ਬਠਿੰਡਾ, 14 ਮਈ (ਗੁਰਪ੍ਰੀਤ ਚਹਿਲ)
ਕਿਸੇ ਵੀ ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਕਾਇਮ ਰੱਖਣ ਲਈ ਉਸ ਸੂਬੇ ਦੀ ਪੁਲਿਸ ਦਾ ਇੱਕ ਵੱਡਾ ਰੋਲ ਰਹਿੰਦਾ ਹੈ। ਅਕਸਰ ਕਿਸੇ ਚੋਰੀ ਜਾਂ ਲੁੱਟ ਆਦਿ ਵਾਰਦਾਤ ਸਮੇਂ ਕਿਹਾ ਜਾਂਦਾ ਹੈ ਕਿ ਕੀ ਤੁਸੀਂ ਆਪਣੇ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਸਨ ਵਗੈਰਾ ਵਗੈਰਾ। ਚਾਹੇ ਕੋਈ ਘਰ ਹੋਵੇ, ਦਫ਼ਤਰ ਹੋਵੇ ਜਾਂ ਫੈਕਟਰੀ, ਉੱਥੇ ਮਾਲਕ ਵੱਲੋਂ ਇਹ ਦ੍ਰਿੜ ਕੀਤਾ ਜਾਂਦਾ ਹੈ ਕਿ ਸੁਰੱਖਿਆ ਪੱਖੋਂ ਕਿਸੇ ਕਿਸਮ ਦੀ ਢਿੱਲ ਨਾ ਵਰਤੀ ਜਾਵੇ। ਹੁਣ ਜਿਉਂ ਜਿਉਂ ਤਕਨੀਕ ਬਦਲਦੀ ਜਾ ਰਹੀ ਹੈ ਉਵੇਂ ਉਵੇਂ ਜੁਰਮ ਰੋਕਣ ਲਈ ਆਧੁਨਿਕ ਤਕਨੀਕ ਨਾਲ ਲੈਸ ਸੀ ਸੀ ਟੀਵੀ ਕੈਮਰੇ ਆਦਿ ਦਾ ਪ੍ਰਚਲਨ ਵੀ ਜ਼ੋਰਾ ਤੇ ਹੈ। ਹੋਣਾ ਵੀ ਚਾਹੀਦਾ ਹੈ ਕਿਉਂਕਿ ਦਿਨ ਬ ਦਿਨ ਜੁਰਮ ਦੇ ਨਾਲ ਨਾਲ ਜੁਰਮ ਕਰਨ ਦੇ ਤਰੀਕੇ ਵੀ ਬਦਲਦੇ ਜਾ ਰਹੇ ਹਨ।
ਪਰ ਜੇਕਰ ਲੋਕਾਂ ਨੂੰ ਸੁਰੱਖਿਆ ਦਾ ਪਾਠ ਪੜ੍ਹਾਉਣ ਵਾਲੀ ਅਤੇ ਲੋਕਾਂ ਦੀ ਸੁਰੱਖਿਆ ਦੀ ਜਿੰਮੇਵਾਰ ਪੁਲਿਸ ਇਸ ਤਰਫੋਂ ਖੁਦ ਅਵੇਸਲੀ ਹੋਵੇ ਤਾਂ ? ਜੀ ਹਾਂ ਅੱਜ ਅਸੀਂ ਕੁੱਝ ਅਜਿਹਾ ਹੀ ਮਾਮਲਾ ਉਜਾਗਰ ਕਰਨ ਜਾ ਰਹੇ ਹਾਂ ਜਿਥੇ ਇੱਕ ਪੁਲਿਸ ਥਾਣਾ ਖੁਦ ਸੁਰੱਖਿਆ ਪੱਖੋਂ ਊਣਾ ਨਜ਼ਰ ਆ ਰਿਹਾ ਹੈ। ਗੱਲ ਹੋ ਰਹੀ ਹੈ ਬਠਿੰਡਾ ਦੇ ਬਿਲਕੁੱਲ ਬਾਹਰ ਬਣੇ ਥਾਣਾ ਸਦਰ ਦੀ। ਦੱਸਣਾ ਬਣਦਾ ਹੈ ਕਿ ਇਹ ਥਾਣਾ ਬਠਿੰਡਾ ਦੇ ਬਾਹਰ ਬਾਰ ਬਣੇ ਕਿਸਾਨ ਚੌਂਕ ਨੇੜੇ ਬਣੇ ਬਾਈ ਪਾਸ ਤੇ ਸਥਿਤ ਹੈ ਅਤੇ ਇਸਦੇ ਸਿਰ ਤੇ ਇੱਕ ਵੱਡੇ ਏਰੀਏ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਹੈ। ਬਿਨਾ ਸ਼ੱਕ ਇਹ ਥਾਣਾ ਦਿੱਖ ਪੱਖੋਂ ਨਵਾਂ ਨਕੋਰ ਅਤੇ ਬੜਾ ਆਧੁਨਿਕ ਦਿਖਾਈ ਦਿੰਦਾ ਹੈ ਪਰ ਇਸਦੇ ਆਸ ਪਾਸ ਚਾਰ ਦੀਵਾਰੀ ਨਾ ਹੋਣ ਕਾਰਨ ਸੁਰੱਖਿਆ ਦੇ ਲਿਹਾਜ਼ ਤੋਂ ਬਹੁਤਾ ਸੁਰੱਖਿਅਤ ਨਹੀਂ। ਬਠਿੰਡਾ ਅਤੇ ਇਸਦੇ ਆਸ ਪਾਸ ਜਿਸ ਤਰਾਂ ਚੋਰੀਆਂ ਅਤੇ ਲੁੱਟਾਂ ਖੋਹਾਂ ਦੇ ਮਾਮਲੇ ਜਿਸ ਤਰਾਂ ਵੱਧ ਹੋ ਰਹੇ ਹਨ ਉਸਨੂੰ ਦੇਖਦੇ ਹੋਏ ਸ਼ਹਿਰ ਤੋਂ ਬਾਹਰ ਬਣਿਆ ਇਹ ਥਾਣਾ ਕਿਤੇ ਨਾ ਕਿਤੇ ਉੱਚ ਅਧਿਕਾਰੀਆਂ ਦਾ ਅਵੇਸਲਾਪਣ ਜ਼ਾਹਰ ਕਰਦਾ ਹੈ। ਦੱਸ ਦੇਈਏ ਕਿ ਮੀਡੀਆ ਵੱਲੋਂ ਚਾਰ ਦੀਵਾਰੀ ਦਾ ਮਸਲਾ ਕਈ ਵਾਰ ਇੱਥੋ ਦੇ ਵੱਖ ਵੱਖ ਸਮੇਂ ਤਾਇਨਾਤ ਮੁੱਖ ਅਫਸਰਾਂ ਨਾਲ ਵਿਚਾਰਿਆ ਵੀ ਗਿਆ ਪਰ ਕਈ ਅਫ਼ਸਰਾਂ ਨੇ ਦੱਬੀ ਜ਼ੁਬਾਨ ਅਤੇ ਕਈਆਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਸ ਬਾਰੇ ਉੱਚ ਅਫ਼ਸਰਾਂ ਨੂੰ ਕਈ ਵਾਰ ਜਾਣੂ ਕਰਵਾਇਆ ਗਿਆ ਹੈ ਪਰ ਇਸ ਮਾਮਲੇ ਨੂੰ ਬੱਜਟ ਦੀ ਘਾਟ ਕਾਰਨ ਦੱਬ ਦਿੱਤਾ ਗਿਆ। ਇਸ ਬਾਰੇ ਕਈ ਮੁਲਾਜ਼ਮਾਂ ਨਾਲ ਵੀ ਗੱਲ ਕੀਤੀ ਤਾਂ ਉਹਨਾਂ ਵੀ ਦਬੀ ਜੁਬਾਨ ਨਾਲ ਕਿਹਾ ਕਿ ਅਸਲ ਵਿੱਚ ਥਾਣੇ ਅੰਦਰ ਆਪਣੀ ਡਿਊਟੀ ਦੌਰਾਨ ਉਹਨਾ ਨੂੰ ਵੀ ਬਿਨਾ ਚਾਰ ਦੀਵਾਰੀ ਖੜ੍ਹੇ ਆਪਣੇ ਮੋਟਰ ਸਾਇਕਲ ਜਾਂ ਕਾਰਾਂ ਆਦਿ ਦੇ ਕਿਸੇ ਵੀ ਸਮੇਂ ਚੋਰੀ ਹੋਣ ਦਾ ਡਰ ਬਣਿਆਂ ਰਹਿੰਦਾ ਹੈ। ਉਕਤ ਮੁਲਾਜ਼ਮਾਂ ਨੇ ਨਵੀਂ ਬਣੀ ਸਰਕਾਰ ਤੋਂ ਇਸ ਗੰਭੀਰ ਮਸਲੇ ਵੱਲ ਉਚੇਚਾ ਧਿਆਨ ਦੇਣ ਦੀ ਮੰਗ ਕੀਤੀ ਹੈ।
Author: DISHA DARPAN
Journalism is all about headlines and deadlines.