ਬਠਿੰਡਾ, 21 ਮਈ(ਗੁਰਪ੍ਰੀਤ ਚਹਿਲ)
ਸਾਲ 2009 ’ਚ ਬਲਾਕ ਫੂਲ ਦੇ ਪਿੰਡ ਮਹਿਰਾਜ ਵਿਖੇ ਡੇਰਾ ਸੱਚਾ ਸੌਦਾ ਦੇ ਸ਼ਰਧਾਲੂਆਂ ਵੱਲੋਂ ਕੀਤੀ ਜਾ ਰਹੀ ਬਲਾਕ ਪੱਧਰੀ ਨਾਮ ਚਰਚਾ ਦੌਰਾਨ ਸ਼ਰਧਾਲੂਆਂ ’ਤੇ ਕਥਿਤ ਤੌਰ ’ਤੇ ਹਮਲਾ ਕਰਨ ਦੇ ਮਾਮਲੇ ’ਚ ਨਾਮਜ਼ਦ ਹੋ ਕੇ ਬਰੀ ਹੋਣ ਮਗਰੋਂ ਬਾਬਾ ਹਰਦੀਪ ਸਿੰਘ ਮਹਿਰਾਜ ਤੇ ਹੋਰਨਾਂ ਵੱਲੋਂ ਪਾਏ ਹਰਜ਼ਾਨੇ ਦੇ ਦਾਅਵੇ ਨੂੰ ਮਾਣਯੋਗ ਅਦਾਲਤ ਨੇ ਖਾਰਜ਼ ਕਰ ਦਿੱਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐਡਵੋਕੇਟ ਕੇਵਲ ਸਿੰਘ ਬਰਾੜ ਨੇ ਦੱਸਿਆ ਕਿ ਪਿੰਡ ਮਹਿਰਾਜ ਵਿਖੇ 4 ਅਕਤੂਬਰ 2009 ਨੂੰ ਪੁਲਿਸ ਸੁਰੱਖਿਆ ਹੇਠ ਬਲਾਕ ਪੱਧਰੀ ਨਾਮ ਚਰਚਾ ਹੋ ਰਹੀ ਸੀ। ਉਸ ਦੌਰਾਨ ਬਾਬਾ ਹਰਦੀਪ ਸਿੰਘ ਮਹਿਰਾਜ , ਵੱਡੀ ਗਿਣਤੀ ਹੋਰ ਅਣਪਛਾਤੇ ਨਾਮ ਚਰਚਾ ’ਚ ਖਲਲ ਪੈਦਾ ਕਰਨ ਲਈ ਹਥਿਆਰਾਂ ਨਾਲ ਲੈਸ ਹੋ ਕੇ ਪੁੱਜੇ ਤੇ ਉੱਥੇ ਮੌਜੂਦ ਡੇਰਾ ਸ਼ਰਧਾਲੂਆਂ ’ਤੇ ਹਮਲਾ ਕੀਤਾ ਤਾਂ ਉਸ ਹਮਲੇ ’ਚ ਦੋ ਡੇਰਾ ਸ਼ਰਧਾਲੂ ਸੱਤਪਾਲ ਸਿੰਘ ਪੁੱਤਰ ਧਨੀ ਰਾਮ ਵਾਸੀ ਬੁਰਜ ਗਿੱਲ ਅਤੇ ਸ਼ਾਮ ਲਾਲ ਪੁੱਤਰ ਆਸ਼ ਰਾਮ ਵਾਸੀ ਰਾਮਪੁਰਾ ਮੰਡੀ ਤੋਂ ਇਲਾਵਾ ਡਿਊਟੀ ’ਤੇ ਤਾਇਨਾਤ ਕੇਵਲ ਸਿੰਘ ਪੁਲਿਸ ਮੁਲਜ਼ਮ ਵੀ ਜ਼ਖਮੀ ਹੋ ਗਿਆ ਸੀ। ਉਕਤ ਤਿੰਨਾਂ ਜ਼ਖਮੀ ਵਿਅਕਤੀਆਂ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਫੂਲ ਦੀ ਪੁਲਿਸ ਵੱਲੋਂ ਬਾਬਾ ਹਰਦੀਪ ਸਿੰਘ ਮਹਿਰਾਜ, ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਘੁੱਦਰ ਸਿੰਘ ਪੁੱਤਰ ਗੁਲਜਾਰ ਸਿੰਘ ਵਾਸੀਆਨ ਮਹਿਰਾਜ ਸਮੇਤ ਹੋਰ ਅਣਪਛਾਤੇ 80-90 ਵਿਅਕਤੀਆਂ ’ਤੇ ਮੁਕੱਦਮਾ ਦਰਜ਼ ਕੀਤਾ ਗਿਆ ਸੀ। ਐਡਵੋਕੇਟ ਬਰਾੜ ਨੇ ਦੱਸਿਆ ਕਿ ਵੱਖ-ਵੱਖ ਧਰਾਵਾਂ ਤਹਿਤ ਦਰਜ਼ ਹੋਏ ਮਾਮਲੇ ’ਚੋਂ ਪੁਲਿਸ ਨੇ ਉਸ ਵੇਲੇ ਸਿਆਸੀ ਦਬਾਅ ਤਹਿਤ ਮੁਲਜ਼ਮਾਂ ਤੋਂ ਧਾਰਾ 307 ਹਟਾ ਦਿੱਤੀ। ਉਸ ਵੇਲੇ ਸੁਣਵਾਈ ਦੌਰਾਨ ਫੂਲ ਅਦਾਲਤ ’ਚੋਂ ਉਪਰੋਕਤ ਮੁਲਜ਼ਮਾਂ ਨੂੰ ਸਜ਼ਾ ਸੁਣਾਈ ਗਈ ਸੀ ਅਤੇ ਮਾਣਯੋਗ ਅਦਾਲਤ ਨੇ ਸਰਕਾਰੀ ਧਿਰ ਨੂੰ ਇਸ ਗੱਲ ਦੀ ਝਾੜ ਪਾਈ ਸੀ ਕਿ ਮੁਲਜ਼ਮਾਂ ਤੋਂ ਧਾਰਾ 307 ਕਿਉਂ ਹਟਾਈ ਗਈ, ਇਹੋ ਹੀ ਨਹੀਂ ਸਗੋਂ ਪੁਲਿਸ ਨੇ ਕਾਨੂੰਨਨ 153 ਏ ਧਾਰਾ ਤਹਿਤ ਮਨਜ਼ੂਰੀ ਨਹੀਂ ਲਈ ਜਿਸਦੇ ਸਿੱਟੇ ਵਜੋਂ ਮੁਲਜ਼ਮ ਧਾਰਾ 153 ਏ ’ਚੋਂ ਬਰੀ ਹੋ ਗਏ ਅਤੇ ਜ਼ਖਮੀ ਪੁਲਿਸ ਮੁਲਾਜ਼ਮ ਦੀ ਘਟਨਾ ਸਥਾਨ ’ਤੇ ਡਿਊਟੀ ਸਾਬਿਤ ਨਾ ਕਰ ਸਕਣ ਕਾਰਨ ਧਾਰਾ 353 ’ਚੋਂ ਵੀ ਬਰੀ ਹੋ ਗਏ। ਸੁਣਵਾਈ ਦੌਰਾਨ ਸਰਕਾਰੀ ਧਿਰ ਉਸ ਦੌਰਾਨ ਹੋਏ ਨੁਕਸਾਨ ਦਾ ਵੇਰਵਾ ਵੀ ਨਹੀਂ ਦੇ ਸਕੀ ਜਿਸਦਾ ਸਿੱਧਾ ਲਾਹਾ ਮੁਲਜ਼ਮਾਂ ਨੂੰ ਮਿਲਿਆ ਤੇ ਉਹ ਧਾਰਾ 427 ’ਚੋਂ ਵੀ ਬਰੀ ਹੋ ਗਏ ਪਰ ਫੂਲ ਅਦਾਲਤ ਨੇ ਹੀ ਧਾਰਾ 342, 323, 148, 149 ’ਚ ਸਜ਼ਾ ਸੁਣਾਈ। ਇਨਾਂ ਧਾਰਾਵਾਂ ਦੇ ਤਹਿਤ ਬਾਬਾ ਹਰਦੀਪ ਸਿੰਘ ਤੇ ਹੋਰਨਾਂ ਵੱਲੋਂ ਜ਼ਿਲਾ ਅਦਾਲਤ ’ਚ ਅਪੀਲ ਪਾਈ ਗਈ ਜਿੱਥੋਂ ਉਹ ਸਰਕਾਰੀ ਧਿਰ ਦੀ ਢਿੱਲੀ ਕਾਰਗੁਜ਼ਾਰੀ ਅਤੇ ਠੋਸ ਸਬੂਤ ਅਦਾਲਤ ’ਚ ਨਾ ਦੇ ਸਕਣ ਕਾਰਨ ਬਰੀ ਹੋ ਗਏ। ਬਰਾੜ ਨੇ ਦੱਸਿਆ ਕਿ ਜੇਕਰ ਪੁਲਿਸ ਦਬਾਅ ਰਹਿਤ ਹੁੰਦੀ ਤਾਂ ਮੁਲਜ਼ਮਾਂ ਦੇ ਬਰੀ ਹੋਣ ਤੋਂ ਬਾਅਦ ਅੱਗੇ ਅਪੀਲ ਦਾਇਰ ਕਰਦੀ ਪਰ ਸਰਕਾਰੀ ਧਿਰ ਨੇ ਅਜਿਹਾ ਨਹੀਂ ਕੀਤਾ। ਬਰੀ ਹੋਣ ਮਗਰੋਂ ਬਾਬਾ ਹਰਦੀਪ ਸਿੰਘ ਮਹਿਰਾਜ, ਰਣਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਅਤੇ ਘੁੱਦਰ ਸਿੰਘ ਪੁੱਤਰ ਗੁਲਜਾਰ ਸਿੰਘ ਨੇ ਡੇਰਾ ਸ਼ਰਧਾਲੂ ਸੱਤਪਾਲ ਸਿੰਘ ਪੁੱਤਰ ਧਨੀ ਰਾਮ ਵਾਸੀ ਬੁਰਜ ਗਿੱਲ ਅਤੇ ਸ਼ਾਮ ਲਾਲ ਪੁੱਤਰ ਆਸ਼ ਰਾਮ ਵਾਸੀ ਰਾਮਪੁਰਾ ਮੰਡੀ ਦੇ ਖਿਲਾਫ਼ ਹਰਜ਼ਾਨੇ ਦਾ ਦਾਅਵਾ ਅਦਾਲਤ ’ਚ ਲਾਇਆ ਸੀ ਪਰ ਬੀਤੇ ਦਿਨੀਂ ਮੈਡਮ ਦਲਜੀਤ ਕੌਰ ਸਿਵਲ ਜੱਜ ਸੀਨੀਅਰ ਡਵੀਜ਼ਨ ਬਠਿੰਡਾ ਨੇ ਦਾਅਵੇ ਨੂੰ ਝੂਠਾ ਮੰਨਦੇ ਹੋਏ ਖਾਰਜ਼ ਕਰ ਦਿੱਤਾ। ਇਸ ਮੁਕੱਦਮੇ ’ਚ ਐਡਵੋਕੇਟ ਕੇਵਲ ਬਰਾੜ ਅਤੇ ਉਨਾਂ ਦੇ ਜੂਨੀਅਰ ਐਡਵੋਕੇਟ ਰਾਜਿੰਦਰ ਸੈਣੀ ਵੱਲੋਂ ਪੈਰਵਾਈ ਕੀਤੀ ਗਈ, ਜਦੋਂਕਿ ਮੁਦੱਈ ਧਿਰ ਬਾਬਾ ਹਰਦੀਪ ਸਿੰਘ ਮਹਿਰਾਜ ਆਦਿ ਵੱਲੋਂ ਐਡਵੋਕੇਟ ਹਰਪਾਲ ਸਿੰਘ ਖਾਰਾ ਅਤੇ ਐਡਵੋਕੇਟ ਜੀਵਨਜੋਤ ਸਿੰਘ ਸੇਠੀ ਵੱਲੋਂ ਪੈਰਵਾਈ ਕੀਤੀ ਗਈ।
Author: DISHA DARPAN
Journalism is all about headlines and deadlines.