ਸੰਗਤ ਮੰਡੀ,16ਮਈ(ਪੱਤਰ ਪ੍ਰੇਰਕ)ਅੱਜ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਅਗਵਾਈ ਵਿੱਚ ਨਰਮਾਂ ਚੁਗਾਈ ਦਾ ਮੁਆਵਜ਼ਾ ਲੈਣ ਲਈ ਸੰਗਤ ਨਾਇਬ ਤਹਿਸੀਲਦਾਰ ਦੇ ਦਫ਼ਤਰ ਅੱਗੇ ਧਰਨਾਂ ਦਿੱਤਾ ਗਿਆ। ਜਿਸ ਵਿੱਚ ਕੋਟ ਗੁਰੂ ਅਤੇ ਘੁੱਦਾ ਦੇ ਖੇਤ ਮਜ਼ਦੂਰ ਔਰਤਾਂ, ਮਰਦ ਸ਼ਾਮਿਲ ਹੋਏ। ਧਰਨੇ ਨੂੰ ਸੰਬੋਧਿਨ ਕਰਦਿਆਂ ਜ਼ਿਲਾ ਆਗੂ ਕਾਲਾ ਸਿੰਘ ਖੂਨਣ ਖੁਰਦ ਅਤੇ ਰਾਮਪਾਲ ਗੱਗੜ ਨੇ ਕਿਹਾ ਕਿ ਪੰਜਾਬ ਦੀ ਆਪ ਸਰਕਾਰ ਜਿਹੜੀ ਆਪਣੇ ਆਪ ਨੂੰ ਆਮ ਆਦਮੀ ਦੀ ਸਰਕਾਰ ਕਹਿੰਦੀ ਹੈ। ਉਸ ਨੇ ਇੰਨਾ ਸਮਾਂ ਬੀਤ ਜਾਣ ਤੇ ਵੀ ਹਾਲੇ ਤੱਕ ਖੇਤ ਮਜ਼ਦੂਰਾਂ ਦਾ ਨਰਮਾਂ ਚੁਗਾਈ ਦਾ ਮੁਆਵਜਾ ਪੀੜਤ ਪ੍ਰੀਵਾਰਾਂ ਨੂੰ ਨਹੀਂ ਵੰਡਿਆ। ਪਹਿਲਾਂ ਵਾਲਿਆਂ ਦੀ ਤਰਾਂ ਢੀਠਤਾਈ ਧਾਰੀ ਹੋਈ ਹੈ। ਇਸ ਮਹਿੰਗਾਈ ਦੇ ਦੌਰ ਵਿੱਚ ਖੇਤ ਮਜ਼ਦੂਰ ਪ੍ਰੀਵਾਰਾਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਵਿੱਚ ਇੱਕ ਹਿੱਸੇ ਵੱਲੋਂ ਇਹ ਪ੍ਰਚਾਰ ਵਿੱਢਿਆ ਹੋਇਆ ਹੈ ਕਿ ਕਿਸਾਨ ਤਾਂ ਆਪਣਾਂ ਮੁਅਵਜਾ ਲੈ ਗਏ ਤੇ ਮਜ਼ਦੂਰਾਂ ਵਾਰੀ ਚੁੱਪ ਹਨ। ਪਰ ਇਹ ਸੱਚਾਈ ਨਹੀਂ ਨਰਮਾਂ ਚੁਗਾਈ ਦਾ ਮੁਆਵਜਾ ਕਿਸਾਨਾਂ ਨੂੰ ਉਨ੍ਹਾਂ ਦੀ ਵੱਡੀ ਜਥੇਬੰਦਕ ਤਾਕਤ ਦੇ ਜੋਰ ਪ੍ਰਾਪਤ ਹੋਇਆ ਹੈ। ਉਨ੍ਹਾਂ ਨੇ ਖਜਾਨਾਂ ਮੰਤਰੀ ਦੇ ਘਿਰਾਉ, ਡੀਸੀ ਦਫ਼ਤਰਾਂ ਦਾ ਘਿਰਾਉ ਅਤੇ ਪਟਵਾਰੀਆਂ ਤੇ ਤਹਿਸੀਲਦਾਰਾਂ ਦੇ ਘਿਰਾਉ ਲਗਾਤਾਰ ਜਾਰੀ ਰੱਖ ਕੇ ਅੰਤ ਤੱਕ ਸੰਘਰਸ਼ ਕੀਤਾ। ਸਾਨੂੰ ਵੀ ਉਨ੍ਹਾਂ ਤੋਂ ਪ੍ਰੇਰਨਾਂ ਲੈ ਕੇ ਜਥੇਬੰਦ ਹੋ ਕੇ ਸੰਘਰਸ਼ਾਂ ਤੇ ਟੇਕ ਰੱਖਣੀ ਚਾਹੀਦੀ ਹੈ। ਸਰਕਾਰ ਦੀ ਹਿੰਮਤ ਨਹੀਂ ਕਿ ਉਹ ਇੱਕ ਦੁੱਕੀ ਵੀ ਰੱਖ ਸਕੇ। ਪਿੰਡਾਂ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਏਕਤਾ ਨੂੰ ਚੀਰਾ ਦੇਣ ਦੇ ਮਕਸਦ ਨਾਲ ਕਿਸਾਨ ਮਜ਼ਦੂਰ ਵਿਰੋਧੀ ਮਤੇ ਪਵਾਏ ਜਾ ਰਹੇ ਨੇ, ਜਿਨ੍ਹਾਂ ਤੋਂ ਸਾਵਧਾਨ ਹੋ ਕੇ ਸਾਂਝੇ ਇਕੱਠ ਕਰਕੇ ਮਸਲੇ ਦਾ ਢੁੱਕਵਾਂ ਹੱਲ ਸੋਚਣ ਦੇ ਰਾਹ ਪਿਆ ਜਾਵੇ। ਤੇਤੀ ਫ਼ੀਸਦੀ ਖੇਤ ਮਜ਼ਦੂਰ ਤੇ ਸਤਾਰਾਂ ਫ਼ੀਸਦੀ ਕਿਸਾਨ ਬੇਜ਼ਮੀਨੇ ਹਨ। ਇਨਾਂ ਦੀਆਂ ਮੰਗਾਂ ਸਾਂਝੀਆਂ ਬਣਦੀਆਂ ਹਨ। ਮੁਕਤੀ ਦਾ ਰਾਹ ਵੀ ਸਾਂਝਾ ਹੈ। ਤਿੱਖੇ ਜ਼ਮੀਨੀ ਸੁਧਾਰ ਕਰਾਏ ਬਿਨ ਆਪਣੇ ਹਿੱਸੇ ਦੀ ਜ਼ਮੀਨ ਪ੍ਰਾਪਤ ਨਹੀਂ ਕੀਤੀ ਜਾ ਸਕਦੀ। ਇਸ ਲਈ ਸੂਝ ਤੇ ਸਮਝ ਨਾਲ ਦੁਸ਼ਮਣਾਂ ਤੇ ਦੋਸਤਾਂ ਦੀ ਪਰਖ ਕਰਕੇ ਹੀ ਸਹੀ ਦਿਸ਼ਾ ਚ ਸੰਘਰਸ਼ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਉਨ੍ਹਾਂ ਮੰਗ ਕੀਤੀ ਕੇ ਨਰਮਾਂ ਬੀਜਣ ਵਾਲਿਆਂ ਨੂੰ ਵੀ ਝੋਨੇ ਦੀ ਸਿੱਧੀ ਬਿਜਾਈ ਦੀ ਤਰਜ ਤੇ ਪੰਦਰਾਂ ਸੌ ਦੀ ਸਹਾਇਤਾ ਦਿੱਤੀ ਜਾਵੇ। ਸਾਰੀਆਂ ਫਸਲਾਂ ਤੇ ਐਮ ਐਸ ਪੀ ਤਹਿ ਕਰਕੇ ਸਰਕਾਰੀ ਖ਼ਰੀਦ ਯਕੀਨੀ ਬਣਾਈ ਜਾਵੇ। ਸਿੱਧੀ ਬਿਜਾਈ ਨਾਲ਼ ਮਜ਼ਦੂਰਾਂ ਦਾ ਰੁਜ਼ਗਾਰ ਖੁੱਸਦਾ ਹੈ।ਇਸ ਲਈ ਮਨਰੇਗਾ ਦਾ ਕੰਮ ਪੂਰਾ ਸਾਲ ਚਲਾਇਆ ਜਾਵੇ। ਬਾਸਮਤੀ ਝੋਨੇ ਹੇਠ ਰਕਬੇ ਨੂੰ ਵਧਾਇਆ ਜਾਵੇ ਕਿਉਂਕਿ ਉਸ ਦੀ ਪਰਾਲੀ ਨੂੰ ਤੂੜੀ ਦੀ ਥਾਂ ਪਸ਼ੂਆਂ ਦੇ ਚਾਰੇ ਲਈ ਵਰਤਿਆ ਜਾ ਸਕਦਾ ਹੈ। ਧਰਨੇ ਨੂੰ ਜਸਕਰਨ ਕੋਟਗੁਰੂ, ਅਮਰੀਕ ਘੁੱਦਾ, ਹਰਭਜਨ ਘੁੱਦਾ, ਰਣਦੀਪ ਸਿੰਘ ਨੇ ਸੰਬੋਧਨ ਕੀਤਾ। ਇਸ ਮੌਕੇ ਔਰਤਾਂ ‘ਚੋਂ ਮਨਜੀਤ ਕੌਰ ਕੋਟਗੁਰੂ ਤੇ ਸੁਰਜੀਤ ਕੌਰ ਹਾਜ਼ਿਰ ਸਨ। ਧਰਨੇ ਨੂੰ ਨੌਜਵਾਨ ਭਾਰਤ ਸਭਾ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸਹਿਯੋਗ ਦਿੱਤਾ।
Author: DISHA DARPAN
Journalism is all about headlines and deadlines.