ਬਠਿੰਡਾ, 1 ਮਾਰਚ (ਰਾਵਤ ) : ਜ਼ਿਲ੍ਹਾ ਭਾਸ਼ਾ ਵਿਭਾਗ ਤੇ ਪੰਜਾਬ ਸਾਹਿਤ ਅਕਾਦਮੀ, ਚੰਡੀਗੜ੍ਹ ਨੇ ਸਥਾਨਕ ਡੀ.ਏ.ਵੀ ਕਾਲਜ ਦੇ ਸਹਿਯੋਗ ਨਾਲ ‘ਅੰਤਰਰਾਸ਼ਟਰੀ ਮਾਤ ਭਾਸ਼ਾ ਸਪਤਾਹ’ ਅਧੀਨ ਵਿਦਿਆਰਥੀਆਂ ਦੇ ਸਾਹਿਤਕ ਮੁਕਾਬਲੇ ਕਰਵਾਏ। ਇਨ੍ਹਾਂ ਮੁਕਾਬਲਿਆਂ ਵਿਚ ਜ਼ਿਲ੍ਹੇ ਦੇ ਵੱਖ-ਵੱਖ ਕਾਲਜਾਂ ਨੇ ਭਾਗ ਲਿਆ। ਵਿਦਿਆਰਥੀਆਂ ਨੇ ਇਨ੍ਹਾਂ ਮੁਕਾਬਲਿਆਂ ਦੌਰਾਨ ਖ਼ਬਰਾਂ ਪੜ੍ਹਨਾ, ਅਧੂਰੇ ਅਖਾਣ, ਮੁਹਾਵਰੇ ਪੂਰੇ ਕਰਨੇ ਤੇ ਲੋਕ ਗੀਤਾਂ ਦੀਆਂ ਵੰਨਗੀਆਂ ਦੀ ਪਛਾਣ ਵਿੱਚ ਹਿੱਸਾ ਲਿਆ। ਇਸ ਮੌਕੇ ਜ਼ਿਲ੍ਹਾ ਭਾਸ਼ਾ ਅਫ਼ਸਰ ਸ. ਕਿਰਪਾਲ ਸਿੰਘ ਨੇ ਦੱਸਿਆ ਕਿ ਜ਼ਿਲ੍ਹਾ ਭਾਸ਼ਾ ਵਿਭਾਗ ਮਾਤ ਭਾਸ਼ਾ ਦਿਵਸ ਨੂੰ ਇੱਕ ਸਪਤਾਹ ਵਜੋਂ ਮਨਾਉਣ ਲਈ ਵਿਲੱਖਣ ਤਰ੍ਹਾਂ ਦੇ ਸਾਹਿਤਕ ਮੁਕਾਬਲੇ ਕਰਵਾ ਰਿਹਾ ਹੈ ਤਾਂ ਕਿ ਵਿਦਿਆਰਥੀਆਂ ਨੂੰ ਮਾਂ ਬੋਲੀ ਤੇ ਇਸਦੇ ਅਮੀਰ ਵਿਰਸੇ ਨਾਲ ਜੋੜਿਆ ਜਾ ਸਕੇ। ਇਸ ਮੌਕੇ ਲੋਕ ਧਾਰਾ ਵਿੱਚ ਵੱਖਰਾ ਮੁਕਾਮ ਰੱਖਣ ਵਾਲੇ ਡਾ. ਜੀਤ ਸਿੰਘ ਜੋਸ਼ੀ ਨੇ ਅਧੂਰੇ ਅਖਾਣ, ਮੁਹਾਵਰੇ ਅਤੇ ਲੋਕ ਗੀਤ ਦੀਆਂ ਵੰਨਗੀਆਂ ਦੀ ਪਛਾਣ ਪ੍ਰਸ਼ਨੋਤਰੀ ਮੁਕਾਬਲਿਆਂ ਦਾ ਸੰਚਾਲਨ ਕੀਤਾ।ਇਸ ਮੌਕੇ ਖੋਜ ਅਫ਼ਸਰ ਸ਼੍ਰੀ ਨਵਪ੍ਰੀਤ ਸਿੰਘ ਨੇ ਦੱਸਿਆ ਕਿ ਖ਼ਬਰਾਂ ਪੜ੍ਹਨਾ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਦੀ ਵਿਦਿਆਰਥਣ ਪੂਨਮ ਸ਼ਰਮਾ ਨੇ ਪਹਿਲਾ ਸਥਾਨ, ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਭਗਤਾ ਭਾਈਕਾ ਦੇ ਵਿਦਿਆਰਥਣ ਮਨਜੀਤ ਕੌਰ ਨੇ ਦੂਜਾ ਅਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਵਿਦਿਆਰਥਣ ਸੁਰਜੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਸ਼੍ਰੀ ਨਵਪ੍ਰੀਤ ਨੇ ਅੱਗੇ ਦੱਸਿਆ ਕਿ ਅਧੂਰੇ ਅਖਾਣ/ਮੁਹਾਵਰੇ ਪੂਰੇ ਕਰਨਾ ਮੁਕਾਬਲੇ ਵਿੱਚ ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਨੇ ਪਹਿਲਾ, ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਦੂਜਾ ਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਟੀਮ ਨੇ ਤੀਜਾ ਸਥਾਨ ਪ੍ਰਾਪਤ ਕੀਤਾ।
ਖੋਜ ਅਫ਼ਸਰ ਨੇ ਅੱਗੇ ਦੱਸਿਆ ਕਿ ਲੋਕ ਗੀਤ ਦੀਆਂ ਵੰਨਗੀਆਂ ਦੀ ਪਛਾਣ ਮੁਕਾਬਲੇ ਵਿੱਚ ਫ਼ਤਿਹ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਨੇ ਪਹਿਲੇ, ਪੰਜਾਬੀ ਯੂਨੀਵਰਸਿਟੀ ਕਾਲਜ ਘੁੱਦਾ ਨੇ ਦੂਜਾ ਤੇ ਸਰਕਾਰੀ ਰਜਿੰਦਰਾ ਕਾਲਜ ਬਠਿੰਡਾ ਦੀ ਟੀਮ ਨੇ ਤੀਜੇ ਸਥਾਨ ਪ੍ਰਾਪਤ ਕੀਤਾ। ਸਮਾਗਮ ਮੌਕੇ ਵਿਸ਼ੇਸ਼ ਮਹਿਮਾਨ ਡਾ. ਰਜਿੰਦਰ ਸਿੰਘ, ਮੁੱਖ ਮਹਿਮਾਨ ਪ੍ਰੋ. ਪ੍ਰਵੀਨ ਗਰਗ, ਡੀਏਵੀ ਕਾਲਜ ਬਠਿੰਡਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਵਿੰਦਰ ਸਿੰਘ ਤੇ ਐਸੋਸੀਏਟ ਪ੍ਰੋਫ਼ੈਸਰ ਪੰਜਾਬੀ ਸੁਖਦੀਪ ਕੌਰ, ਸ਼ਹਿਰ ਦੇ ਉੱਘੇ ਸਾਹਿਤਕਾਰਾਂ ਵਿੱਚੋਂ ਸੁਖਦਰਸ਼ਨ ਗਰਗ, ਲਛਮਣ ਸਿੰਘ ,ਅਮਰਜੀਤ ਸਿੰਘ ਸਿੱਧੂ, ਐਸੋਸੀਏਟ ਪ੍ਰੋਫ਼ੈਸਰ ਸਰਕਾਰੀ ਕਾਲਜ (ਲੜਕੀਆਂ) ਸਿਰਸਾ ਤੇ ਮੈਂਬਰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਡਾ. ਹਰਵਿੰਦਰ ਸਿੰਘ, ਵਾਈਸ ਪ੍ਰਿੰਸੀਪਲ ਡੀ. ਏ. ਵੀ. ਕਾਲਜ ਬਠਿੰਡਾ ਤੇ ਪੋਸਟ ਗ੍ਰੈਜੂਏਟ ਵਿਭਾਗ, ਪੰਜਾਬੀ ਯੂਨੀਵਰਸਿਟੀ ਰਿਜਨਲ ਸੈਂਟਰ ਮੌਜੂਦ ਰਹੇ।
Author: DISHA DARPAN
Journalism is all about headlines and deadlines.