ਬਠਿੰਡਾ, 10ਮਾਰਚ (ਹਰਿੰਦਰ ਹਨੀ) ਪੰਜਾਬ ਵਿਧਾਨ ਸਭਾ ਚੋਣਾਂ 2022 ਦਾ ਸਫਰ ਇਸ ਵਾਰ ਪੰਜਾਬ ਦੇ ਲੀਡਰਾਂ ਲਈ ਸੁਖਾਲਾ ਨਹੀਂ ਰਿਹਾ, ਚੋਣ ਪ੍ਰਚਾਰ ਤੋਂ ਲੈ ਕੇ ਵੋਟਾਂ ਪੈਣ ਤੱਕ ਲੋਕਾਂ ਦੇ ਦਿਲ ਦੀ ਰਮਜ਼ ਨੂੰ ਸਮਝ ਪਾਉਣ ਵਿਚ ਭੰਬਲਭੂਸੇ ਵਿੱਚ ਰਹੇ ਪੰਜਾਬ ਦੇ ਲੀਡਰ। ਜਿਸ ਕਾਰਨ ਨਤੀਜੇ ਨੂੰ ਲੈ ਕੇ ਸਿਆਸੀ ਆਗੂਆਂ ਦੇ ਸਾਹ ਉਪਰ ਥੱਲੇ ਨੂੰ ਹੋ ਰਹੇ ਹਨ ਕਿਉਂਕਿ ਪੰਜਾਬ ਦੇ ਲੋਕਾਂ ਨੇ ਇਸ ਵਾਰ ਨਿਰਪੱਖ ਹੋ ਕੇ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ ਹੈ। ਪੰਜਾਬ ਦੇ ਕਾਫੀ ਪਿੰਡਾਂ ਵਿਚ ਤਾਂ ਸਿਆਸੀ ਆਗੂਆਂ ਦੀ ਐਂਟਰੀ ਹੀ ਨਹੀਂ ਹੋਣ ਦਿੱਤੀ ਗਈ ਸੀ ਅਤੇ ਬਹੁਤ ਪਿੰਡਾਂ ਵਿਚ ਆਪਸੀ ਭਾਈਚਾਰਕ ਸਾਂਝ ਨੂੰ ਕਾਇਮ ਰੱਖਦਿਆਂ ਕਿਸੇ ਪਾਰਟੀ ਦਾ ਪੋਲਿੰਗ ਬੂਥ ਨਹੀਂ ਲਗਾਇਆ ਤੇ ਕਈ ਪਿੰਡਾਂ ਵਿਚ ਸਭ ਪਾਰਟੀਆਂ ਦਾ ਇੱਕੋ ਹੀ ਬੂਥ ਲਗਾਇਆ ਗਿਆ। ਚੋਣਾਂ ਵੇਲੇ ਲੋਕ ਸਭ ਪਾਰਟੀਆਂ ਦੇ ਉਮੀਦਵਾਰਾਂ ਦੇ ਚੋਣ ਜਲਸਿਆਂ ਵਿਚ ਹਿੱਸਾ ਲੈਂਦੇ ਰਹੇ ਤੇ ਸਭ ਨੂੰ ਵੋਟ ਲਈ ਹੁੰਗਾਰਾ ਭਰਦੇ ਰਹੇ। ਜਿਸ ਕਾਰਨ ਗਰਾਊਂਡ ਲੈਵਲ ਤੇ ਲੋਕਾਂ ਦੀ ਰਾਏ ਨਤੀਜੇ ਨੂੰ ਲੈ ਕੇ ਬਹੁਤੀ ਸਪੱਸ਼ਟਤਾ ਨਾਲ ਸਾਹਮਣੇ ਨਹੀਂ ਆਈ, ਅਸਲ ਕੀ ਹੈ? ਉਹ ਅੱਜ ਮਸ਼ੀਨਾਂ ਖੁਲਦੇ ਸਾਰ ਹੀ ਪਤਾ ਲਗਦਾ ਜਾਵੇਗਾ, ਜਿਉਂ ਜਿਉਂ ਵੋਟਾਂ ਦੀ ਗਿਣਤੀ ਦੇ ਅੰਕੜੇ ਸਾਹਮਣੇ ਆਉਣਗੇ ਬਹੁਤੇ ਲੀਡਰਾਂ ਦੇ ਸਾਹ ਉਪਰ ਥੱਲੇ ਹੋਣਗੇ ਤੇ ਦਿਲ ਬਾਹਰ ਆਉਣਗੇ। ਸੋਸ਼ਲ ਮੀਡੀਆ ਤੇ ਬੇਸ਼ੱਕ ਸਭ ਪਾਰਟੀਆਂ ਦੇ ਆਗੂਆਂ ਵੱਲੋਂ ਸਰਕਾਰ ਬਣਾਉਣ ਵਾਲੇ ਐਗਜਿਟ ਪੋਲ ਸ਼ੇਅਰ ਕਰ ਰਹੇ ਨੇ, ਸੱਟਾ ਬਜ਼ਾਰ ਵੀ ਕਾਫੀ ਭਾਅ ਦਿਖਾਉਂਦਾ ਨਜ਼ਰ ਆ ਰਿਹਾ ਪਰ ਲੋਕਾਂ ਦਾ 20 ਫਰਵਰੀ ਵਾਲੇ ਦਿਨ ਬਟਨ ਦੱਬਣ ਵਾਲੇ ਫੈਸਲੇ ਦੀ ਪਿਟਾਰੀ ਅੱਜ ਖੁਲਦੇ ਸਾਰ ਹੀ ਸਭ ਦੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਤੇ ਪੰਜਾਬ ਨੂੰ ਮਿਲ ਜਾਵੇਗਾ ਆਉਣ ਵਾਲੇ ਪੰਜ ਸਾਲਾਂ ਲਈ ਮੁੱਖ ਮੰਤਰੀ।
Author: DISHA DARPAN
Journalism is all about headlines and deadlines.