ਬਠਿੰਡਾ, 25 ਮਾਰਚ ( ਰਾਵਤ ) ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਵਰਗੇ ਆਜ਼ਾਦੀ ਦੇ ਪਰਵਾਨਿਆਂ ਅਤੇ ਕ੍ਰਾਂਤੀਕਾਰੀਆਂ ਦੀ ਮਹਾਨ ਕੁਰਬਾਨੀ ਨੂੰ ਯਾਦ ਕਰਨ ਲਈ ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਸੋਸ਼ਲ ਵੈੱਲਫੇਅਰ ਵਿਭਾਗ ਵੱਲੋਂ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਤਿੰਨ ਰੋਜ਼ਾ ਵਿਸ਼ੇਸ਼ ਸਮਾਗਮ ਕਰਵਾਇਆ ਗਿਆ ਜਿਸ ਦਾ ਥੀਮ ਸੀ ‘ਪ੍ਰਣਾਮ ਸ਼ਹੀਦਾਂ ਨੂੰ’ । ਇਸ ਸਮਾਗਮ ਦੇ ਪਹਿਲੇ ਦਿਨ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਦਿਆਰਥੀਆਂ ਦੇ ਅੰਤਰ ਕਾਲਜ ਭਾਸ਼ਣ ਮੁਕਾਬਲੇ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਬੀ.ਐਫ.ਜੀ.ਆਈ. ਦੇ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਨੇ ਬਹੁਤ ਹੀ ਉਤਸ਼ਾਹ ਅਤੇ ਜੋਸ਼ ਨਾਲ ਭਾਗ ਲਿਆ ਅਤੇ ਭਗਤ ਸਿੰਘ ਦੀ ਵਿਚਾਰਧਾਰਾ ਤੇ ਵਿਦਿਆਰਥੀ ਜੀਵਨ, ਭਗਤ ਸਿੰਘ ਦੀ ਡਾਇਰੀ ਦੇ ਕੁੱਝ ਪੰਨੇ, ਮੈਂ ਅਤੇ ਭਗਤ ਸਿੰਘ, ਭਗਤ ਸਿੰਘ ਇੱਕ ਇਨਕਲਾਬੀ ਚਿੰਤਕ ਅਤੇ ਭਗਤ ਸਿੰਘ ਦੀ ਦਾਰਸ਼ਨਿਕ ਚੇਤਨਾ ਆਦਿ ਵਿਸ਼ਿਆਂ ਬਾਰੇ ਭਾਸ਼ਣ ਦਿੱਤੇ। ਵਿਦਿਆਰਥੀਆਂ ਨੇ ਆਪਣੇ ਭਾਸ਼ਣਾਂ ਰਾਹੀਂ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਕ੍ਰਾਂਤੀਕਾਰੀ ਵਿਚਾਰਾਂ ਅਤੇ ਸੋਚ ਬਾਰੇ ਚਾਨਣਾ ਪਾਇਆ। ਇਸ ਭਾਸ਼ਣ ਮੁਕਾਬਲੇ ਵਿਚ ਬੀ.ਬੀ.ਏ. ਦੇ ਵਿਦਿਆਰਥੀ ਭਾਰਤ ਭੂਸ਼ਣ ਨੇ ਪਹਿਲਾ ਸਥਾਨ, , ਬੀ.ਐਸ.ਸੀ. (ਨਾਨ-ਮੈਡੀਕਲ) ਦੀ ਵਿਦਿਆਰਥਣ ਸਿਮਰਨ ਨੇ ਦੂਸਰਾ ਸਥਾਨ ਜਦੋਂ ਕਿ ਬੀ.ਏ.-ਬੀ.ਐਡ. ਦੀ ਵਿਦਿਆਰਥਣ ਜੂਹੀ ਨੇ ਤੀਸਰਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ-ਸੰਗੀਤ ਅਤੇ ਨੁੱਕੜ ਨਾਟਕਾਂ ਦੀਆਂ ਸ਼ਾਨਦਾਰ ਪੇਸ਼ਕਾਰੀਆਂ ਵੀ ਕੀਤੀਆਂ।
ਇਸ ਸਮਾਗਮ ਦੇ ਦੂਸਰੇ ਦਿਨ, ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਸਹਿਯੋਗ ਨਾਲ ਇੱਕ ਵਿਸ਼ਾਲ ਖ਼ੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ 100 ਦੇ ਕਰੀਬ ਵਿਦਿਆਰਥੀਆਂ ਅਤੇ ਸਟਾਫ਼ ਮੈਂਬਰਾਂ ਵੱਲੋਂ ਖ਼ੂਨਦਾਨ ਕੀਤਾ ਗਿਆ। ਇਸ ਮੌਕੇ ਰੈੱਡ ਕਰਾਸ ਬਠਿੰਡਾ ਦੇ ਆਨਰੇਰੀ ਸੈਕਟਰੀ ਸ੍ਰੀ ਦਰਸ਼ਨ ਕੁਮਾਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਖ਼ੂਨਦਾਨੀਆਂ ਨੂੰ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਆਉਣ ਵਾਲੇ ਸਮੇਂ ਵਿੱਚ ਵੀ ਬੀ.ਐਫ.ਜੀ.ਆਈ. ਨਾਲ ਜੁੜ ਕੇ ਸਮਾਜ ਸੇਵਾ ਦੇ ਕੰਮ ਵਿੱਚ ਸਹਿਯੋਗ ਦਿੰਦੇ ਰਹਿਣਗੇ। ਇਸ ਮੌਕੇ ਸਿਵਲ ਹਸਪਤਾਲ, ਬਠਿੰਡਾ ਤੋਂ ਡਾਕਟਰ ਰੀਚਿਕਾ ਗੁਪਤਾ ਅਤੇ ਰੈੱਡ ਕਰਾਸ ਸੁਸਾਇਟੀ, ਬਠਿੰਡਾ ਦੇ ਸ੍ਰੀ ਨਰੇਸ਼ ਪਠਾਣੀਆ (ਫ਼ਸਟ ਏਡ ਮਾਸਟਰ ਟਰੇਨਰ) ਵੀ ਉਚੇਚੇ ਤੌਰ ‘ਤੇ ਹਾਜ਼ਰ ਸਨ। ਇਸ ਸਮਾਗਮ ਦੇ ਤੀਸਰੇ ਦਿਨ ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਵੱਲੋਂ ਸਾਰੇ ਖ਼ੂਨਦਾਨੀਆਂ, ਗੀਤ-ਸੰਗੀਤ, ਨੁੱਕੜ ਨਾਟਕ ਅਤੇ ਭਾਸ਼ਣ ਮੁਕਾਬਲੇ ਦੇ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਗੱਲ ਦੀ ਬਹੁਤ ਖ਼ੁਸ਼ੀ ਹੈ ਕਿ ਵਿਦਿਆਰਥੀਆਂ ਨੇ ਸ. ਭਗਤ ਸਿੰਘ ਦੀ ਸਹੀ ਸੋਚ ਤੇ ਪਹਿਰਾ ਦਿੰਦਿਆਂ ਇੱਕ ਬਹੁਤ ਹੀ ਨੇਕ ਕਾਰਜ ਕੀਤਾ ਹੈ ਕਿਉਂਕਿ ਬਿਮਾਰੀਆਂ ਅਤੇ ਦੁਰਘਟਨਾਵਾਂ ਦੇ ਦੌਰ ਵਿੱਚ ਅੱਜ ਖ਼ੂਨ ਦੀ ਬਹੁਤ ਜ਼ਰੂਰਤ ਹੈ। ਇਸ ਮੌਕੇ ਉਨ੍ਹਾਂ ਨੇ 50 ਵਾਰ ਖ਼ੂਨਦਾਨ ਕਰਨ ਵਾਲੇ ਕਾਲਜ ਦੀ ਕੰਟੀਨ ਦੇ ਇੰਚਾਰਜ ਸ੍ਰੀ ਪ੍ਰਕਾਸ਼ ਨੂੰ ਵਿਸ਼ੇਸ਼ ਤੌਰ ‘ਤੇ ਉਤਸ਼ਾਹਿਤ ਕੀਤਾ ਅਤੇ ਵਿਦਿਆਰਥੀਆਂ ਨੂੰ ਉਨ੍ਹਾਂ ਤੋਂ ਪ੍ਰੇਰਨਾ ਲੈਣ ਲਈ ਕਿਹਾ । ਉਨ੍ਹਾਂ ਨੇ ਕਿਹਾ ਕਿ ਸ. ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਦੇਸ਼ ਦੀ ਆਜ਼ਾਦੀ ਲਈ ਮਹਾਨ ਕੁਰਬਾਨੀ ਦੇ ਕੇ ਮਿਸਾਲ ਕਾਇਮ ਕੀਤੀ ਹੈ। ਉਨ੍ਹਾਂ ਨੇ ਸ. ਭਗਤ ਸਿੰਘ ਦੀ ਸੋਚ ਅਤੇ ਵਿਚਾਰਾਂ ਨੂੰ ਮੁੜ ਸੁਰਜੀਤ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ। ਇਸ ਮੌਕੇ ਸੰਸਥਾ ਦੇ ਡਿਪਟੀ ਡਾਇਰੈਕਟਰ (ਅਕਾਦਮਿਕ) ਡਾ. ਪ੍ਰਦੀਪ ਕੌੜਾ, ਡਿਪਟੀ ਡਾਇਰੈਕਟਰ (ਸਹੂਲਤਾਂ) ਸ. ਹਰਪਾਲ ਸਿੰਘ ਤੋਂ ਇਲਾਵਾ ਬੀ.ਐਫ.ਜੀ.ਆਈ. ਦੇ ਵੱਖ-ਵੱਖ ਕਾਲਜਾਂ ਦੇ ਪ੍ਰਿੰਸੀਪਲ, ਡੀਨ, ਵਿਭਾਗ ਮੁਖੀ, ਅਧਿਆਪਕ ਅਤੇ ਵਿਦਿਆਰਥੀ ਵੀ ਹਾਜ਼ਰ ਸਨ।
Author: DISHA DARPAN
Journalism is all about headlines and deadlines.