ਬਠਿੰਡਾ, 1 ਮਾਰਚ: (ਰਾਵਤ ) ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦਾ 13ਵਾਂ ਸਥਾਪਨਾ ਦਿਵਸ, ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸਰਪ੍ਰਸਤੀ ਹੇਠ, ਬੜੇ ਉਤਸ਼ਾਹ ਨਾਲ ਮਨਾਇਆ ਗਿਆ। ਅੱਠ ਦਿਨਾਂ ਤੱਕ ਚੱਲੇ ਸਥਾਪਨਾ ਦਿਵਸ ਪ੍ਰੋਗਰਾਮਾਂ ਦੀ ਇਹ ਲੜੀ, ਜਿਸ ਵਿੱਚ ਅੰਤਰਰਾਸ਼ਟਰੀ ਕੁਇਜ਼ ਮੁਕਾਬਲੇ, ਵਿਸ਼ੇਸ਼ ਬੁਲਾਰਿਆਂ ਦੁਆਰਾ ਭਾਸ਼ਣ ਲੜੀ, ਸੱਭਿਆਚਾਰਕ ਪ੍ਰੋਗਰਾਮ ਅਤੇ ਹੋਰ ਬਹੁਤ ਸਾਰੀਆਂ ਗਤੀਵਿਧੀਆਂ ਸ਼ਾਮਲ ਸਨ, ਦੀ ਸਮਾਪਤੀ ਮੌਕੇ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਦੇ ਚੇਅਰਮੈਨ ਪ੍ਰੋ. ਐਮ. ਜਗਦੀਸ਼ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ “ਟਿਕਾਊ ਵਿਕਾਸ ਲਈ ਸਿੱਖਿਆ” ਵਿਸ਼ੇ ‘ਤੇ ‘ਸਥਾਪਨਾ ਦਿਵਸ ਭਾਸ਼ਣ’ ਦਿੱਤਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਮੋਢੀ ਵਾਈਸ ਚਾਂਸਲਰ ਪ੍ਰੋ. ਜੈ ਰੂਪ ਸਿੰਘ ਪ੍ਰੋਗਰਾਮ ਵਿੱਚ ਗੈਸਟ ਆਫ਼ ਆਨਰ ਵਜੋਂ ਸ਼ਾਮਲ ਹੋਏ। ਇਸ ਪ੍ਰੋਗਰਾਮ ਵਿੱਚ ਉੱਘੇ ਸਿੱਖਿਆ ਸ਼ਾਸਤਰੀ ਪ੍ਰੋ. ਬੂਟਾ ਸਿੰਘ (ਵਾਈਸ ਚਾਂਸਲਰ, ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨੀਕਲ ਯੂਨੀਵਰਸਿਟੀ) ਅਤੇ ਪ੍ਰੋ. ਗੁਰਮੇਲ ਸਿੰਘ (ਵਾਈਸ ਚਾਂਸਲਰ, ਅਕਾਲ ਯੂਨੀਵਰਸਿਟੀ) ਨੇ ਵਿਸ਼ੇਸ਼ ਮਹਿਮਾਨ ਵਜੋਂ ਭਾਗ ਲਿਆ।
ਇਸ ਮੌਕੇ ਮੁੱਖ ਮਹਿਮਾਨ ਪ੍ਰੋ. ਐਮ. ਜਗਦੀਸ਼ ਕੁਮਾਰ ਨੇ ਸੀਯੂਪੀਬੀ ਪਰਿਵਾਰ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਤੇਰ੍ਹਾਂ ਸਾਲ ਪੂਰੇ ਕਰਨ ‘ਤੇ ਵਧਾਈ ਦਿੱਤੀ। ਆਨਲਾਈਨ ਪਲੇਟਫਾਰਮ ਰਾਹੀਂ ਭਾਗੀਦਾਰਾਂ ਨੂੰ ਸੰਬੋਧਨ ਕਰਦਿਆਂ ਪ੍ਰੋਫੈਸਰ ਜਗਦੀਸ਼ ਕੁਮਾਰ ਨੇ ਕਿਹਾ ਕਿ ਵਿਗਿਆਨ ਅਤੇ ਤਕਨਾਲੋਜੀ ਦੀਆਂ ਕਾਢਾਂ ਨੇ ਸਾਡੇ ਜੀਵਨ ਨੂੰ ਕੁਝ ਹੱਦ ਤੱਕ ਸੁਖਾਲਾ ਬਣਾਇਆ ਹੈ, ਪਰ ਨਾਲ ਹੀ ਪਲਾਸਟਿਕ ਕੂੜੇ ਦੇ ਉਤਪਾਦਨ ਦੇ ਨਾਲ-ਨਾਲ ਕੁਦਰਤੀ ਸਰੋਤਾਂ ਦੀ ਵੱਧ ਵਰਤੋਂ ਨੇ ਸਾਡੇ ਵਾਤਾਵਰਨ ਨੂੰ ਜ਼ਿਆਦਾ ਪ੍ਰਦੂਸ਼ਿਤ ਵੀ ਕੀਤਾ ਹੈ। ਉਹਨਾਂ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਟਿਕਾਊ ਵਿਕਾਸ ਦੇ ਸੰਕਲਪ ਨੂੰ ਸਾਰਿਆਂ ਦੇ ਸਾਂਝੇ ਯਤਨਾਂ, ਚੰਗੇ ਪ੍ਰਸ਼ਾਸਨ ਅਤੇ ਚੰਗੀ ਸਿੱਖਿਆ ਦੇ ਨਾਲ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ।
ਪ੍ਰੋ. ਐਮ. ਜਗਦੀਸ਼ ਕੁਮਾਰ ਨੇ ਕਿਹਾ ਕਿ “ਸਰਵੇ ਭਵੰਤੁ ਸੁਖਿਨਾਹ” ਦੇ ਫਲਸਫੇ ‘ਤੇ ਆਧਾਰਿਤ ਭਾਰਤੀ ਸੰਸਕ੍ਰਿਤੀ ਅਤੇ ਸੱਭਿਅਤਾ ਨੇ ਹਮੇਸ਼ਾ ਹੀ ਮਨੁੱਖ ਨੂੰ ਕੁਦਰਤ ਨਾਲ ਇਕਸੁਰ ਹੋ ਕੇ ਰਹਿਣ ਦਾ ਸਿੱਖਿਆ ਦਿੱਤੀ ਹੈ। ਉਹਨਾਂ ਨੇ ਇਸ ਗੱਲ ਤੇ ਜੋਰ ਦਿੱਤਾ ਕਿ ਟਿਕਾਊ ਵਿਕਾਸ ਟੀਚਿਆਂ ਨੂੰ ਪ੍ਰਾਪਤ ਕਰਨ ਲਈ, ਉੱਚ ਸਿੱਖਿਆ ਸੰਸਥਾਵਾਂ ਨੂੰ ਨੌਜਵਾਨਾਂ ਵਿੱਚ ਵਾਤਾਵਰਣ-ਅਨੁਕੂਲ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਅਤੇ ਉਨ੍ਹਾਂ ਨੂੰ ਵਿਸ਼ਵ ਨਾਗਰਿਕ ਬਣਨ ਲਈ ਪ੍ਰੇਰਿਤ ਕਰਨ ਲਈ ਮੁੱਲ ਅਧਾਰਤ ਸਿੱਖਿਆ ਪ੍ਰਦਾਨ ਕਰਨ ਦੀ ਲੋੜ ਹੈ। ਇਸ ਦੇ ਨਾਲ ਹੀ, ਉਹਨਾਂ ਨੇ ਨੌਜਵਾਨ ਪੀੜ੍ਹੀ ਨੂੰ ਮਹਾਤਮਾ ਗਾਂਧੀ ਤੋਂ ਪ੍ਰੇਰਨਾ ਲੈ ਕੇ ਸਾਦੀ ਜੀਵਨ ਸ਼ੈਲੀ ਅਪਣਾਉਣ ਅਤੇ ਵਾਤਾਵਰਨ ਦੀ ਸੁਰੱਖਿਆ ਲਈ ਕੰਮ ਕਰਨ ਲਈ ਪ੍ਰੇਰਿਤ ਕੀਤਾ।
ਪ੍ਰੋਗਰਾਮ ਦੇ ਸਨਮਾਨਿਤ ਮਹਿਮਾਨ ਅਤੇ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਪ੍ਰੋ. ਜੈ ਰੂਪ ਸਿੰਘ ਨੇ ਖੁਸ਼ੀ ਜ਼ਾਹਰ ਕੀਤੀ ਕਿ ਪੰਜਾਬ ਕੇਂਦਰੀ ਯੂਨੀਵਰਸਿਟੀ, ਜਿਸ ਨੇ 2009 ਵਿੱਚ ਸਿਰਫ਼ 10 ਵਿਦਿਆਰਥੀਆਂ ਨਾਲ ਇੱਕ ਛੋਟੇ ਕੈਂਪ ਦਫ਼ਤਰ ਤੋਂ ਆਪਣਾ ਸਫ਼ਰ ਸ਼ੁਰੂ ਕੀਤਾ ਸੀ, ਹੁਣ 500 ਏਕੜ ਕੈਂਪਸ ਵਜੋਂ ਵਿਕਸਤ ਹੋ ਗਈ ਹੈ, ਅਤੇ ਇਹ ਯੂਨੀਵਰਸਿਟੀ ਹੁਣ ਦੇਸ਼-ਵਿਦੇਸ਼ ਦੇ ਫੈਕਲਟੀ ਅਤੇ ਵਿਦਿਆਰਥੀਆਂ ਨੂੰ ਆਕਰਸ਼ਿਤ ਕਰ ਰਹੀ ਹੈ। ਉਹਨਾਂ ਨੇ ਵਿਦਵਾਨਾਂ ਅਤੇ ਖੋਜਕਰਤਾਵਾਂ ਨੂੰ ਅੰਤਰ-ਅਨੁਸ਼ਾਸਨੀ ਖੋਜ ‘ਤੇ ਧਿਆਨ ਕੇਂਦਰਿਤ ਕਰਨ ਅਤੇ ਸਮਾਜਿਕ ਸਮੱਸਿਆਵਾਂ ਦੇ ਨਵੀਨ ਹੱਲ ਲੱਭਣ ਲਈ ਉਤਸ਼ਾਹਿਤ ਕੀਤਾ।
ਇਸ ਪ੍ਰੋਗਰਾਮ ਦੌਰਾਨ, ਵਿਸ਼ੇਸ਼ ਮਹਿਮਾਨਾਂ ਨੇ ਯੂਨੀਵਰਸਿਟੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਆਪਣੀਆਂ ਸ਼ੁਭ-ਕਾਮਨਾਵਾਂ ਦਿੱਤੀਆਂ। ਅਕਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਗੁਰਮੇਲ ਸਿੰਘ ਨੇ ਕਿਹਾ ਕਿ ਸੀਯੂਪੀਬੀ ਦੀ ਵਿਕਾਸ ਯਾਤਰਾ ਸ਼ਲਾਘਾਯੋਗ ਹੈ ਕਿਉਂਕਿ ਯੂਨੀਵਰਸਿਟੀ ਨੇ ਆਪਣੀ ਸਥਾਪਨਾ ਦੇ 13 ਸਾਲਾਂ ਦੇ ਥੋੜ੍ਹੇ ਸਮੇਂ ਵਿੱਚ ਹੀ ਸਭ ਤੋਂ ਛੋਟੀ ਉਮਰ ਦੀ ਕੇਂਦਰੀ ਯੂਨੀਵਰਸਿਟੀ ਵਜੋਂ ਐਨਆਈਆਰਐਫ 2021 ਰੈਂਕਿੰਗ (ਯੂਨੀਵਰਸਿਟੀ ਸ਼੍ਰੇਣੀ) ਵਿੱਚ 84ਵਾਂ ਸਥਾਨ ਹਾਸਲ ਕਰਨ ਅਤੇ ਨੈਕ ਦੇ ਪਹਿਲੇ ਦੌਰ ਵਿੱਚ “ਏ” ਗ੍ਰੇਡ ਮਾਨਤਾ ਪ੍ਰਾਪਤ ਕਰਨ ਵਰਗੇ ਕਈ ਮੀਲ ਪੱਥਰ ਹਾਸਲ ਕੀਤੇ ਹਨ। ਐਮਆਰਐਸ-ਪੀਟੀਯੂ ਦੇ ਵਾਈਸ ਚਾਂਸਲਰ ਪ੍ਰੋ. ਬੂਟਾ ਸਿੰਘ ਨੇ ਨੌਜਵਾਨਾਂ ਦੇ ਹੁਨਰ ਵਿਕਾਸ ਲਈ ਖੇਤਰੀ ਉੱਚ ਸਿੱਖਿਆ ਸੰਸਥਾਵਾਂ ਨਾਲ ਮਿਲ ਕੇ ਕੰਮ ਕਰਨ ਲਈ ਸੀਯੂਪੀਬੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਦੀ ਸ਼ਲਾਘਾ ਕੀਤੀ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਯੋਗ ਅਗਵਾਈ ਹੇਠ ਪੰਜਾਬ ਕੇਂਦਰੀ ਯੂਨੀਵਰਸਿਟੀ ਸਿੱਖਿਆ ਦੇ ਖੇਤਰ ਵਿੱਚ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦੀ ਨੁਮਾਇੰਦਗੀ ਕਰੇਗੀ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪ੍ਰਸਾਦ ਤਿਵਾਰੀ ਨੇ ਯੂਨੀਵਰਸਿਟੀ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕਰਨ ਲਈ ਸੀਯੂਪੀਬੀ ਦੇ ਸਾਬਕਾ ਵਾਈਸ ਚਾਂਸਲਰਜ਼ ਪ੍ਰੋ. ਜੈ ਰੂਪ ਸਿੰਘ ਅਤੇ ਪ੍ਰੋ. ਆਰ. ਕੇ. ਕੋਹਲੀ ਦਾ ਧੰਨਵਾਦ ਕੀਤਾ। ਉਹਨਾਂ ਨੇ ਕਿਹਾ ਕਿ ‘ਟਿਕਾਊ ਵਿਕਾਸ ਲਈ ਸਿੱਖਿਆ‘ ਦਾ ਮੁੱਖ ਉਦੇਸ਼ ਨੌਜਵਾਨਾਂ ਵਿੱਚ ਕੁਦਰਤ ਦੇ ਸਰੋਤਾਂ ਦੀ ਸਮਝਦਾਰੀ ਨਾਲ ਵਰਤੋਂ ਕਰਨ ਲਈ ਜਾਗਰੂਕਤਾ ਪੈਦਾ ਕਰਨਾ ਹੈ ਤਾਂ ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਸਾਡੇ ਵਾਤਾਵਰਣ ਨੂੰ ਸੁਰੱਖਿਅਤ ਰੱਖਿਆ ਜਾ ਸਕੇ। ਉਹਨਾਂ ਨੇ ਸਿਖਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਪਾਠਕ੍ਰਮ ਵਿੱਚ ਸਰਵਵਿਆਪੀ ਮਾਨਵੀ ਮੁੱਲਾਂ ਨੂੰ ਸ਼ਾਮਲ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰੋਫੈਸਰ ਤਿਵਾਰੀ ਨੇ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਯੂਨੀਵਰਸਿਟੀ ਦੇ ਵਿਕਾਸ ਵਿੱਚ ਆਪਣਾ ਸਰਵੋਤਮ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ।
ਇਸ ਸਥਾਪਨਾ ਦਿਵਸ ਸਮਾਰੋਹ ਦੌਰਾਨ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਕਰਤਾਵਾਂ, ਅਧਿਆਪਕਾਂ ਅਤੇ ਸਟਾਫ ਨੂੰ ਉਨ੍ਹਾਂ ਦੀ ਸਾਲਾਨਾ ਕਾਰਗੁਜ਼ਾਰੀ ਦੇ ਅਧਾਰ ਤੇ ਵਿਸ਼ੇਸ਼ ਪੁਰਸਕਾਰ ਅਤੇ ਪ੍ਰਸੰਸਾ ਪੱਤਰ ਦਿੱਤੇ ਗਏ। ਡਾ. ਸਚਿਨ ਕੁਮਾਰ (ਗਣਿਤ ਅਤੇ ਅੰਕੜਾ ਵਿਭਾਗ) ਅਤੇ ਡਾ. ਰੂਬਲ ਕਨੌਜੀਆ (ਜਨ ਸੰਚਾਰ ਅਤੇ ਮੀਡੀਆ ਅਧਿਐਨ ਵਿਭਾਗ) ਨੂੰ ‘ਆਉਟਸਟੈਂਡਿੰਗ ਰਿਸਰਚ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ। ਡਾ. ਵਿਨੋਦ ਕੁਮਾਰ ਅਤੇ ਡਾ. ਅਕਲੰਕ ਜੈਨ ਨੂੰ ਪੰਜ ਪ੍ਰਸੰਸਾ ਪ੍ਰਮਾਣ ਪੱਤਰ ਪ੍ਰਾਪਤ ਕਰਨ ਲਈ ‘ਯੂਨੀਵਰਸਿਟੀ ਰੋਲ ਆਫ਼ ਆਨਰ’ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾ. ਅਕਲੰਕ ਜੈਨ, ਡਾ. ਸਚਿਨ ਕੁਮਾਰ, ਡਾ. ਨਸੀਰ ਸਲਾਮ, ਡਾ. ਸ਼ਸ਼ਾਂਕ ਕੁਮਾਰ, ਪ੍ਰੋਫ਼ੈਸਰ ਰਾਜ ਕੁਮਾਰ, ਡਾ. ਪ੍ਰਫੁੱਲ ਕੁਮਾਰ ਸਾਹੂ, ਡਾ. ਅਨੂਪ ਕੁਮਾਰ, ਡਾ. ਜਸਵਿੰਦਰ ਸਿੰਘ ਭੱਟੀ, ਪ੍ਰੋਫ਼ੈਸਰ ਅੰਜਨਾ ਮੁਨਸ਼ੀ, ਪ੍ਰੋਫ਼ੈਸਰ ਅਨਿਲ ਕੁਮਾਰ ਮੰਥਾ, ਪ੍ਰੋਫ਼ੈਸਰ ਮੋਨੀਸ਼ਾ ਧੀਮਾਨ, ਡਾ. ਵਿਕਾਸ ਜੈਤਕ, ਡਾ. ਪੁਨੀਤ ਕੁਮਾਰ, ਡਾ. ਕ੍ਰਿਸ਼ਨਾ ਕਾਂਤਾ ਹਲਦਰ, ਡਾ. ਅਸ਼ੋਕ ਕੁਮਾਰ, ਡਾ. ਯੋਗਾਲਕਸ਼ਮੀ ਕੇ.ਐਨ., ਡਾ. ਸੰਦੀਪ ਸਿੰਘ, ਡਾ. ਉਮਾ ਸ਼ੰਕਰ, ਡਾ. ਸੁਨੀਲ ਮਿੱਤਲ, ਡਾ. ਸੁਰੇਸ਼ ਥਰੇਜਾ, ਡਾ. ਵਰਿੰਦਰ ਸਿੰਘ, ਡਾ. ਮੰਜੂ ਜੈਨ, ਡਾ. ਪ੍ਰੀਤਮ ਚੰਦ ਅਤੇ ਡਾ. ਅੱਛੇ ਲਾਲ ਨੂੰ ਖੋਜ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਪ੍ਰੋ. ਰਾਜ ਕੁਮਾਰ, ਪ੍ਰੋ. ਫੇਲਿਕਸ ਬਾਸਤ ਅਤੇ ਡਾ. ਜੇ.ਕੇ. ਪਟਨਾਇਕ ਨੂੰ ਉਹਨਾਂ ਦੇ ਵਿਸ਼ਿਆਂ ਵਿੱਚ ਸ਼ਲਾਘਾਯੋਗ ਕੰਮ ਲਈ ਪ੍ਰਸ਼ੰਸਾ ਪੱਤਰ ਦਿੱਤਾ ਗਿਆ। ਪੀਐਚਡੀ ਦੇ ਵਿਦਿਆਰਥੀ ਅਤੁਲ ਕੁਮਾਰ ਸਿੰਘ ਅਤੇ ਰਿਤੂ ਆਰੀਆ ਨੂੰ ਸਾਲ 2021 ਵਿੱਚ ਸਭ ਤੋਂ ਵੱਧ ਖੋਜ-ਪੱਤਰ ਪ੍ਰਕਾਸ਼ਿਤ ਕਰਨ ਲਈ ਸਨਮਾਨਿਤ ਕੀਤਾ ਗਿਆ। ਸ਼ਵੇਤਾ ਬਾਵਾ, ਦੀਪਕ ਕੁਮਾਰ ਅਤੇ ਜੋਤੀ ਸਿੰਘ ਨੇ ਸਰਵੋਤਮ ਨਾਨ-ਟੀਚਿੰਗ ਸਟਾਫ ਲਈ ਰਜਿਸਟਰਾਰ ਵੱਲੋਂ ਸਨਮਾਨ ਪ੍ਰਾਪਤ ਕੀਤਾ।
ਪੁਰਸਕਾਰ ਵੰਡ ਸਮਾਰੋਹ ਤੋਂ ਬਾਅਦ ਵਿਦਿਆਰਥੀਆਂ ਨੇ ਇਕ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਅੰਤ ਵਿੱਚ ਯੂਨੀਵਰਸਿਟੀ ਦੇ ਰਜਿਸਟਰਾਰ ਸ੍ਰੀ ਕੰਵਲ ਪਾਲ ਸਿੰਘ ਮੁੰਦਰਾ ਨੇ ਰਸਮੀ ਰੂਪ ਵਿੱਚ ਧੰਨਵਾਦ ਦਾ ਮਤਾ ਪੇਸ਼ ਕੀਤਾ।
Author: DISHA DARPAN
Journalism is all about headlines and deadlines.