ਬਠਿੰਡਾ,19 ਜੁਲਾਈ(ਚਾਨੀ)ਸੰਗਤ ਮੰਡੀ ਨੇੜੇ ਪੈਂਦੀ ਸ਼ਰਾਬ ਫੈਕਟਰੀ ਦੇ ਕੈਮੀਕਲ ਵਾਲ਼ੇ ਦੂਸ਼ਿਤ ਪਾਣੀ ਨੂੰ ਫੈਕਟਰੀ ਦੁਆਰਾ ਚੋਰ-ਮੋਰੀ ਰਾਹੀਂ ਸੇਮ ਨਾਲ਼ੇ ‘ਚ ਛੱਡਣ ਦਾ ਮੁੱਦਾ ਉਸ ਸਮੇਂ ਭਖ ਗਿਆ ਜਦ ਇਸ ਦਾ ਪਤਾ ਮੌਕੇ ਦੀ ਵੀਡੀਓ ਰਾਹੀਂ ਵੱਖ-ਵੱਖ ਪਿੰਡਾਂ ਦੇ ਲੋਕਾਂ ਨੂੰ ਲੱਗਿਆ ।

ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਜਸਵੀਰ ਮਛਾਣਾ,ਗਗਨਦੀਪ ਮਛਾਣਾ ਨੇ ਦੱਸਿਆ ਕਿ ਫੈਕਟਰੀ ਵੱਲੋਂ ਦਿਨ ਸਮੇਂ ਡੱਗ ਵਿੱਚ ਜਮ੍ਹਾਂ ਕੀਤਾ ਜਾਂਦਾ ਕੈਮੀਕਲ ਯੁਕਤ ਦੂਸ਼ਿਤ ਪਾਣੀ ਰਾਤ ਸਮੇਂ ਕੰਧ ਹੇਠਾਂ ਲੁਕਵੇਂ ਰੂੂਪ ਵਿੱਚ ਕੀਤੇ ਮੋਰ੍ਹੇ ਰਾਹੀਂ ਸੇਮ ਨਾਲ਼ੇ ਵਿੱਚ ਛੱਡ ਦਿੱਤਾ ਜਾਂਦਾ ਹੈ ਜੋ ਕਿ ਬਹੁਤ ਹੀ ਹਾਨੀਕਾਰਕ ਹੈ ਅਤੇ ਅਨੇਕਾਂ ਪ੍ਰਕਾਰ ਦੀਆਂ ਭਿਆਨਕ ਬੀਮਾਰੀਆਂ ਨੂੰ ਸੱਦਾ ਦਿੰਦਾ ਹੈ।ਉਨ੍ਹਾਂ ਅੱਗੇ ਦੱਸਿਆ ਕਿ ਬੀਤੀ ਰਾਤ ਜਦ ਇਹ ਪਾਣੀ ਛੱਡਿਆ ਗਿਆ ਤਾਂ ਉੁਨ੍ਹਾਂ ਵੱਲੋਂ ਚਿੱਕੜ ਅਤੇ ਕੰਡਿਆਂ ਵਿੱਚੋਂ ਔਖੇ-ਸੌਖੇ ਲੰਘਦਿਆਂ ਇਸ ਦੀ ਵੀਡੀਓ ਬਣਾ ਕੇ ਕੁਝ ਵਟਸਪ ਗਰੁੱਪਾਂ ‘ਚ ਸਾਂਝੀ ਕੀਤੀ ਗਈ ਜਿਸ ਨੂੰ ਦੇਖ ਕੇ ਸਵੇਰ ਹੁੰਦਿਆਂ ਹੀ ਵੱਡੀ ਗਿਣਤੀ ‘ਚ ਸੰਗਤ,ਮਛਾਣਾ ਆਦਿ ਪਿੰਡਾਂ ਦੇ ਲੋਕ ਜਦ ਮੌਕਾ ਦੇਖਣ ਪੁੱਜੇ ਤਾਂ ਫੈਕਟਰੀ ਦੇ ਕਰਮਚਾਰੀ ਇਹ ਮੋਘਾ ਬੰਦ ਕਰ ਰਹੇ ਸਨ ਅਤੇ ਵਿਅਕਤੀਆਂ ਨੂੰ ਦੇਖ ਕੇ ਉਹ ਉਥੋਂ ਭੱਜ ਤੁਰੇ।ਪਰ ਲੋਕਾਂ ਵੱਲੋਂ ਫੈਕਟਰੀ ਦੀ ਇਸ ਲਾਪਰਵਾਹੀ ਅਤੇ ਮਨਮਰਜ਼ੀ ਖਿਲ਼ਾਫ ਤੁਰੰਤ ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਅਤੇ ਫੈਕਟਰੀ ਵਿਰੁੱਧ ਮੁਰਦਾਬਾਦ ਦੇ ਨਾਅਰੇ ਲਗਾਏ।ਜਿਵੇਂ-ਜਿਵੇਂ ਇਸ ਗੱਲ ਦੀ ਸੂਚਨਾ ਮਿਲਦੀ ਗਈ ਵੱਖ-ਵੱਖ ਪਿੰਡਾਂ ਦੇ ਲੋਕ ਅਤੇ ਹੋਰ ਜਥੇਬੰਦੀਆਂ ਦੇ ਆਗੂ ਪਹੁੰਚਣ ਲੱਗੇ।ਪ੍ਰਦੂਸ਼ਣ ਬੋਰਡ ਦੇ ਅਧਿਕਾਰੀਆਂ ਦੀ ਕਰਵਾਈ ਮੁਕੰਮਲ ਹੋਣ ਤੱਕ ਫੈਕਟਰੀ ਦੇ ਬਾਹਰ ਬੈਠੇ ਰਹੇ।ਇਸ ਮੌਕੇ ਮੱਘਰ ਸਿੰਘ,ਰਾਜੂ ਦੁਨੇਵਾਲ਼ਾ,ਜਗਦੀਸ਼ ਸਿੰਘ ਦੁਨੇਵਾਲ਼ਾ,ਸੰਦੀਪ ਸਿੰਘ,ਰਜਿੰਦਰ ਸਿੰਘ ,ਕਾਕਾ,ਰਾਮ ਸਿੰਘ ਕੋਟਗੁਰੂ,ਜੱਗਾ ਸਿੰਘ,ਜਸਵੀਰ ਸਿੰਘ ਮਛਾਣਾ,ਗਗਨ ਮਛਾਣਾ, ਅਰਸ਼ਦੀਪ, ਲਵ ਮਛਾਣਾ, ਰੇਸ਼ਮ ਸਿੰਘ ਸੰਗਤ ਅਤੇ ਪਿੰਡ ਦੁਨੇਵਾਲਾ ਦੇ ਸਾਬਕਾ ਸਰਪੰਚ ਗੁਰਦੀਪ ਸਿੰਘ ਮੌਜੂਦ ਰਹੇ ।

ਜਾਂਚ ਉਪਰੰਤ ਗੱਡੀ ‘ਚ ਬੈਠ ਖਿਸਕਦੇ ਬਣੇ ਪ੍ਰਦੂਸ਼ਣ ਅਧਿਕਾਰੀ :-
ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਦਿੱਤੇ ਸਮੇਂ ਤੋਂ ਕਾਫ਼ੀ ਸਮਾਂ ਦੇਰੀ ਨਾਲ਼ ਆਉਣ ਬਾਅਦ ਫੈਕਟਰੀ ਦਾ ਸੇਮ ਨਾਲੇ ਵੱਲ ਪੈਂਦੇ ਪਾਣੀ ਦਾ ਮੌਕਾ ਦੇਖਣ ਤੋਂ ਬਾਅਦ ਜਦ ਇਸ ਬਾਰੇ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਬੜੀ ਬੇਰੁਖੀ ਨਾਲ ਹੋਰ ਜਾਂਚ ਕਰਨ ਬਾਰੇ ਆਖ ਕੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।ਇਸ ਤੋਂ ਬਾਅਦ ਫੈਕਟਰੀ ਅੰਦਰ ਤਕਰੀਬਨ ਢਾਈ-ਤਿੰਨ ਘੰਟੇ ਬਿਤਾਉਣ ਉਪਰੰਤ ਅੱਜ ਦੀ ਜਾਂਚ ਬਾਰੇ ਬਿਨਾਂ ਕੁਝ ਦੱਸਿਆਂ ਗੱਡੀ ਵਿੱਚ ਬੈਠ ਕੇ ਉਥੋਂ ਕਾਹਲੀ ਨਾਲ਼ ਨਿਕਲ਼ ਗਏ।ਇਸ ਸੰਬੰਧੀ ਮੌਜੂਦ ਲੋਕਾਂ ਦੇ ਦੱਸਣ ਮੁਤਾਬਕ ਢਾਈ-ਤਿੰਨ ਘੰਟਿਆਂ ਦੀ ਜਾਂਚ ਦੌਰਾਨ ਦੋ ਜਗ੍ਹਾ ਤੋਂ ਸੈਂਪਲ਼ ਲਏ ਗਏ ਹਨ ਜਿੰਨ੍ਹਾਂ ਦੀ ਰਿਪੋਰਟ ਲਈ 15 ਦਿਨ ਦਾ ਸਮਾਂ ਲਗੇਗਾ।

-ਲੋਕਾਂ ਦੇ ਹੱਕ ‘ਚ ਨਿੱਤਰੀ ਸ਼੍ਰੋਮਣੀ ਅਕਾਲੀ ਦਲ-
ਫੈਕਟਰੀ ਦੇ ਦੂਸ਼ਿਤ ਪਾਣੀ ਦੇ ਮੁੱਦੇ ਨੂੰ ਲੈ ਕੇ ਮੌਜੂਦਾ ਸੱਤਾਧਾਰੀ ਅਤੇ ਬਾਕੀ ਰਾਜਨੀਤਕ ਪਾਰਟੀਆਂ ਨਾਲ਼ੋਂ ਸ਼੍ਰੋਮਣੀ ਅਕਾਲੀ ਦਲ ਲੋਕਾਂ ਲਈ ਮੈਦਾਨ ‘ਚ ਉਤਰੀ।ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਬਠਿੰਡਾ ਜ਼ਿਲ੍ਹਾ ਯੂਥ ਪ੍ਰਧਾਨ ਕਮਲਦੀਪ ਸਿੰਘ ਸਿੱਧੂ ਨੇ ਲੋਕਾਂ ਦੇ ਇਸ ਸੰਘਰਸ਼ ਦਾ ਜ਼ੋਰਦਾਰ ਸਮਰਥਨ ਕੀਤਾ।ਉਨ੍ਹਾਂ ਕਿਹਾ ਕਿ ਜ਼ਹਿਰ ਫੈਲਾਉਣ ਲਈ ਫੈਕਟਰੀ ਨੂੰ ਕਦੇ ਵੀ ਮਨਮਰਜ਼ੀ ਨਹੀਂ ਕਰਨ ਦਿੱਤੀ ਜਾਵੇਗੀ।ਜਿੱਥੇ ਵੀ ਲੋਕਾਂ ਨੂੰ ਉਨ੍ਹਾਂ ਦੇ ਸਾਥ ਦੀ ਲੋੜ ਪਵੇਗੀ ਉਹ ਉਨ੍ਹਾਂ ਦੇ ਮੋਢੇ ਨਾਲ ਮੋਢਾ ਜੋੜਕੇ ਖੜ੍ਹਨਗੇ।
ਕੀ ਕਹਿੰਦੇ ਹਨ ਫੈਕਟਰੀ ਦੇ ਅਧਿਕਾਰੀ?
ਇਸ ਸਬੰਧੀ ਜਦ ਫੈਕਟਰੀ ਦੇ ਅਧਿਕਾਰੀ ਗੁਰਵਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜੋ ਪਾਣੀ ਮੋਘੇ ‘ਚੋਂ ਸੇਮ ਨਾਲ਼ੇ ਵੱਲ ਜਾ ਰਿਹਾ ਸੀ ਉਹ ਫੈਕਟਰੀ ਦੀਆਂ ਕਲੋਨੀਆਂ ਦਾ ਪਾਣੀ ਸੀ।ਜੇ ਇਹ ਗੱਲ ਸੱਚ ਮੰਨ ਵੀ ਲਈ ਜਾਵੇ ਤਾ ਵੀ ਪਾਣੀ ਦੇ ਵਹਿਣ ਦੀ ਮਾਤਰਾ ਇਸ ਨੂੰ ਸ਼ੱਕ ਦੇ ਘੇਰੇ ਵਿੱਚ ਲੈ ਆਉਂਦੀ ਹੈ।
ਥਾਣਾ ਮੁਖੀ ਸੰਗਤ ਵੀ ਹੋਏ ਕਾਹਲ਼ੇ ਕਦਮੀ :- ਇਸ ਮੌਕੇ ਸਥਿਤੀ ਦਾ ਜਾਇਜ਼ਾ ਲੈਣ ਪਹੁੰਚੇ ਨਵੇਂ ਥਾਣਾ ਮੁਖੀ ਸੰਗਤ ਜਾਂਚ ਦੌਰਾਨ ਤਕਰੀਬਨ ਦੋ ਘੰਟੇ ਫੈਕਟਰੀ ਅੰਦਰ ਬਿਤਾਉਣ ਮਗਰੋਂ ਜਾਂਦੇ ਸਮੇਂ ਮੌਜੂਦ ਲੋਕਾਂ ਦੇ ਦੋ ਮਿੰਟ ਇਸ ਜਾਂਚ ਸਬੰਧੀ ਗੱਲਬਾਤ ਲਈ ਬੇਨਤੀ ਕਰਨ ‘ਤੇ ਜਾਣ ਲਈ ਕਾਹਲ਼ੇ ਕਦਮੀ ਲੱਗੇ ਹਾਲਾਂਕਿ ਉਨ੍ਹਾਂ ਦਾ ਵਤੀਰਾ ਬਹੁਤ ਸਲੀਕੇ ਵਾਲ਼ਾ ਰਿਹਾ।

Author: PRESS REPORTER
Abc