ਨਰਿੰਦਰ ਕੁਮਾਰ (ਭਗਤਾ ਭਾਈ ਕਾ) 7 ਅਗਸਤ-2022
ਬਹੁਤ ਦਿਨਾਂ ਤੋਂ ਪੰਜਾਬ ਵਿੱਚ ਫੈਲੀ ਲੰਪੀ ਸਕਿਨ ਦੀ ਮਹਾਂਮਾਰੀ ਦਿਨੋ ਦਿਨ ਗੰਭੀਰ ਰੂਪ ਧਾਰਨ ਕਰ ਚੁੱਕੀ ਹੈ। ਇਸ ਬਿਮਾਰੀ ਨਾਲ ਰੋਜਾਨਾ ਹੀ ਕਿੰਨੇ ਪਸ਼ੂਆਂ ਦੀ ਮੌਤ ਹੋ ਰਹੀ ਹੈ। ਮ੍ਰਿਤਕ ਪਸ਼ੂਆਂ ਨੂੰ ਚੁੱਕਣ ਵਾਲੇ ਕਾਮਿਆਂ ਦਾ ਕਹਿਣਾ ਹੈ ਕਿ ਉਹ ਹਰ ਰੋਜ ਇੱਕ ਪਿੰਡ ਵਿਚੋਂ 10-12 ਪਸ਼ੂ ਚੁੱਕਦੇ ਹਨ। ਉਨ੍ਹਾਂ ਨੇ ਦੱਸਿਆ ਕਿ ਹੱਡਾ ਰੋੜੀ ਵਿੱਚ ਪਸ਼ੂਆਂ ਨੂੰ ਸੁੱਟਣ ਦੀ ਜਗ੍ਹਾ ਨਹੀਂ ਹੈ। ਪਿੰਡਾਂ ਵਿੱਚ ਜਿਆਦਾ ਪਸ਼ੂ ਮਰਨ ਕਾਰਨ ਹੱਡਾ ਰੋੜੀਆਂ ਵਿੱਚ ਜਗ੍ਹਾ ਭਰ ਗਈ ਹੈ ਅਤੇ ਹੋਰ ਪਸ਼ੂ ਸੁੱਟਣ ਦੀ ਜਗ੍ਹਾ ਨਹੀਂ ਹੈ। ਡਾਕਟਰਾਂ ਦੇ ਕਹਿਣ ਅਨੁਸਾਰ ਬਿਮਾਰੀ ਨਾਲ ਮਰਨ ਵਾਲੇ ਪਸ਼ੂਆਂ ਨੂੰ ਜਮੀਨ ਪੁੱਟ ਕੇ ਧਰਤੀ ਵਿੱਚ ਦਫ਼ਨਾਉਣ ਚਾਹੀਦਾ ਹੈ ਤਾਂ ਜੋ ਹਵਾ ਰਾਹੀਂ ਆਮ ਲੋਕਾਂ ਵਿੱਚ ਇਹ ਬਿਮਾਰੀ ਨਾ ਫੈਲੇ ਪਰ ਪਸ਼ੂ ਚੁੱਕਣ ਵਾਲੇ ਕਾਮਿਆਂ ਨੂੰ ਲੋੜੀਂਦੀ ਮਦਦ ਅਤੇ ਪੁਖਤਾ ਪ੍ਰਬੰਧਾਂ ਦੀ ਘਾਟ ਕਾਰਨ ਪਸ਼ੂਆਂ ਨੂੰ ਖੁੱਲ੍ਹੇ ਹੱਡਾ ਰੋੜੀ ਵਿੱਚ ਸੁੱਟਣ ਲਈ ਮਜਬੂਰ ਹਨ। ਕਿਓਕਿ ਪਸ਼ੂਆਂ ਨੂੰ ਦਫ਼ਨਾਉਣ ਵਾਸਤੇ ਜਮੀਨ ਪੁੱਟਣ ਲਈ ਜੇਸੀਬੀ ਦੀ ਜਰੂਰਤ ਪੈਂਦੀ ਹੈ,ਪਰ ਨਗਰ ਨਿਗਮ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਹੈ। ਹੱਡਾ ਰੋੜੀਆਂ ਵਿੱਚ ਹੱਥ ਧੋਣ ਲਈ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ। ਕਾਮਿਆਂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਅਖੌਤੀ ਲੀਡਰਾਂ ਵੱਲੋਂ ਮਦਦ ਕਰਨ ਦੀ ਬਜਾਏ ਉਨ੍ਹਾਂ ਨਾਲ ਮਿਲ ਕੇ ਪਸ਼ੂ ਚੁੱਕਣ ਵਾਲਿਆਂ ਤੋਂ ਹਿੱਸਾ ਪੱਤੀ ਦੀਆਂ ਗੱਲਾਂ ਕਰ ਰਹੇ ਹਨ।ਕੱਲ੍ਹ ਪਿੰਡ ਭਗਤਾ ਭਾਈਕਾ ਵਿੱਚ ਸੁਖਵਿੰਦਰ ਸਿੰਘ ਸਪੁੱਤਰ ਸਤਪਾਲ ਸਿੰਘ ਦੇ ਘਰ ਇਸੇ ਬਿਮਾਰੀ ਕਾਰਨ ਦੋ ਦੁੱਧ ਦੇਣ ਵਾਲੀਆਂ ਗਾਵਾਂ ਦੀ ਮੌਤ ਹੋ ਗਈ । ਉਨ੍ਹਾਂ ਨੇ ਸਰਕਾਰ ਵੱਲੋਂ ਇਸ ਬਿਮਾਰੀ ਦਾ ਇਲਾਜ ਲੱਭਣ ਅਤੇ ਜਿਨ੍ਹਾਂ ਦੇ ਪਸ਼ੂ ਇਸ ਬਿਮਾਰੀ ਨਾਲ ਮਰ ਰਹੇ ਹਨ ਉਨ੍ਹਾਂ ਨੂੰ ਮੁਆਵਜਾ ਦਿੱਤਾ ਜਾਵੇ।
Author: DISHA DARPAN
Journalism is all about headlines and deadlines.