ਤਲਵੰਡੀ ਸਾਬੋ , 20 ਮਈ (ਗੁਰਪ੍ਰੀਤ ਚਹਿਲ)
ਤਲਵੰਡੀ ਨੇੜਲੇ ਪਿੰਡ ਮਲਕਾਣਾ ਦੇ ਇੱਕ ਮਾਨਸਿਕ ਤੌਰ ਤੇ ਬਿਮਾਰ ਨਾਬਾਲਗ ਲੜਕੇ ਨੂੰ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਉਕਤ ਲੜਕੇ ਦੀ ਇੱਕ ਵੀਡਿਓ ਸ਼ੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋਈ ਸੀ ਜਿਸ ਵਿੱਚ ਉਸਨੂੰ ਉਸਦੇ ਮਾਪਿਆਂ ਵੱਲੋਂ ਸੰਗਲਾਂ ਨਾਲ ਬੰਨ ਕੇ ਰੱਖਿਆ ਦਿਖਾਇਆ ਗਿਆ ਸੀ। ਜਿਸ ਸਬੰਧੀ ਅੱਜ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਇਸ ਪਿੰਡ ਵਿੱਚ ਜਾਕੇ ਪੜਤਾਲ ਕੀਤੀ ਗਈ। ਇਸ ਬਾਰੇ ਬੋਲਦਿਆਂ ਜ਼ਿਲਾ ਬਾਲ ਸੁਰੱਖਿਆ ਅਫ਼ਸਰ ਪ੍ਰਨੀਤ ਕੌਰ ਸਿੱਧੂ ਨੇ ਦੱਸਿਆ ਕਿ ਪਿਛਲੇ ਦਿਨੀਂ ਸੋਸ਼ਲ ਮੀਡੀਆ ਉੱਤੇ ਚੱਲ ਰਹੀ ਵੀਡਿਓ ਜਦੋਂ ਸਾਡੇ ਤੱਕ ਪੁੱਜੀ ਤਾਂ ਡਿਪਟੀ ਕਮਿਸ਼ਨਰ ਬਠਿੰਡਾ ਸ੍ਰੀ ਸ਼ੌਕਤ ਅਹਿਮਦ ਪਰੇ ਦੀਆਂ ਹਦਾਇਤਾਂ ਉੱਤੇ ਫੌਰੀ ਕਾਰਵਾਈ ਕਰਕੇ ਅਸੀਂ ਸਿਹਤ ਵਿਭਾਗ ਦੀ ਟੀਮ ਸਮੇਤ ਜਦੋਂ ਇਸ ਪਿੰਡ ਪੁੱਜੇ ਤਾਂ ਪਤਾ ਲੱਗਿਆ ਕਿ ਉਕਤ ਬੱਚਾ ਅਚਾਨਕ ਹੀ ਹਮਲਾਵਰ ਹੋ ਜਾਂਦਾ ਹੈ ਅਤੇ ਪਰਿਵਾਰ ਸਮੇਤ ਕਿਸੇ ਉੱਤੇ ਵੀ ਹਮਲਾ ਕਰ ਸਕਦਾ ਹੈ।ਸ਼ਾਇਦ ਇਸੇ ਕਰਕੇ ਪਰਿਵਾਰ ਵੱਲੋਂ ਇਸਨੂੰ ਬੰਨ੍ਹ ਕੇ ਰੱਖਿਆ ਗਿਆ ਸੀ। ਅਸੀਂ ਪਰਿਵਾਰ ਨੂੰ ਸਮਝਾਇਆ ਕਿ ਕਿਸੇ ਵੀ ਵਿਅਕਤੀ ਨਾਲ ਇਸ ਤਰ੍ਹਾਂ ਦਾ ਵਿਉਹਾਰ ਨਹੀਂ ਕੀਤਾ ਜਾ ਸਕਦਾ।ਅਸੀਂ ਪਰਿਵਾਰ ਨੂੰ ਗਾਈਡ ਕਰ ਦਿੱਤਾ ਹੈ ਅਤੇ ਉਕਤ ਲੜਕੇ ਸਮੇਤ ਉਸਦੀ ਬਜੁਰਗ ਮਾਤਾ ਦੀ ਪੈਨਸ਼ਨ ਸਬੰਧੀ ਕਾਗਜੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਅਜਿਹੇ ਮਰੀਜਾਂ ਦਾ ਇਲਾਜ ਸੰਭਵ ਹੈ ਅਤੇ ਉਕਤ ਲੜਕੇ ਨੂੰ ਇਲਾਜ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਲਜਾਇਆ ਜਾ ਰਿਹਾ ਹੈ।
Author: DISHA DARPAN
Journalism is all about headlines and deadlines.