ਸੰਗਤ ਮੰਡੀ ,31 ਮਈ(ਪੱਤਰ ਪ੍ਰੇਰਕ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ‘ਤੇ ਹਰ ਸਾਲ ਦੀ ਤਰ੍ਹਾਂ ਬਠਿੰਡਾ-ਡੱਬਵਾਲੀ ਸੜ੍ਹਕ ‘ਤੇ ਪੈਂਦੇ ਪਿੰਡ ਗੁਰੂਸਰ ਸੈਣੇਵਾਲਾ ਦੇ ਸਰਕਾਰੀ ਮਿਡਲ ਸਕੂਲ ਵਿਖੇ ਸਕੂਲ ਇੰਚਾਰਜ਼ ਸੁਖਜਿੰਦਰ ਸਿੰਘ ਦੀ ਅਗਵਾਈ ਵਿੱਚ ‘ਕਲਪਨਾ ਚਾਵਲਾ ਈਕੋ ਅਤੇ ਯੂਥ ਕਲੱਬ’ ਦੁਆਰਾ ‘ਵਿਸ਼ਵ ਤੰਬਾਕੂ ਵਿਰੋਧੀ ਦਿਵਸ’ ‘ਤੇ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ । ਬਹੁਤ ਹੀ ਮਹੱਤਵਪੂਰਨ ਇਹ ਦਿਵਸ ਹਰ ਸਾਲ 31 ਮਈ ਨੂੰ ਮਨਾਇਆ ਜਾਂਦਾ ਹੈ ।ਇਸ ਸਮੇਂ ਸਾਇੰਸ ਅਧਿਆਪਕ ਅਤੇ ਈਕੋ ਅਤੇ ਯੂਥ ਕਲੱਬ ਇੰਚਾਰਜ ਬਲਵਿੰਦਰ ਬਾਘਾ ਨੇ ਵਿਦਿਆਰਥੀਆਂ ਨੂੰ ਤੰਬਾਕੂ ਦੀ ਵਰਤੋਂ ਦੇ ਸਿਹਤ ਉਪਰ ਦੁਰਪ੍ਰਭਾਵਾਂ ਬਾਰੇ ਜਾਗਰੂਕ ਕੀਤਾ ।ਸਵੇਰ ਦੀ ਸਭਾ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਸਾਰੀ ਜ਼ਿੰਦਗੀ ਤੰਬਾਕੂ ਦੀ ਵਰਤੋਂ ਨਾ ਕਰਨ ਅਤੇ ਹੋਰਨਾ ਨੂੰ ਤੰਬਾਕੂ ਦਾ ਸੇਵਨ ਨਾ ਕਰਨ ਦੀ ਪ੍ਰੇਰਣਾ ਦੇਣ ਦਾ ਪ੍ਰਣ ਲਿਆ ।ਇਸ ਉਪਰੰਤ ਇਸ ਵਿਸ਼ੇ ਉੱਪਰ ਵਿਦਿਆਰਥੀਆਂ ਦੇ ਪੇਂਟਿੰਗ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚੋਂ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਅਰਸ਼ਪ੍ਰੀਤ ਕੌਰ ਅਤੇ ਸਿਮਰਜੀਤ ਕੌਰ ਸਾਂਝੇ ਤੌਰ ਨੇ ਪਹਿਲਾ , ਅੱਠਵੀਂ ਜਮਾਤ ਦੀ ਰਿਪਨਪ੍ਰੀਤ ਕੌਰ ਅਤੇ ਸੱਤਵੀਂ ਜਮਾਤ ਦੀ ਮਨਜੋਤ ਕੌਰ ਨੇ ਸਾਂਝੇ ਤੌਰ ਤੇ ਦੂਜਾ ਅਤੇ ਸੱਤਵੀਂ ਜਮਾਤ ਦੀ ਵਿਦਿਆਰਥਣ ਅਮਨਪ੍ਰੀਤ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।ਇਸ ਤੋਂ ਇਲਾਵਾ ਅੱਠਵੀਂ ਜਮਾਤ ਦੀਆਂ ਵਿਦਿਆਰਥਣਾਂ ਰਮਨਦੀਪ ਕੌਰ ਅਤੇ ਸੁਖਮਨਜੀਤ ਕੌਰ ਦੀਆਂ ਪੇਟਿੰਗਜ਼ ਨੂੰ ਹੌਸਲਾ ਅਫਜ਼ਾਈ ਇਨਾਮ ਲਈ ਚੁਣਿਆ ਗਿਆ ।ਜੇਤੂ ਵਿਦਿਆਰਥਣਾਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ।ਇਸ ਮੌਕੇ ਇੰਚਾਰਜ ਬਲਵਿੰਦਰ ਬਾਘਾ ਦੀ ਅਗਵਾਈ ਵਿੱਚ ਈਕੋ ਅਤੇ ਯੂਥ ਕਲੱਬ ਵਲੰਟੀਅਰਾਂ ਦੁਆਰਾ ਤੰਬਾਕੂ ਵਿਰੋਧੀ ਜਾਗਰੂਕਤਾ ਫੈਲਾਉਣ ਲਈ ਪਿੰਡ ਵਿੱਚ ਇੱਕ ਰੈਲੀ ਵੀ ਕੱਢੀ ਗਈ ।ਸਕੂਲ ਕੰਪਲੈਕਸ ਦੇ 200 ਮੀਟਰ ਦੇ ਘੇਰੇ ਵਿੱਚ ਕਿਸੇ ਕਿਸਮ ਦਾ ਤੰਬਾਕੂ ਨਾ ਵਰਤਣ ਜਾਂ ਰੱਖਣ ਦੇ ਸੰਬੰਧ ਵਿੱਚ ਆਮ ਲੋਕਾਂ ਅਤੇ ਦੁਕਾਨਦਾਰਾਂ ਨੂੰ ਜਾਣਕਾਰੀ ਦਿੱਤੀ ਗਈ । ਇਸ ਸਮੇਂ ਸਕੂਲ ਸਟਾਫ ਵਿੱਚੋਂ ਹਿੰਦੀ ਮਿਸਟ੍ਰੈਸ ਸੁਨੀਤਾ ਰਾਣੀ, ਅੰਗਰੇਜ਼ੀ ਮਿਸਟ੍ਰੈਸ ਨਵਨੀਤ ਕੌਰ , ਅ/ਕ ਅਧਿਆਪਕਾ ਵੀਰਪਾਲ ਕੌਰ ਅਤੇ ਪੀ.ਟੀ.ਆਈ. ਨਵਸੰਗੀਤ ਵੀ ਹਾਜ਼ਰ ਸਨ।
Author: DISHA DARPAN
Journalism is all about headlines and deadlines.