ਬਠਿੰਡਾ, 24 ਮਾਰਚ ( ਰਾਵਤ )
“ਕਿਸਮਤ”, “ਛੜਾ”, “ਕਿਸਮਤ2” ਸਮੇਤ ਦਰਜਨ ਦੇ ਨੇੜੇ ਸ਼ਾਨਦਾਰ ਫਿਲਮਾਂ ਪੰਜਾਬੀ ਦਰਸ਼ਕਾਂ ਦੀ ਝੋਲੀ ਪਾ ਚੁੱਕੇ ਨਾਮਵਾਰ ਫ਼ਿਲਮ ਲੇਖਕ ਤੇ ਨਿਰਦੇਸ਼ਕ ਜਗਦੀਪ ਸਿੱਧੂ ਹੁਣ ਇਕ ਹੋਰ ਖ਼ੂਬਸੂਰਤ ਫ਼ਿਲਮ “ਲੇਖ” ਦਰਸ਼ਕਾਂ ਦੀ ਝੋਲੀ ਪਾਉਣ ਜਾ ਰਹੇ ਹਨ। ਜਗਦੀਪ ਸਿੱਧੂ ਦੀ ਲਿਖੀ ਅਤੇ ਉਹਨਾਂ ਦੇ ਸਹਾਇਕ ਰਹੇ ਮਨਵੀਰ ਬਰਾੜ ਦੀ ਨਿਰਦੇਸ਼ਤ ਕੀਤੀ ਇਹ ਫ਼ਿਲਮ 1 ਅਪ੍ਰੈਲ ਨੂੰ ਦੁਨੀਆਂ ਭਰ ਵਿੱਚ ਰਿਲੀਜ ਹੋ ਰਹੀ ਹੈ।
ਗੁਰਨਾਮ ਭੁੱਲਰ ਤੇ ਤਾਨਿਆ ਦੀ ਮੁੱਖ ਭੂਮਿਕਾ ਵਾਲੀ ਇਸ ਫ਼ਿਲਮ ਦੇ ਪ੍ਰਚਾਰ ਲਈ ਫ਼ਿਲਮ ਦੀ ਟੀਮ ਅੱਜ ਸ਼ਹਿਰ ਵਿੱਚ ਪੁਹੰਚੀ। ਇਸ ਮੌਕੇ ਮੀਡੀਆ ਨਾਲ ਗੱਲ-ਬਾਤ ਕਰਦਿਆਂ ਫ਼ਿਲਮ ਦੀ ਟੀਮ ਨੇ ਦੱਸਿਆ ਕਿ ਇਹ ਫ਼ਿਲਮ ਇਕ ਖ਼ੂਬਸੂਰਤ ਲਵ ਸਟੋਰੀ ‘ਤੇ ਅਧਾਇਤ ਹੈ। ਇਹ ਫ਼ਿਲਮ ਬਚਪਨ ਤੋਂ ਜਵਾਨੀ ਤੱਕ ਦੀ ਕਹਾਣੀ ਹੈ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਜਿਸ ਵਿੱਚ ਸਕੂਲ ਪੜਦੇ ਇਕ ਨੌਜਵਾਨ ਕੁੜੀ-ਮੁੰਡੇ ਦੇ ਦਿਲ ਦੀਆਂ ਮਲੂਕ ਭਾਵਨਾਵਾਂ ਅਤੇ ਇਕ ਦੂਜੇ ਪ੍ਰਤੀ ਖਿੱਚ ਨੂੰ ਖ਼ੂਬਸੂਰਤ ਤਰੀਕੇ ਨਾਲ ਰੂਪਮਾਨ ਕੀਤਾ ਗਿਆ ਹੈ। ਇਹ ਫ਼ਿਲਮ ਹਰ ਵਿਅਕਤੀ ਨੂੰ ਆਪਣਾ ਬਚਪਨ ਅਤੇ ਪਹਿਲੀ ਮੁਹੱਬਤ ਯਾਦ ਕਰਾਵੇਗੀ ਹੀ ਬਲਕਿ ਸਕੂਲ ਦੇ ਸੁਨਾਹਿਰੀ ਦਿਨਾਂ ਨੂੰ ਵੀ ਮੁੜ ਤਾਜਾ ਕਰੇਗੀ। ਨਾਮਵਰ ਫ਼ਿਲਮ ਨਿਰਮਾਣ ਕੰਪਨੀ “ਵਾਈਟ ਹਿੱਲ ਸਟੂਡੀਓ” ਦੀ ਪੇਸ਼ਕਸ਼ ਨਿਰਮਾਤਾ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਡ ਸਿੰਘ ਸਿੱਧੂ ਦੀ ਇਸ ਫ਼ਿਲਮ ਦਾ ਟ੍ਰੇਲਰ ਅਤੇ ਗੀਤ ਸੋਸ਼ਲ ਮੀਡੀਆ ‘ਤੇ ਛਾਏ ਹੋਏ ਹਨ।
ਇਸ ਮੌਕੇ ਗੁਰਨਾਮ ਭੁੱਲਰ ਨੇ ਦੱਸਿਆ ਕਿ ਇਸ ਫ਼ਿਲਮ ਲਈ ਉਸਨੇ ਬੇਹੱਦ ਮਿਹਨਤ ਕੀਤੀ ਹੈ। ਕਹਾਣੀ ਦੀ ਮੰਗ ਮੁਤਾਬਕ ਉਸਨੂੰ ਇਸ ਫਿਲਮ ਲਈ ਪਹਿਲਾਂ 40 ਕਿੱਲੋ ਦੇ ਨੇੜੇ ਭਾਰ ਵਧਾਉਣਾ ਪਿਆ ਅਤੇ ਫਿਰ ਸਖ਼ਤ ਮਿਹਨਤ ਦੇ ਨਾਲ ਇਹ ਭਾਰ ਘਟਾਉਣਾ ਪਿਆ। ਟ੍ਰੇਲਰ ਵਿੱਚ ਨਜ਼ਰ ਆ ਰਿਹਾ ਹੈ ਕਿ ਉਸਨੇ ਇਸ ਫ਼ਿਲਮ ਵਿੱਚ ਪਹਿਲਾਂ ਇਕ ਸਕੂਲ ਵਿਦਿਆਰਥੀ ਦਾ ਕਿਰਦਾਰ ਨਿਭਾਇਆ ਹੈ ਅਤੇ ਫਿਰ ਇਕ 32-33 ਸਾਲ ਦੇ ਨੌਜਵਾਨ ਦਾ। ਦੋਵੇਂ ਕਿਰਦਾਰ ਨਿਭਾਉਣ ਲਈ ਉਸਨੂੰ ਸਰੀਰਕ ਤੌਰ ‘ਤੇ ਪਹਿਲੀ ਵਾਰ ਏਨੀ ਮਿਹਨਤ ਕਰਨੀ ਪਈ। ਇਸ ਮੌਕੇ ਤਾਨਿਆ ਨੇ ਵੀ ਦੱਸਿਆ ਕਿ ਦਰਸ਼ਕ ਉਸਨੂੰ ਵੀ ਇਸ ਵਾਰ ਦੋ ਵੱਖ ਵੱਖ ਕਿਰਦਾਰਾਂ ਵਿੱਚ ਦੇਖਣਗੇ। ਉਹ ਜਿੱਥੇ ਸਕੂਲ ਵਿੱਚ ਪੜ੍ਹਨ ਵਾਲੀ ਇਕ ਕੁੜੀ ਦੇ ਕਿਰਦਾਰ ਵਿੱਚ ਨਜ਼ਰ ਆਵੇਗੀ ਓਥੇ ਉਹ ਇਕ ਵਿਆਹੁਤਾ ਦਾ ਕਿਰਦਾਰ ਵੀ ਨਿਭਾ ਰਹੀ ਹੈ। ਤਾਨਿਆ ਮੁਤਾਬਕ ਜਿਸ ਦਿਨ ਦਾ ਫ਼ਿਲਮ ਦਾ ਟੇਲਰ ਰਿਲੀਜ ਹੋਇਆ ਹੈ ਉਸ ਦਿਨ ਤੋ ਹੀ ਉਸਨੂੰ ਹਜ਼ਾਰਾਂ ਮੈਸੇਜ ਆ ਰਹੇ ਹਨ। ਦਰਸ਼ਕ ਇਸ ਫ਼ਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।
ਫ਼ਿਲਮ ਦੇ ਲੇਖਕ ਜਗਦੀਪ ਸਿੱਧੂ ਨੇ ਦੱਸਿਆ ਕਿ ਰਾਜਸਥਾਨ ਤੇ ਚੰਡੀਗੜ੍ਹ ਦੀਆਂ ਖ਼ੂਬਸੂਰਤ ਲੋਕੇਸ਼ਨਾਂ ਤੇ ਫਿਲਮਾਈ ਗਈ ਇਹ ਫ਼ਿਲਮ ਹੋਰ ਪੰਜਾਬੀ ਫਿਲਮਾਂ ਨਾਲ਼ੋਂ ਇਕ ਵੱਖਰੇ ਕਿਸਮ ਦੀ ਲਵ ਸਟੋਰੀ ਹੈ, ਜੋ ਦਰਸ਼ਕ ਦਾ ਭਰਪੂਰ ਮਨੋਰੰਜਨ ਕਰੇਗੀ। ਇਸ ਫ਼ਿਲਮ ਦੀ ਕਹਾਣੀ ਦੇ ਨਾਲ ਨਾਲ ਇਸਦਾ ਸੰਗੀਤ ਵੀ ਬੇਹੱਦ ਜ਼ਬਰਦਸਤ ਹੈ ਜੋ ਦਰਸ਼ਕਾਂ ਦੀ ਪਸੰਦ ਬਣਿਆ ਹੋਇਆ ਹੈ। ਫ਼ਿਲਮ ਦੀ ਸਫਲਤਾ ਵਿੱਚ ਗਾਇਕ ਤੇ ਸੰਗੀਤਕਾਰ ਬੀ ਪਰਾਕ ਤੇ ਗੀਤਕਾਰ ਜਾਨੀ ਦੀ ਜੋੜੀ ਵੀ ਅਹਿਮ ਰੋਲ ਅਦਾ ਕਰੇਗੀ। ਪੰਜਾਬੀ ਦੀ ਇਹ ਪਹਿਲੀ ਫ਼ਿਲਮ ਹੋਵੇਗੀ ਜੋ ਕੈਨੇਡਾ, ਅਮਰੀਕਾ, ਇਟਲੀ, ਫਰਾਂਸ, ਜਰਮਨੀ,ਯੂਕੇ, ਆਇਰਲੈਂਡ, ਅਸਟਰੇਲੀਆ, ਨਿਊਜੀਲੈਂਡ ਸਮੇਤ ਪੂਰੀ ਦੁਨੀਆ ਵਿੱਚ ਰਿਲੀਜ ਹੋ ਰਹੀ ਹੈ।
Author: DISHA DARPAN
Journalism is all about headlines and deadlines.