ਬਠਿੰਡਾ, 27 ਅਪ੍ਰੈਲ (ਸੰਨੀ ਚਹਿਲ)
ਕਹਿੰਦੇ ਨੇ ਕਿ ਜਿਵੇਂ ਜਿਵੇਂ ਕੋਈ ਫਲਦਾਰ ਰੁੱਖ ਫਲਾਂ ਨਾਲ ਭਰਦਾ ਜਾਂਦਾ ਹੈ ਉਵੇਂ ਉਵੇਂ ਉਹ ਨੀਵਾਂ ਹੁੰਦਾ ਜਾਂਦਾ ਹੈ। ਪਰ ਅੱਜ ਦੇ ਸਮੇਂ ਅੰਦਰ ਜੇਕਰ ਕਿਸੇ ਹੱਥ ਤਾਕ਼ਤ ਹੁੰਦੀ ਹੈ ਤਾਂ ਉਹ ਆਪਣੇ ਤੋਂ ਛੋਟੇ ਲੋਕਾਂ ਨੂੰ ਮਾਤਰ ਕੀੜੇ ਮਕੌੜੇ ਹੀ ਸਮਝਦਾ ਹੈ। ਬੜੇ ਘੱਟ ਲੋਕ ਦੇਖਣ ਵਿੱਚ ਆਉਂਦੇ ਨੇ ਜਿਹੜੇ ਉੱਚੀਆਂ ਅਤੇ ਤਾਕਤਵਰ ਕੁਰਸੀਆਂ ਤੇ ਬੈਠੇ ਹੋਣ ਦੇ ਬਾਵਜੂਦ ਹਰ ਅਮੀਰ ਅਤੇ ਗਰੀਬ ਲੋਕਾਂ ਨਾਲ ਸਲੀਕੇ ਨਾਲ਼ ਪੇਸ਼ ਆਉਂਦੇ ਹੋਣ। ਬੀਤੇ ਦਿਨੀਂ ਕੁੱਝ ਅਜਿਹਾ ਹੀ ਦੇਖਣ ਨੂੰ ਮਿਲਿਆ ਜਦੋਂ ਜ਼ਿਲ੍ਹੇ ਦੀ ਪੁਲਿਸ ਦੀ ਸਭ ਤੋ ਉੱਚੀ ਕੁਰਸੀ ਤੇ ਬੈਠੇ ਸੀਨੀਅਰ ਪੁਲਿਸ ਕਪਤਾਨ ਬਠਿੰਡਾ ਸ੍ਰੀ ਜੇ ਇਲਨਚੇਲੀਅਨ ਇੱਕ ਚੱਲਣ ਤੋ ਅਸਮਰਥ ਵਿਅਕਤੀ ਜਿਹੜਾ ਕਿ ਉਨ੍ਹਾਂ ਦੇ ਦਫਤਰ ਆਪਣੇ ਕਿਸੇ ਕੰਮ ਬਾਬਤ ਆਇਆ ਸੀ, ਉਸਨੂੰ ਖੁਦ ਬਾਹਰ ਆ ਕੇ ਮਿਲੇ। ਮਾਣਯੋਗ ਐੱਸ ਐੱਸ ਪੀ ਉਕਤ ਨੂੰ ਨਾ ਸਿਰਫ ਬਾਹਰ ਆ ਕੇ ਮਿਲੇ ਹੀ ਬਲਕਿ ਸਬੰਧਤ ਅਧਿਕਾਰੀਆਂ ਨੂੰ ਉਨ੍ਹਾਂ ਦਾ ਕੰਮ ਤੁਰੰਤ ਕਰਕੇ ਦੇਣ ਦੇ ਨਿਰਦੇਸ਼ ਵੀ ਦਿੱਤੇ। ਪੁਲਿਸ ਅਧਿਕਾਰੀ ਦੀ ਅਜਿਹੀ ਨਿਮਰਤਾ ਅਤੇ ਹਲੀਮੀ ਭਰੇ ਅੰਦਾਜ਼ ਨੂੰ ਦੇਖ ਉਥੇ ਆਸ ਪਾਸ ਖੜ੍ਹੇ ਲੋਕ ਉਨ੍ਹਾਂ ਦੀ ਤਾਰੀਫ਼ ਕਰਨ ਲਈ ਮਜਬੂਰ ਹੋ ਗਏ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਦਾ ਨਾਮ ਆਉਂਦੇ ਹੀ ਇੱਕ ਰੋਹਬਦਾਰ ਅਤੇ ਕੜਕ ਸੁਭਾਅ ਦੀ ਸ਼ਖਸ਼ੀਅਤ ਮੱਲੋ ਮੱਲੀ ਸਾਡੇ ਜਿਹਨ ਵਿੱਚ ਉੱਕਰ ਆਉਂਦੀ ਹੈ ਅਤੇ ਵੱਧ ਰਹੇ ਜ਼ੁਰਮ,ਅਪਰਾਧ ਅਤੇ ਉਸਨੂੰ ਅੰਜਾਮ ਦੇਣ ਵਾਲੇ ਲੋਕਾਂ ਨਾਲ ਸਖ਼ਤੀ ਬੇਸ਼ੱਕ ਜਰੂਰੀ ਹੈ, ਪਰ ਸਮਾਜ ਦੇ ਸੱਭਿਅਕ ਲੋਕਾਂ ਨਾਲ ਕਿਸ ਤਰ੍ਹਾਂ ਵਿਉਹਾਰ ਕੀਤਾ ਜਾਣਾ ਚਾਹੀਦਾ ਹੈ ਇਹ ਬਠਿੰਡਾ ਦੇ ਉਕਤ ਅਫ਼ਸਰ ਨੇ ਖੁਦ ਕਰਕੇ ਇੱਕ ਨਵੀਂ ਅਤੇ ਨਰੋਈ ਮਿਸਾਲ ਪੇਸ਼ ਕੀਤੀ ਹੈ। ਸ਼ਹਿਰ ਵਾਸੀ ਉਕਤ ਅਫ਼ਸਰ ਸਹਿਬਾਨ ਦੀ ਇਸ ਸ਼ਲਾਘਾਯੋਗ ਕਾਰਜ ਲਈ ਭਰਪੂਰ ਸ਼ਲਾਘਾ ਕਰ ਰਹੇ ਹਨ। ਲੋਕਾਂ ਉਮੀਦ ਕੀਤੀ ਹੈ ਕਿ ਬਾਕੀ ਪੁਲਿਸ ਅਧਿਕਾਰੀ ਅਤੇ ਕਰਮਚਾਰੀ ਵੀ ਆਪਣੇ ਸੀਨੀਅਰ ਅਫ਼ਸਰ ਤੋ ਜਰੂਰ ਸੇਧ ਲੈਣਗੇ।
Author: DISHA DARPAN
Journalism is all about headlines and deadlines.