ਬਠਿੰਡਾ, 27 ਅਪ੍ਰੈਲ (ਗੁਰਪ੍ਰੀਤ ਚਹਿਲ)
ਕਿਸੇ ਵੀ ਦੇਸ਼ ਦਾ ਰਾਸ਼ਟਰੀ ਝੰਡਾ ਉਸ ਦੇਸ਼ ਅਤੇ ਦੇਸ਼ਵਾਸੀਆਂ ਦੀ ਆਨ, ਬਾਨ ਅਤੇ ਸ਼ਾਨ ਹੁੰਦਾ ਹੈ ਅਤੇ ਹਰੇਕ ਦੇਸ਼ ਵਾਸੀ ਆਪਣੇ ਹੀ ਵਾਂਗ ਆਪਣੇ ਦੇਸ਼ ਦੇ ਰਾਸ਼ਟਰੀ ਝੰਡੇ ਦਾ ਵੀ ਹਮੇਸ਼ਾਂ ਮਾਣ ਸਨਮਾਨ ਉੱਚਾ ਦੇਖਣਾ ਚਾਹੁੰਦਾ ਹੈ। ਹੋਵੇ ਵੀ ਕਿਉਂ ਨਾ ਕਿਉ ਕਿ ਬੜੀਆਂ ਕੁਰਬਾਨੀਆਂ ਦੇਣ ਤੋਂ ਬਾਅਦ ਸਾਨੂੰ ਅਜ਼ਾਦੀ ਅਤੇ ਆਉਣੀ ਸ਼ਾਨ ਦਾ ਪ੍ਰਤੀਕ ਇਹ ਤਿਰੰਗਾ ਮਿਲਿਆ ਹੈ। ਪਰ ਬਠਿੰਡਾ ਪ੍ਰਸ਼ਾਸ਼ਨ ਇਸ ਪ੍ਰਤੀ ਬਹੁਤ ਗੰਭੀਰ ਨਜ਼ਰ ਨਹੀਂ ਆ ਰਿਹਾ। ਦੱਸਣਾ ਬਣਦਾ ਹੈ ਕਿ ਬਠਿੰਡਾ ਦੀ ਗੋਲ਼ ਡਿੱਗੀ ਨਜਦੀਕ ਬਣੇ ਬਠਿੰਡਾ ਦੇ ਦਿਲ ਦੇ ਤੌਰ ਤੇ ਜਾਣੇ ਜਾਂਦੇ ਸੈਲਫੀ ਪੁਆਇੰਟ ਉੱਤੇ ਲੱਗਿਆ ਸਾਡਾ ਰਾਸ਼ਟਰੀ ਝੰਡਾ ਫਟਿਆ ਹੋਇਆ ਲਹਿਰਾ ਰਿਹਾ ਹੈ ਜਿਹੜਾ ਕਿ ਹਰੇਕ ਸੰਜੀਦਾ ਸ਼ਹਿਰ ਵਾਸੀ ਨੂੰ ਅੰਦਰ ਤੱਕ ਝੰਜੋੜ ਰਿਹਾ ਹੈ। ਪਰ ਬਠਿੰਡਾ ਪ੍ਰਸ਼ਾਸ਼ਨ ਇਸਤੋਂ ਬੇਖ਼ਬਰ ਆਪਣੀ ਗੂੜ੍ਹੀ ਨੀਂਦ ਸੌਣ ਵਿੱਚ ਵਿਅਸਤ ਲੱਗ ਰਿਹਾ ਹੈ। ਇਸ ਬਾਰੇ ਬੋਲਦਿਆਂ ਕਈ ਸ਼ਹਿਰ ਵਾਸੀਆਂ ਨੇ ਦੁੱਖ ਅਤੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰਾਂ ਆਪਣੀ ਵਾਹ ਵਾਹ ਖੱਟਣ ਲਈ ਰਾਸ਼ਟਰੀ ਝੰਡੇ ਤਾਂ ਜਗ੍ਹਾ ਜਗ੍ਹਾ ਲਗਾ ਦਿੰਦੀਆ ਹਨ ਪਰ ਉਸਤੋਂ ਵੀ ਜਰੂਰੀ ਹੁੰਦਾ ਹੈ ਇਹਨਾ ਗੌਰਵਮਈ ਝੰਡਿਆਂ ਦੇ ਸਨਮਾਨ ਦਾ ਧਿਆਨ ਰੱਖਣਾ। ਲੋਕਾਂ ਸ਼ਹਿਰ ਦੇ ਉੱਚ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਭਾਰਤ ਦੇ ਸਵਿਧਾਨ ਅਨੁਸਾਰ ਇਸ ਰਾਸ਼ਟਰੀ ਝੰਡੇ ਨੂੰ ਬਦਲਿਆ ਜਾਵੇ ਅਤੇ ਲਾਪਰਵਾਹੀ ਕਰਨ ਵਾਲੇ ਸਬੰਧਤ ਕਰਮਚਾਰੀਆਂ ਉੱਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ।
Author: DISHA DARPAN
Journalism is all about headlines and deadlines.