ਬਠਿੰਡਾ, 22 ਮਈ ( ਰਮੇਸ਼ ਸਿੰਘ ਰਾਵਤ ) –ਬਾਬਾ ਫ਼ਰੀਦ ਗਰੁੱਪ ਆਫ਼ ਇੰਸਟੀਚਿਊਸ਼ਨਜ਼ (ਬੀ.ਐਫ.ਜੀ.ਆਈ.) ਵਿਖੇ ਕਲਚਰਲ ਹਾਰਮੋਨੀ ਕਲੱਬ ਵੱਲੋਂ ਬਾਬਾ ਫ਼ਰੀਦ ਕਾਲਜ ਦੇ ਪੋਸਟ-ਗ੍ਰੈਜੂਏਟ ਪੰਜਾਬੀ ਵਿਭਾਗ ਅਤੇ ਪੋਸਟ-ਗ੍ਰੈਜੂਏਟ ਇਤਿਹਾਸ ਵਿਭਾਗ ਦੇ ਸਹਿਯੋਗ ਨਾਲ ‘ਬੁੱਧ ਪੂਰਨਿਮਾ” ਦੇ ਅਵਸਰ ‘ਤੇ ਇੱਕ ‘ਕੁਇਜ਼ ਪ੍ਰਤੀਯੋਗਤਾ’ ਦਾ ਆਯੋਜਨ ਕਰਵਾਇਆ ਗਿਆ। ਇਸ ਪ੍ਰਤੀਯੋਗਤਾ ਦਾ ਆਯੋਜਨ ਬਾਬਾ ਫ਼ਰੀਦ ਕਾਲਜ ਦੇ ਪੰਜਾਬੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ ਅਤੇ ਇਤਿਹਾਸ ਵਿਭਾਗ ਦੇ ਪ੍ਰੋ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਆਪਣੀ ਦੇਖ ਰੇਖ ਹੇਠ ਕਰਵਾਇਆ। ਇਸ ਪ੍ਰਤੀਯੋਗਤਾ ਵਿਚ ਬਾਬਾ ਫ਼ਰੀਦ ਕਾਲਜ, ਬਠਿੰਡਾ ਦੀ ਫੈਕਲਟੀ ਆਫ਼ ਆਰਟਸ, ਫੈਕਲਟੀ ਆਫ਼ ਕਾਮਰਸ ਅਤੇ ਖੇਤੀਬਾੜੀ ਵਿਭਾਗ ਦੀਆਂ ਟੀਮਾਂ ਤੋਂ ਇਲਾਵਾ, ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ, ਬਠਿੰਡਾ, ਬਾਬਾ ਫ਼ਰੀਦ ਕਾਲਜ ਆਫ਼ ਮੈਨੇਜਮੈਂਟ ਐਂਡ ਟੈਕਨਾਲੋਜੀ, ਬਾਬਾ ਫ਼ਰੀਦ ਸੀਨੀਅਰ ਸੈਕੰਡਰੀ ਸਕੂਲ, ਬਠਿੰਡਾ ਦੀਆਂ ਟੀਮਾਂ ਨੇ ਭਾਗ ਲਿਆ। ਇਸ ਕੁਇਜ਼ ਪ੍ਰਤੀਯੋਗਤਾ ਦੀ ਸ਼ੁਰੂਆਤ ਵਿਚ ਬਾਬਾ ਫ਼ਰੀਦ ਕਾਲਜ, ਬਠਿੰਡਾ ਦੇ ਡੀਨ (ਫੈਕਲਟੀ ਆਫ਼ ਆਰਟਸ) ਮੈਡਮ ਨਵਨਿੰਦਰ ਕੌਰ ਢਿੱਲੋਂ ਨੇ ਪਹੁੰਚੇ ਅਧਿਆਪਕਾਂ ਅਤੇ ਸਾਰੇ ਪ੍ਰਤੀਯੋਗੀਆਂ ਦਾ ਸੁਆਗਤ ਕੀਤਾ ਅਤੇ ਕਾਮਯਾਬੀ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਵਿਚ ਵਧ-ਚੜ੍ਹ ਕੇ ਭਾਗ ਲੈਣ ਦੀ ਪ੍ਰੇਰਨਾ ਦਿੱਤੀ। ਇਸ ਤੋਂ ਬਾਅਦ ਪ੍ਰੋ. ਗੁਰਪ੍ਰੀਤ ਸਿੰਘ ਮੱਲ੍ਹੀ ਨੇ ਇਸ ਪ੍ਰਤੀਯੋਗਤਾ ਦੀ ਸ਼ੁਰੂਆਤ ਕੀਤੀ। ਉਨ੍ਹਾਂ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਪ੍ਰਤੀਯੋਗਤਾ ਦੇ ਤਿੰਨ ਰਾਊਂਡ ਹੋਣਗੇ ਜਿਨ੍ਹਾਂ ਦੇ ਆਧਾਰ ‘ਤੇ ਬੱਚਿਆਂ ਦੀ ਮਹਾਤਮਾ ਬੁੱਧ ਦੇ ਜਨਮ, ਜੀਵਨ, ਸਿੱਖਿਆਵਾਂ ਅਤੇ ਬੁੱਧ ਧਰਮ ਬਾਰੇ ਜਾਣਕਾਰੀ ਨੂੰ ਪਰਖਿਆ ਜਾਵੇਗਾ। ਇਸ ਕੁਇਜ਼ ਪ੍ਰਤੀਯੋਗਤਾ ਵਿਚ ਬਾਬਾ ਫ਼ਰੀਦ ਕਾਲਜ ਦੀ ਫੈਕਲਟੀ ਆਫ਼ ਆਰਟਸ ਦੀ ਟੀਮ ਪਹਿਲੇ ਸਥਾਨ ‘ਤੇ ਰਹੀ। ਖੇਤੀਬਾੜੀ ਵਿਭਾਗ ਦੀ ਟੀਮ ਅਤੇ ਬਾਬਾ ਫ਼ਰੀਦ ਕਾਲਜ ਆਫ਼ ਐਜੂਕੇਸ਼ਨ ਦੀ ਟੀਮ ਦੇ ਇੱਕੋ ਜਿੰਨੇ ਅੰਕ ਹੋਣ ਕਰ ਕੇ ਦੋਨੋਂ ਟੀਮਾਂ ਨੂੰ ਦੂਜੇ ਸਥਾਨ ‘ਤੇ ਰੱਖਿਆ ਗਿਆ। ਸਾਰੀਆਂ ਟੀਮਾਂ ਦਾ ਹੌਸਲਾ ਵਧਾਉਂਦੇ ਹੋਏ ਕਾਲਜ ਦੇ ਪ੍ਰਿੰਸੀਪਲ ਡਾ. ਪ੍ਰਦੀਪ ਕੌੜਾ ਨੇ ਧੰਨਵਾਦ ਦਾ ਮਤਾ ਪੇਸ਼ ਕੀਤਾ। ਮੰਚ ਸੰਚਾਲਨ ਦਾ ਕਾਰਜ ਪੰਜਾਬੀ ਵਿਭਾਗ ਦੇ ਡਾ. ਗੁਰਪ੍ਰੀਤ ਸਿੰਘ ਨੇ ਬਾਖ਼ੂਬੀ ਨਿਭਾਇਆ। ਜੇਤੂ ਟੀਮਾਂ ਨੂੰ ਡਾ. ਪ੍ਰਦੀਪ ਕੌੜਾ, ਮੈਡਮ ਨਵਨਿੰਦਰ ਕੌਰ ਅਤੇ ਸਮੂਹ ਸਟਾਫ਼ ਨੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰੋ. ਅਮਨਪ੍ਰੀਤ ਸਿੰਘ (ਅਰਥ ਸ਼ਾਸਤਰ ਵਿਭਾਗ), ਡਾ. ਦਿਨੇਸ਼ ਕੁਮਾਰ (ਇਤਿਹਾਸ ਵਿਭਾਗ), ਪ੍ਰੋ. ਜਸਪ੍ਰੀਤ ਕੌਰ (ਅੰਗਰੇਜ਼ੀ ਵਿਭਾਗ), ਡਾ. ਸਟਾਲਿਨਜੀਤ ਸਿੰਘ (ਪੰਜਾਬੀ ਵਿਭਾਗ) ਤੋਂ ਇਲਾਵਾ ਦਰਸ਼ਕਾਂ ਦੇ ਰੂਪ ਵਿਚ ਵਿਦਿਆਰਥੀ ਵੀ ਸ਼ਾਮਲ ਸਨ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਨੇ ਕਲਚਰਲ ਹਾਰਮੋਨੀ ਕਲੱਬ ਦੇ ਅਹੁਦੇਦਾਰਾਂ ਅਤੇ ਬਾਬਾ ਫ਼ਰੀਦ ਕਾਲਜ ਦੇ ਸਮੂਹ ਸਟਾਫ਼ ਦੇ ਇਸ ਕਾਰਜ ਦੀ ਭਰਪੂਰ ਸ਼ਲਾਘਾ ਕੀਤੀ।
Author: DISHA DARPAN
Journalism is all about headlines and deadlines.