ਔਰਤਾਂ ਨੂੰ ਮਰਦਾਂ ਦੇ ਬਰਾਬਰ ਅਧਿਕਾਰ ਮਿਲਣੇ ਚਾਹੀਦੇ ਹਨ: ਪ੍ਰਿੰਸੀਪਲ ਡਾ ਬਿਮਲ ਸ਼ਰਮਾ।
ਸੰਗਤ ਮੰਡੀ, 9 ਮਾਰਚ ( ਪੱਤਰ ਪ੍ਰੇਰਕ) ਅੰਤਰਰਾਸ਼ਟਰੀ ਮਹਿਲਾ ਦਿਵਸ ਹਰ ਸਾਲ 8 ਮਾਰਚ ਨੂੰ ਦੁਨੀਆਂ ਭਰ ਵਿੱਚ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਕਸਦ ਔਰਤਾਂ ਦੇ ਅਧਿਕਾਰਾਂ ਨੂੰ ਉਤਸਾਹਿਤ ਕਰਨਾ ਹੈ। ਆਜਾਦੀ ਦੇ 74 ਸਾਲਾਂ ਬਾਅਦ ਵੀ ਔਰਤ ਦੀ ਹਾਲਤ ਨਾਜੁਕ ਹੈ ਕਿਉਂਕਿ ਹਰ ਖੇਤਰ ਵਿੱਚ ਔਰਤਾਂ ਨਾਲ ਵਿਤਕਰਾ ਮੌਜੂਦ ਹੈ। ਇਸ ਮੌਕੇ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਸੰਬੋਧਿਤ ਕਰਦਿਆਂ ਡਾ ਬਿਮਲ ਸ਼ਰਮਾ, ਪ੍ਰਿੰਸੀਪਲ-ਕਮ-ਜੁਆਇੰਟ ਡਾਇਰੈਕਟਰ, ਵੈਟਰਨਰੀ ਪੌਲੀਟੈਕਨਿਕ ਕਾਲਜ, ਕਾਲਝਰਾਣੀ ਨੇ ਅੰਤਰਰਾਸ਼ਟਰੀ ਮਹਿਲਾ ਦਿਵਸ ਤੇ ਵਧਾਈ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਸਾਲ ਮਹਿਲਾ ਦਿਵਸ ਦਾ ਥੀਮ ਹੈ ਇੱਕ ਬੇਹਤਰ ਕੱਲ ਲਈ ਅੱਜ ਲਿੰਗ ਭੇਦਭਾਵ ਨੂੰ ਖਤਮ ਕਰਨਾ ਹੋਵੇਗਾ। ਇਸ ਦਿਵਸ ਦੀ ਸ਼ੁਰੂਆਤ 1911 ਵਿੱਚ ਹੋਈ ਸੀ। ਇਹ ਦਿਨ ਔਰਤਾਂ ਦੀ ਵੱਖ-ਵੱਖ ਖੇਤਰਾਂ ਵਿੱਚ ਕਾਮਯਾਬੀ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ। ਇਹ ਇਸ ਗੱਲ ਦਾ ਪ੍ਰਤੀਕ ਹੈ ਕਿ ਔਰਤਾਂ ਮਰਦਾਂ ਦੇ ਬਰਾਬਰ ਹਨ। ਸਾਨੂੰ ਸਾਰਿਆਂ ਨੂੰ ਔਰਤਾਂ ਪ੍ਰਤੀ ਸਨਮਾਨ ਪ੍ਰਸੰਸਾ ਅਤੇ ਪਿਆਰ ਪ੍ਰਗਟਾਉਣਾ ਚਾਹੀਦਾ ਹੈ ਅਤੇ ਔਰਤਾਂ ਦੇ ਆਰਥਿਕ, ਸਿਆਸੀ ਅਤੇ ਸਮਾਜਿਕ ਉਪਲਬਧੀਆਂ ਨੂੰ ਤਿਉਹਾਰ ਦੇ ਤੌਰ ਤੇ ਮਨਾਉਣਾ ਚਾਹੀਦਾ ਹੈ। ਜਿੱਥੇ ਔਰਤ ਪੜ੍ਹਾਈ ਦੇ ਵਿੱਚ ਆਪਣੀ ਜਿੰਦਗੀ ਦੀ ਅਹਿਮ ਭੂਮਿਕਾ ਨਿਭਾਉਂਦੀ ਹੈ ਉੱਥੇ ਹੀ ਮਾਂ ਦੇ ਰੂਪ ਵਿੱਚ ਵੀ ਅਹਿਮ ਰੋਲ ਅਦਾ ਕਰਦੀ ਹੈ। ਔਰਤ ਸਮਾਜ ਅਤੇ ਘਰ ਨੂੰ ਬੇਹਤਰ ਬਣਾਉਂਦੀ ਹੈ। ਡਾ ਬਿਮਲ ਸ਼ਰਮਾ ਨੇ ਕਿਹਾ ਕਿ ਬੇਸ਼ੱਕ ਸਮੇਂ ਦੀਆਂ ਸਰਕਾਰਾਂ ਨੇ ਔਰਤਾਂ ਨੂੰ ਇਨਸਾਫ ਦੇਣ ਲਈ ਮਹਿਲਾ ਕਮਿਸ਼ਨ, ਵੂਮੈਨ ਸੈੱਲ ਅਤੇ ਨਾਰੀ ਸੰਗਠਨ ਵਰਗੀਆਂ ਸੰਸਥਾਵਾਂ ਬਣਾ ਕੇ ਉਨ੍ਹਾਂ ਨੂੰ ਇਨਸਾਫ ਦੇਣ ਦੀ ਪਹਿਲ ਕੀਤੀ ਹੈ ਪ੍ਰੰਤੂ ਔਰਤਾਂ ਦਾ ਕਹਿਣਾ ਹੈ ਕਿ ਇਹ ਸੰਗਠਨ ਸਿਰਫ ਖਾਨਾ-ਪੂਰਤੀ ਤੋਂ ਅੱਗੇ ਨਹੀਂ ਵੱਧ ਸਕੇ। ਅਫਸ਼ੋਸ ਦੀ ਗੱਲ ਇਹ ਹੈ ਕਿ ਸਮਾਜ ਵਿੱਚ ਲੜਕੀ ਨੂੰ ਲੜਕੇ ਦੇ ਬਰਾਬਰ ਦਾ ਦਰਜਾ ਨਹੀਂ ਦਿੱਤਾ ਜਾਂਦਾ। ਸਮਾਜ ਵਿੱਚ ਪੜ੍ਹੀਆਂ ਲਿਖੀਆਂ ਔਰਤਾਂ ਵੀ ਵਿਤਕਰਿਆਂ ਅਤੇ ਰੂੜੀਵਾਦੀ ਵਿਚਾਰਾਂ ਦਾ ਸ਼ਿਕਾਰ ਹੋ ਰਹੀਆਂ ਹਨ ਅਤੇ ਅੱਜ ਵੀ ਔਰਤਾਂ ਦਾਜ, ਲੜਕੀ ਪੈਦਾ ਹੋਣ, ਛੇੜਛਾੜ ਵਰਗੀਆਂ ਘਟਨਾਵਾਂ ਅਤੇ ਬਲਾਤਕਾਰ ਵਰਗੀਆਂ ਸਮੱਸਿਆਵਾਂ ਨਾਲ ਜੂਝ ਰਹੀਆਂ ਹਨ। ਸਾਨੂੰ ਸਮਾਜ ਵਿੱਚ ਵੱਡੀ ਤਬਦੀਲੀ ਲਾਉਣ ਦੀ ਲੋੜ ਹੈ। ਜਿੱਥੇ ਔਰਤਾਂ ਸਿਰਫ ਕਹਿਣ ਲਈ ਹੀ ਨਹੀਂ ਬਲਕਿ ਅਸਲੀਅਤ ਦੇ ਤੌਰ ਤੇ ਵੀ ਮਰਦਾਂ ਦੇ ਬਰਾਬਰ ਸਮਝੀ ਜਾਵੇ। ਇਸ ਮੌਕੇ ਪ੍ਰਿੰਸੀਪਲ ਡਾ ਬਿਮਲ ਸ਼ਰਮਾ ਦੀ ਅਗਵਾਈ ਵਿੱਚ ਔਰਤਾਂ ਦੇ ਸਨਮਾਨ ਵਿੱਚ ਕੇਕ ਕੱਟਿਆ ਗਿਆ ਅਤੇ ਕਾਲਜ ਵਿੱਚ ਕੰਮ ਕਰਦੀਆਂ ਮਹਿਲਾ ਕਰਮਚਾਰਿਆਂ ਅਤੇ ਪੜ੍ਹਾਈ ਕਰਦੀਆਂ ਵਿਦਿਆਰਥਣਾਂ ਨੂੰ ਤੋਹਫੇ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
Author: DISHA DARPAN
Journalism is all about headlines and deadlines.