ਬਠਿੰਡਾ, 22 ਮਾਰਚ ( ਰਾਵਤ ):ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਖੇਤਰੀ ਖੋਜ ਕੇਂਦਰ, ਡੱਬਵਾਲੀ ਰੋਡ, ਬਠਿੰਡਾ ਵਿਖੇ ਕੋਵਿਡ ਪ੍ਰਕੋਪ ਦੇ ਦੋ ਸਾਲ ਦੇ ਵਕਫੇ ਬਾਅਦ ਕਿਸਾਨ ਮੇਲੇ ਦਾ ਆਯੋਜਨ 29 ਮਾਰਚ 2022 ਨੂੰ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕਿਸਾਨ ਮੇਲੇ ਦੀਆਂ ਤਿਆਰੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਰਦੇਸ਼ਕ ਖੇਤਰੀ ਖੋਜ ਕੇਂਦਰ ਬਠਿੰਡਾ ਡਾ. ਪਰਮਜੀਤ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਇਸ ਮੌਕੇ ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਇਸ ਮੇਲੇ ਦਾ ਮੁੱਖ ਉਦੇਸ਼ “ਧਰਤੀ, ਪਾਣੀ, ਪੌਣ ਬਚਾਈਏ, ਪੁਸ਼ਤਾਂ ਖਾਤਰ ਧਰਮ ਨਿਭਾਈਏ” ਹੈ। ਇਸ ਮੇਲੇ ਦੌਰਾਨ ਕਿਸਾਨ ਵੀਰਾਂ ਨੂੰ ਸਾਉਣੀ ਦੀਆਂ ਫ਼ਸਲਾਂ ਦੀਆਂ ਸੁਧਰੀਆਂ ਕਿਸਮਾਂ ਦੇ ਬੀਜ, ਸਬਜੀਆਂ ਦੀਆਂ ਕਿੱਟਾਂ ਅਤੇ ਫ਼ਲਦਾਰ ਬੂਟੇ ਮੁਹੱਈਆ ਕਰਵਾਏ ਜਾਣਗੇ। ਇਸ ਮੇਲੇ ‘ਤੇ ਖਾਸ ਤੌਰ ‘ਤੇ ਸਬਜੀਆਂ ਦੀ ਪਨੀਰੀ ਵੀ ਦਿੱਤੀ ਜਾਵੇਗੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਤੇ ਖੇਤੀਬਾੜੀ ਨਾਲ ਸਬੰਧਿਤ ਅਦਾਰਿਆਂ ਵੱਲੋਂ ਵੱਖ-ਵੱਖ ਪ੍ਰਦਰਸ਼ਨੀਆਂ ਲਾਈਆਂ ਜਾਣਗੀਆਂ ਅਤੇ ਮਾਹਿਰਾਂ ਵੱਲੋਂ ਕਿਸਾਨਾਂ ਨੂੰ ਖੇਤੀ ਅਤੇ ਹੋਰ ਸਹਾਇਕ ਧੰਦਿਆਂ ਸਬੰਧੀ ਤਕਨੀਕੀ ਜਾਣਕਾਰੀ ਮੌਕੇ ‘ਤੇ ਹੀ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਮੇਲੇ ਵਿੱਚ ਵੱਖ-ਵੱਖ ਤਰਾਂ ਦੀਆਂ ਫ਼ਸਲਾਂ, ਸਬਜੀਆਂ ਅਤੇ ਫ਼ਲਾਂ ਸਬੰਧੀ ਨੁਮਾਇਸ਼ ਲਗਾਈ ਜਾਵੇਗੀ, ਸੁਆਣੀਆਂ ਨੂੰ ਘਰੇਲੂ ਕੰਮਾਂ ਅਤੇ ਸਹਾਇਕ ਧੰਦਿਆਂ ਸਬੰਧੀ ਜਾਣਕਾਰੀ ਦਿੱਤੀ ਜਾਵੇਗੀ। ਇਸ ਮੌਕੇ ਖੇਤੀ ਸਾਹਿਤ ਵੀ ਮੁਹੱਈਆ ਕਰਵਾਇਆ ਜਾਵੇਗਾ। ਡਾ. ਪਰਮਜੀਤ ਸਿੰਘ ਨੇ ਕਿਸਾਨ ਵੀਰਾਂ ਨੂੰ ਪਰਿਵਾਰ ਸਮੇਤ ਇਸ ਮੇਲੇ ਵਿੱਚ ਵੱਧ ਚੜ ਕੇ ਹਿੱਸਾ ਲੈਣ ਲਈ ਅਪੀਲ ਵੀ ਕੀਤੀ ਹੈ।
Author: DISHA DARPAN
Journalism is all about headlines and deadlines.