉਤਸ਼ਾਹ ਨਾਲ ਅਤੇ ਸੱਚੇ ਦਿਲੋਂ ਕੰਮ ਕਰਨਾ ਚਾਹੀਦਾ ਹੈ। ਐਨ.ਐਸ.ਐਸ. ਕੋਆਰਡੀਨੇਟਰ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਵਿਦਿਆਰਥੀਆਂ ਨੂੰ ਵਿਸ਼ਵ ਜਲ ਦਿਵਸ ਦੀ ਮਹੱਤਤਾ ਅਤੇ ਇਤਿਹਾਸ ਬਾਰੇ ਜਾਣੂ ਕਰਵਾਇਆ ਅਤੇ ਉਨ੍ਹਾਂ ਨੂੰ ਪਾਣੀ ਦੀ ਸੁਚੱਜੀ ਸੰਭਾਲ ਬਾਰੇ ਪ੍ਰੇਰਿਤ ਕੀਤਾ। ਐਨ.ਐਸ.ਐਸ. ਵਲੰਟੀਅਰਾਂ ਅਤੇ ਵਿਦਿਆਰਥੀਆਂ ਨੇ ਇਸ ਦਿਨ ਦੇ ਮਹੱਤਵ ਬਾਰੇ ਸਿੱਖਿਆ ਅਤੇ ਪਾਣੀ ਦੀ ਸੰਭਾਲ ਬਾਰੇ ਅਹਿਦ ਲਿਆ। ਵਲੰਟੀਅਰਾਂ ਨੇ ਇਸ ਰੈਲੀ ਰਾਹੀਂ ਪਾਣੀ ਬਚਾਉਣ ਸੰਬੰਧੀ ਹੋਕਾ ਦੇਣ ਲਈ ਬੀ.ਐਫ.ਜੀ.ਆਈ. ਕੈਂਪਸ ਦੇ ਮੇਨ ਗੇਟ ਤੋਂ ਲੈ ਕੇ ਪੂਰੇ ਕੈਂਪਸ ਵਿੱਚ ਅਤੇ ਫਿਰ ਪਿੰਡ ਦਿਉਣ ਦਾ ਦੌਰਾ ਕੀਤਾ ਅਤੇ ਹੋਰਨਾਂ ਵਿਦਿਆਰਥੀਆਂ ਅਤੇ ਪਿੰਡ ਵਾਸੀਆਂ ਨੂੰ ਪਾਣੀ ਦੀ ਸੰਭਾਲ ਬਾਰੇ ਜਾਗਰੂਕ ਕੀਤਾ । ਵਿਦਿਆਰਥੀਆਂ ਨੇ ਪਾਣੀ ਦੀ ਸੰਭਾਲ ਅਤੇ ਪਾਣੀ ਦੀ ਮਹੱਤਤਾ ਬਾਰੇ ਸਲੋਗਨਾਂ ਦੀਆਂ ਤਖ਼ਤੀਆਂ ਫੜ ਕੇ ਨਾਅਰੇ ਵੀ ਲਗਾਏ। ਵਿਦਿਆਰਥੀ ਇਸ ਗਤੀਵਿਧੀ ਤੋਂ ਬਹੁਤ ਸੰਤੁਸ਼ਟ ਨਜ਼ਰ ਆਏ। ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਅਤੇ ਐਨ.ਐਸ.ਐਸ. ਕੋਆਰਡੀਨੇਟਰ ਸ਼੍ਰੀਮਤੀ ਸੁਖਜਿੰਦਰ ਕੌਰ ਨੇ ਮੁੱਖ ਮਹਿਮਾਨ ਸ੍ਰੀ ਨਵੀਨ ਗਡਵਾਲ,ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ, ਬਠਿੰਡਾ ਦਾ ਵਿਸ਼ੇਸ਼ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਬਾਬਾ ਫ਼ਰੀਦ ਕਾਲਜ ਦੇ ਐਨ.ਐਸ.ਐਸ. ਯੂਨਿਟ ਦੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਗਰ ਧਰਤੀ ਤੇ ਪਾਣੀ ਹੈ ਤਾਂ ਹੀ ਜੀਵਨ ਸੰਭਵ ਹੈ।
Author: DISHA DARPAN
Journalism is all about headlines and deadlines.