“ਸ਼ਰੇਆਮ ਵਿਰੋਧ ਕਰਕੇ ਵਰਕਰ ਨਹੀਂ ਕਰਨਾ ਚਾਹੁੰਦੇ ਪਾਰਟੀ ਦਾ ਮਹੌਲ ਖ਼ਰਾਬ” -ਸੂਤਰ
ਬਠਿੰਡਾ,21ਅਪ੍ਰੈਲ(ਚਾਨੀ)ਆਮ ਆਦਮੀ ਪਾਰਟੀ ਦੇ ਬਠਿੰਡਾ(ਦਿਹਾਤੀ) ਤੋਂ ਮੌਜੂਦਾ ਵਿਧਾਇਕ ਅਮਿਤ ਰਤਨ ਕੋਟਫੱਤਾ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਆਪ ਵਰਕਰਾਂ ਦੀ ਨਾਰਾਜ਼ਗੀ ਦੀਆਂ ਕਨਸੋਆਂ ਮਿਲ ਰਹੀਆਂ ਹਨ।ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਵਰਕਰਾਂ ਦਾ ਕਹਿਣਾ ਹੈ ਕਿ ਚੋਣਾਂ ਤੋਂ ਪਹਿਲਾਂ ਆਪ ਵਰਕਰਾਂ ਤੋਂ ਕਹਿ ਕੇ ਆਪਣੇ ਚੋਣ ਪ੍ਰੋਗਰਾਮਾਂ ਦਾ ਪ੍ਰਬੰਧ ਕਰਵਾਉਣ ਵਾਲੇ ਵਿਧਾਇਕ ਅਮਿਤ ਰਤਨ ਦੇ ਵਰਤਮਾਨ ਸਮੇਂ ਵਿੱਚ ਹੋਣ ਵਾਲ਼ੇ ਪ੍ਰੋਗਰਾਮਾਂ ਦੀ ਜਾਣਕਾਰੀ ਦੇਣਾ ਵੀ ਉਨ੍ਹਾਂ ਨੂੰ ਜ਼ਰੂਰੀ ਨਹੀਂ ਸਮਝਿਆ ਜਾਂਦਾ।ਇਸ ਦੀ ਤਾਜ਼ਾ ਉਦਾਹਰਨ ਕਮਿਊਨਿਟੀ ਹੈਲਥ ਸੈਂਟਰ ਸੰਗਤ ਵਿਖੇ ਹੋਏ ਸਿਹਤ ਮੇਲੇ ਦੀ ਦੇਖੀ ਜਾ ਸਕਦੀ ਹੈ ਜਿੱਥੇ ਵਿਧਾਇਕ ਅਮਿਤ ਰਤਨ ਨੇ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਪਰ ਸੰਗਤ ਮੰਡੀ ਦੇ ਕੁਝ ਕੁ ਵਰਕਰਾਂ ਤੋਂ ਬਿਨਾਂ ਸੰਗਤ ਪਿੰਡ ਅਤੇ ਆਸਪਾਸ ਦੇ ਆਮ ਆਦਮੀ ਪਾਰਟੀ ਦੇ ਆਮ ਪਰਿਵਾਰਾਂ ਨਾਲ ਸਬੰਧਿਤ ਪਰ ਮੋਹਰੀ ਚਿਹਰੇ ਇਸ ਮੇਲੇ ਦੌਰਾਨ ਕਿਧਰੇ ਵੀ ਨਜ਼ਰ ਨਹੀਂ ਆਏ।ਪ੍ਰਾਪਤ ਜਾਣਕਾਰੀ ਅਨੁਸਾਰ ਉਨ੍ਹਾਂ ਨੂੰ ਬਿਲਕੁਲ ਮੌਕੇ ‘ਤੇ ਫੋਨ ਕਰਕੇ ਪਹੁੰਚਣ ਲਈ ਕਿਹਾ ਗਿਆ ਜਦਕਿ ਇਸ ਸਬੰਧੀ ਪਹਿਲਾਂ ਉਨ੍ਹਾਂ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਜਿਸ ਕਾਰਨ ਉਹ ਆਪਣੀ ਬੇਇਜ਼ਤੀ ਮਹਿਸੂਸ ਕਰਦਿਆਂ ਰੋਸ ਵਜੋਂ ਇਸ ਮੇਲੇ ਵਿੱਚ ਸ਼ਾਮਲ ਨਹੀਂ ਹੋਏ।ਇਸ ਤੋਂ ਇਲਾਵਾ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਤੇ ਆਸ-ਪਾਸ ਤੋਂ ਮਿਲ ਰਹੀਆਂ ਕਨਸੋਆਂ ਅਨੁਸਾਰ ਆਪ ਵਰਕਰਾਂ ਦਾ ਕਹਿਣਾ ਹੈ ਕਿ ਪਾਰਟੀ ਦੇ ਸੱਤਾ ਵਿੱਚ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੂੰ ਆਪਣੇ ਜਾਇਜ਼ ਕੰਮ ਕਰਵਾਉਣ ਲਈ ਵੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ-ਖੁਆਰ ਹੋਣਾ ਪੈ ਰਿਹਾ ਹੈ ਜਦਕਿ ਵਿਰੋਧੀ ਪਾਰਟੀਆਂ ਦੇ ਕਾਰਕੂਨ ਢੋਲੇ ਦੀਆਂ ਲਾਉਂਦੇ ਨਜ਼ਰ ਆ ਰਹੇ ਹਨ ਜਿਸ ਤੋਂ ਵਿਧਾਇਕ ਦੁਆਰਾ ਆਪ ਵਰਕਰਾਂ ਨੂੰ ਅੱਖੋਂ-ਪਰੋਖੇ ਕਰਕੇ ਪੁਰਣੇ ਸਬੰਧਾਂ ਦੀ ਵੀ ਗੱਲ ਕਹੀ ਜਾ ਰਹੀ ਹੈ।ਹਾਲਾਂਕਿ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ ਇਸ ਬਾਰੇ ਸਪੱਸ਼ਟ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਕੁਝ ਪਾਰਟੀ ਵਰਕਰਾਂ ਵੱਲੋਂ ਨਾਮ ਨਾ ਦੱਸਣ ਦੀ ਸ਼ਰਤ ‘ਤੇ ਹਲਕੇ ਦੇ ਪਾਰਟੀ ਵਰਕਰਾਂ ਵਿੱਚ ਬਣੇ ਰੋਸ ਭਰੇ ਮਹੌਲ ਸਬੰਧੀ ਕੀਤੇ ਖੁਲਾਸੇ ਤੋਂ ਵਿਧਾਇਕ ਦੀ ਵਰਕਰਾਂ ਪ੍ਰਤੀ ਬੇਰੁਖੀ ਵਾਲ਼ੀ ਗੱਲ ਜ਼ਰੂਰ ਸੱਚ ਪ੍ਰਤੀਤ ਹੁੰਦੀ ਹੈ।ਹੁਣ ਦੇਖਣਾ ਇਹ ਹੋਵੇਗਾ ਕਿ ਅਮਿਤ ਰਤਨ ਕਨਸੋਆਂ ਮੁਤਾਬਿਕ ਵਰਕਰਾਂ ਵਿੱਚ ਅੰਦਰੋ-ਅੰਦਰੀ ਪੈਦਾ ਹੋ ਰਹੀ ਇਸ ਨਰਾਜ਼ਗੀ ਨੂੰ ਖ਼ਤਮ ਕਰਨ ਲਈ ਕੀ ਕਦਮ ਚੁੱਕਦੇ ਹਨ।
Author: DISHA DARPAN
Journalism is all about headlines and deadlines.