ਬਠਿੰਡਾ, 21 ਮਈ (ਗੁਰਪ੍ਰੀਤ ਚਹਿਲ)
ਚਿੱਟੇ ਰੂਪੀ ਜ਼ਹਿਰ ਨੂੰ ਕੁੱਝ ਘੰਟਿਆਂ ਵਿੱਚ ਖ਼ਤਮ ਕਰਨ ਦੇ ਦਾਅਵੇ ਕਰਨ ਵਾਲੀ ਭਗਵੰਤ ਮਾਨ ਦੀ ਸਰਕਾਰ ਦੋ ਮਹੀਨੇ ਬੀਤ ਜਾਣ ਬਾਅਦ ਵੀ ਇਸ ਮਾਮਲੇ ਪ੍ਰਤੀ ਗੰਭੀਰ ਦਿਖਾਈ ਨਹੀਂ ਦੇ ਰਹੀ। ਹਰ ਰੋਜ਼ ਸੈਂਕੜੇ ਜਾਨਾ ਲੈ ਰਿਹਾ ਚਿੱਟਾ ਅੱਜ ਵੀ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਲਈ ਵੱਡੀ ਚੁਣੌਤੀ ਸਾਬਤ ਹੋ ਰਿਹਾ ਹੈ। ਪਿਛਲੇ ਦਿਨੀਂ ਬਠਿੰਡਾ ਪੁਲਿਸ ਨੇ ਭਾਵੇਂ ਪੂਰੇ ਸ਼ਹਿਰ ਵਿੱਚ ਤਲਾਸ਼ੀ ਅਭਿਆਨ ਚਲਾ ਅਤੇ ਲੋਕਾਂ ਦੇ ਵਾਹਨਾਂ ਦੇ ਚਲਾਨ ਕੱਟ ਆਪਣੀ ਪਿੱਠ ਆਪ ਹੀ ਥਾਪੜ ਲਈ ਹੈ ਪਰ ਸ਼ਹਿਰ ਵਿੱਚ ਵੱਡੀ ਵੰਗਾਰ ਬਣਿਆ ਚਿੱਟਾ ਅੱਜ ਵੀ ਪੁਲਿਸ ਦੇ ਨੱਕ ਹੇਠਾਂ ਵਿਕ ਰਿਹਾ ਹੈ। ਇਸ ਗੱਲ ਦੀ ਗਵਾਹੀ ਭਰਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਬਠਿੰਡਾ ਦੇ ਮਾਡਲ ਟਾਊਨ ਸਥਿਤ ਦਾਦੀ ਪੋਤੀ ਪਾਰਕ ਨਜਦੀਕ ਖਾਲੀ ਪਏ ਕੁੱਝ ਐੱਸ ਸੀ ਓ ਵਿੱਚ ਅੱਜ ਵੀ ਨੌਜਵਾਨਾਂ ਵੱਲੋਂ ਚਿੱਟੇ ਦੇ ਸ਼ਰੇਆਮ ਟੀਕੇ ਲਗਾਏ ਜਾ ਰਹੇ ਹਨ ਪਰ ਪ੍ਰਸ਼ਾਸ਼ਨ ਦੀ ਇਸ ਪਾਸੇ ਨਿਗਾਹ ਤੱਕ ਨਹੀਂ ਜਾ ਰਹੀ। ਜਿਕਰਯੋਗ ਹੈ ਕਿ ਇਸ ਪਾਰਕ ਤੋਂ ਥਾਣਾ ਸਿਵਲ ਲਾਈਨ ਦੀ ਦੂਰੀ ਮਹਿਜ਼ ਕੁੱਝ ਮੀਟਰ ਹੈ।
Author: DISHA DARPAN
Journalism is all about headlines and deadlines.