ਲੁਧਿਆਣਾ 14 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਆਪਣੀਆਂ ਮੰਗਾਂ ਸੰਬੰਧੀ 8 ਨਵੰਬਰ ਤੋਂ ਸੂਬੇ ਭਰ ‘ਚ ਚੱਲ ਰਹੀ ਕਲਮਛੋੜ ਹੜਤਾਲ ਅੱਜ 35ਵੇਂ ਦਿਨ ਵਿੱਚ ਸ਼ਾਮਲ ਹੋ ਗਈ ਹੈ, ਜਿਸ ਦੌਰਾਨ ਮੁਲਾਜ਼ਮਾਂ ਦੇ ਭਾਰੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਪ੍ਰਧਾਨ ਸੰਜੀਵ ਭਾਰਗਵ ਨੇ ਕਿਹਾ ਕਿ ਸੂਬਾ ਕਮੇਟੀ ਵੱਲੋਂ ਦਿੱਤੇ ਗਏ ਐਕਸ਼ਨ ਅਨੁਸਾਰ ਅੱਜ ਅਰਥੀ ਫੂਕ ਮੁਜ਼ਾਹਰਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਦਾ ਪੁਤਲਾ ਫੂਕਿਆ ਜਾ ਰਿਹਾ ਹੈ ਅਤੇ ਸਮੂਹ ਕਾਮੇਂ ਮਿਤੀ 14.12.2023 ਤੋਂ ਮਿਤੀ 15.12.2023 ਤੱਕ ਸਮੂਹਿਕ ਛੁੱਟੀ ਲੈਕੇ ਸਰਕਾਰੀ ਦਫਤਰਾਂ ਦਾ ਮੁਕੰਮਲ ਤੌਰ ਤੇ ਬਾਈਕਾਟ ਕਰਨਗੇ ।ਇਸ ਦੌਰਾਨ ਸੂਬਾ ਵਧੀਕ ਜਨਰਲ ਸਕੱਤਰ ਅਮਿਤ ਅਰੋੜਾ ਨੇ ਕਿਹਾ ਕਿ ਜੇਕਰ ਪੰਜਾਬ ਸਰਾਕਰ ਹੱਲੇ ਵੀ ਮੁਲਾਜ਼ਮਾਂ ਦੀ ਮੰਗਾ ਦਾ ਹੱਲ ਨਹੀਂ ਕਰਦੀ ਤਾਂ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਤਿੱਖਾ ਐਕਸ਼ਨ ਦਿੱਤਾ ਜਾਵੇਗਾ । ਜਿਸ ਵਿੱਚ ਵੱਖ-ਵੱਖ ਜੱਥੇਬੰਦੀਆਂ ਨੂੰ ਵੀ ਨਾਲ ਇਕੱਠਾ ਕਰਕੇ ਸੰਘਰਸ਼ ਦੀ ਇਕ ਨਵੀਂ ਰੂਪ ਰੇਖਾ ਤਿਆਰ ਕੀਤੀ ਜਾਵੇਗੀ । ਇਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਸੂਬਾ ਕਮੇਟੀ ਦੀ ਅਗਲੀ ਮੀਟਿੰਗ ਅਮ੍ਰਿਤਸਰ ਵਿਖੇ ਮਿਤੀ 16.12.2023 ਨੂੰ ਹੋਣ ਜਾ ਰਹੀ ਹੈ । ਜਿਸ ਵਿੱਚ ਆਉਣ ਵਾਲੇ ਸੰਘਰਸ਼ ਸਬੰਧੀ ਰਣਨੀਤੀ ਤਿਆਰ ਕੀਤੀ ਜਾਵੇਗੀ । ਜ਼ਿਲ੍ਹਾ ਵਿੱਤ ਸਕੱਤਰ ਸੁਨੀਲ ਕੁਮਾਰ ਨੇ ਕਿਹਾ ਕਿ ਪਿਛਲੇ 35 ਦਿਨਾਂ ਤੋਂ ਚੱਲ ਰਹੀ ਹੜਤਾਲ ਤੋਂ ਆਮ ਪਬਲਿਕ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ, ਜਿਸ ਵਿੱਚ ਪ੍ਰਤੱਖ ਰੂਪ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਸਿੱਧੇ ਰੂਪ ਵਿੱਚ ਜਿੰਮੇਵਾਰ ਹਨ । ਮੁੱਖ ਮੰਤਰੀ ਵੱਲੋਂ ਜੱਥੇਬੰਦੀ ਨੂੰ ਵਾਰ ਵਾਰ ਮੀਟਿੰਗਾਂ ਦੇਣ ਦੇ ਬਾਵਜੂਦ ਮੀਟਿੰਗ ਨਾ ਕਰਨਾ ਸਿੱਧੇ ਤੌਰ ਤੇ ਦਰਸਾਉਂਦਾ ਹੈ ਕਿ ਮੁੱਖ ਮੰਤਰੀ ਮਾਨ ਵੱਲੋਂ ਸੂਬੇ ਦੇ ਮੁੱਦਿਆਂ ਸੰਬੰਧੀ ਬਿਲਕੁਲ ਵੀ ਸੰਜੀਦਗੀ ਨਹੀਂ ਦਿਖਾਈ ਜਾ ਰਹੀ । ਮੁਲਾਜ਼ਮਾਂ ਦੇ ਇੱਕਠ ਨੂੰ ਸੰਬੋਧਤ ਕਰਦੇ ਹੋਏ ਜ਼ਿਲ੍ਹਾ ਸੀ.ਪੀ.ਐੱਫ. ਪ੍ਰਧਾਨ ਸੰਦੀਪ ਭਾਂਬਕ ਵੱਲੋਂ ਕਿਹਾ ਗਿਆ ਕਿ ਮਿਤੀ 04/01/2024 ਨੂੰ ਮਾਣਯੋਗ ਮੁੱਖ ਮੰਤਰੀ ਸਾਹਿਬ ਵੱਲੋਂ ਸੀ.ਪੀ.ਐੱਫ. ਦੇ ਨੁਮਾਇੰਦਿਆਂ ਨੂੰ ਜੋ ਮੀਟਿੰਗ ਦਿੱਤੀ ਗਈ ਹੈ ਉਸ ਵਿੱਚ ਜੇਕਰ ਪੁਰਾਣੀ ਪੈਨਸ਼ਨ ਬਹਾਲ ਨਹੀਂ ਹੁੰਦੀ ਤਾਂ ਸੰਘਰਸ਼ ਨੂੰ ਤਿੱਖਾ ਕਰਦੇ ਹੋਏ ਮੁਹਾਲੀ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ ਜਿਵੇਂ ਜਲਾਲਾਬਾਦ ਅਤੇ ਬਠਿੰਡੇ ਵਿਖੇ ਪੱਕਾ ਮੋਰਚਾ ਲਗਵਾਇਆ ਗਿਆ ਸੀ । ਇਸ ਦੌਰਾਨ ਮੁੱਖ ਬੁਲਾਰੇ ਤਲਵਿੰਦਰ ਸਿੰਘ ਵਾਟਰ ਸਪਲਾਈ ਵਿਭਾਗ, ਜਗਦੇਵ ਸਿੰਘ ਖੇਤੀਬਾੜੀ ਵਿਭਾਗ, ਰਣਜੀਤ ਸਿੰਘ ਜੱਸੜ, ਜਸਵੀਰ ਸਿੰਘ ਹੈਲਥ ਡਿਪਾਰਟਮੈਂਟ, ਦਲੀਪ ਸਿੰਘ ਪੈਨਸ਼ਰ, ਰਜਨੀ ਦਹੂਜਾ, ਕੁਲਵੰਤ ਕੌਰ, ਧਰਮਪਾਲ ਸਿੰਘ ਪਾਲੀ ਅਤੇ ਹਰਵਿੰਦਰ ਸਿੰਘ ਅਬਕਾਰੀ ਅਤੇ ਕਰ ਵਿਭਾਗ, ਧਰਮ ਸਿੰਘ ਫੂਡ ਸਪਲਾਈ, , ਅਮਨ ਪਰਾਸ਼ਰ ਰੋਡਵੇਜ਼, ਅਤੇ ਹੋਰ ਬਹੁਤ ਸਾਰੇ ਵਿਭਾਗਾਂ ਦੇ ਆਗੂਆਂ ਨੇ ਵੀ ਇਕੱਠ ਨੂੰ ਸੰਬੋਧਿਤ ਕੀਤਾ ।
Author: DISHA DARPAN
Journalism is all about headlines and deadlines.