ਬਠਿੰਡਾ,15 ਅਗਸਤ (ਚਾਨੀ)ਮਿਟਸ ਮੂਵੀਜ਼ ਦੇ ਬੈਨਰ ਹੇਠ ਬਣ ਰਹੀ ਨਵੀਂ ਪੰਜਾਬੀ ਫਿਲਮ ‘ਭੂਤਾਂ ਵਾਲਾ ਖੂਹ’ ਦੀ ਸ਼ੂਟਿੰਗ ਅੱਜ ਬਠਿੰਡਾ ਦੇ ਨੇੜੇਲੇ ਪਿੰਡਾਂ ਵਿੱਚ ਸ਼ੁਰੂ ਹੋ ਗਈ ਹੈ।ਮੁੱਖ ਰੂਪ ਵਿੱਚ ਰਾਤ ਸਮੇਂ ਦੋਹਤੇ-ਦੋਹਤੀਆਂ ਅਤੇ ਪੋਤੇ ਪੋਤੀਆਂ ਨੂੰ ਨਾਨੀਆਂ ਅਤੇ ਦਾਦੀਆਂ ਦੁਆਰਾ ਬਾਤ ਸੁਣਾਉਣ ਵਰਗੇ ਪੰਜ ਕੁ ਦਹਾਕੇ ਪਹਿਲਾਂ ਪੰਜਾਬ ਦੀ ਵਿਰਾਸਤ ਦੇ ਵਰਤਾਰਿਆਂ ਨੂੰ ਆਪਣੇ ਵਿਸ਼ੇ ਦੇ ਕਲਾਵੇ ਵਿੱਚ ਲੈਂਦੀ ਇਸ ਫਿਲਮ ਦੇ ਸ਼ੁਰੂਆਤੀ ਦ੍ਰਿਸ਼ ਅੱਜ ਬਠਿੰਡਾ ਦੇ ਨੇੜਲੇ ਪਿੰਡ ਬੀੜ ਬਹਿਮਣ ਵਿਖੇ ਫ਼ਿਲਮਾਏ ਗਏ।ਫਿਲਮ ਦੇ ਪ੍ਰੋਡਿਊਸਰ ਗੁਰਚਰਨ ਸਿੰਘ ਢਪਾਲੀ ਨੇ ਦੱਸਿਆ ਕਿ ਇਸ ਫਿਲਮ ਦੇ ਵਿਸ਼ੇ ਨੂੰ ਮੁੱਖ ਰੱਖਦਿਆਂ ਉਹਨਾਂ ਆਸ-ਪਾਸ ਦੇ ਪਿੰਡਾਂ ਦੀਆਂ ਅਜਿਹੀਆਂ ਲੋਕੇਸ਼ਨਾਂ ਦੀ ਚੋਣ ਕੀਤੀ ਹੈ ਜੋ ਉਕਤ ਵਿਸ਼ੇ ਦੀ ਸਹੀ ਤਰੀਕੇ ਨਾਲ ਤਰਜਮਾਨੀ ਕਰ ਸਕਣ । ਉਹਨਾਂ ਦੱਸਿਆ ਕਿ ਬੇਸ਼ਕ ਅਸੀਂ ਇਹ ਫਿਲਮ ਆਰਥਿਕ ਮਨੋਰਥ ਨੂੰ ਅੱਗੇ ਰੱਖ ਕੇ ਬਣਾ ਰਹੇ ਹਾਂ ਪਰ ਆਰਥਿਕ ਮਨੋਰਥ ਤੋਂ ਪਹਿਲਾਂ ਸਾਡਾ ਪ੍ਰਮੁੱਖ ਉਦੇਸ਼ ਪੰਜਾਬੀ ਵਿਰਾਸਤੀ ਕਹਾਣੀਆਂ, ਦੰਤ ਕਥਾਵਾਂ, ਪੰਜਾਬੀ ਵਰਤਾਰੇ ਨੂੰ ਹੂ-ਬ-ਹੂ ਫਿਲਮੀ ਪਰਦੇ ਰਾਹੀਂ ਪੇਸ਼ ਕਰਨਾ ਹੈ ਤਾਂ ਕਿ ਅਜੋਕੀ ਪੀੜ੍ਹੀ ਨੂੰ ਬੀਤੇ ਸਮੇਂ ਦੇ ਪੰਜਾਬੀ ਵਿਰਸੇ ਤੇ ਮੁਹਾਂਦਰੇ ਬਾਰੇ ਜਾਣਕਾਰੀ ਪ੍ਰਾਪਤ ਹੋ ਸਕੇ ।ਉਹਨਾਂ ਦੱਸਿਆ ਕਿ ਮਿਟਸ ਮੂਵੀਜ਼ ਦਾ ਉਦੇਸ਼ ਰੋਜ਼ਾਨਾ ਬੋਲਚਾਲ ‘ਚੋਂ ਲਾਂਭੇ ਕੀਤੀ ਜਾ ਰਹੀ ਠੇਠ ਪੰਜਾਬੀ ਸ਼ਬਦਾਵਲੀ ਨੂੰ ਆਪਣੀਆਂ ਫ਼ਿਲਮਾਂ ਰਾਹੀਂ ਪੇਸ਼ ਕਰਕੇ ਉਸ ਨੂੰ ਜਿਉਂਦਾ ਰੱਖਣਾ ਅਤੇ ਪੰਜਾਬੀ ਮਾਂ-ਬੋਲੀ ਦੀ ਸੇਵਾ ਕਰਨਾ ਹੈ।ਫ਼ਿਲਮ ਦੇ ਫ਼ਿਲਮਾਂਕਣ ਦੇ ਆਗਾਜ਼ ਸਮੇਂ ਅੱਜ ਪਿੰਡ ਬੀੜ ਬਹਿਮਣ ਵਿਖੇ ਨਿਰਮਾਤਾ ਗੁਰਚਰਨ ਸਿੰਘ ਢਪਾਲੀ, ਨਿਰਦੇਸ਼ਕ ਅਮਨ ਮਹਿਮੀ,ਫਿਲਮ ਲੇਖਕ ਰਾਜਦੀਪ ਸਿੰਘ ਬਰਾੜ,ਡੀ.ਓ.ਪੀ. ਸੰਜੀਵ ਕੁਮਾਰ ਅਤੇ ਅਦਾਕਾਰਾਂ ਵਿੱਚੋਂ ਵਿਰਾਟ ਮਹਿਲ,ਪਰਮਜੀਤ ਕੌਰ, ਗੁਰਦੇਵ ਕੌਰ, ਗਗਨਦੀਪ ਕੌਰ ਬਰਾੜ, ਦਲਜੀਤ ਕੌਰ, ਮਾਸਟਰ ਅਫਤਾਬ ਸਿੰਘ ਬਰਾੜ ਅਤੇ ਮਾਸਟਰ ਅਵੀਤਾਜ ਸਿੰਘ ਹਾਜ਼ਰ ਸਨ।ਕਈ ਕਲਾਕਾਰ ਮੌਜੂਦ ਸਨ।

Author: PRESS REPORTER
Abc