ਬਠਿੰਡਾ, 17 ਮਈ (ਗੁਰਪ੍ਰੀਤ ਚਹਿਲ)
ਪੰਜਾਬ ਨੂੰ ਲਾਂਬੂ ਲਾਉਣ ਦੀ ਤਾਕ ਵਿੱਚ ਬੈਠੀਆਂ ਤਾਕਤਾਂ ਵੱਲੋਂ ਇੱਕ ਵਾਰ ਫੇਰ ਸਿਰ ਚੁੱਕਣਾ ਸ਼ੁਰੂ ਕਰ ਦਿੱਤਾ ਹੈ। ਬੀਤੇ ਦਿਨੀਂ ਗੁਰੂਦਵਾਰਾ ਕਿਲ੍ਹਾ ਮੁਬਾਰਕ ਸਾਹਮਣੇ ਹੋਈ ਹਿੰਦੂ ਧਰਮ ਨਾਲ ਸਬੰਧਤ ਗ੍ਰੰਥਾਂ ਨੂੰ ਅਗਨ ਭੇਂਟ ਕੀਤੇ ਗਏ ਨਿੰਦਣਯੋਗ ਕਾਰੇ ਦੀਆਂ ਅਜੇ ਗੱਲਾਂ ਚੱਲ ਹੀ ਰਹੀਆਂ ਕਿ ਅੱਜ ਮੁਲਤਾਨੀਆਂ ਰੋੜ ਸਥਿਤ ਮਿੱਤਲ ਡੀ ਡੀ ਟਾਵਰ ਵਿਖੇ ਸਿੱਖ ਧਰਮ ਨਾਲ ਸਬੰਧਤ ਗੁਟਕਾ ਸਾਹਿਬ ਦੇ ਪੰਨੇ ਖਿੱਲਰੇ ਮਿਲਣ ਨਾਲ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਡੀ ਐੱਸ ਪੀ ਸਿਟੀ ਵਨ ਚਰਨਜੀਵ ਲਾਂਬਾ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਡੀ ਡੀ ਮਿੱਤਲ ਟਾਵਰ ਦੇ ਬਲਾਕ 8 ਅਤੇ 9 ਦੇ ਵਿਚਕਾਰ ਸਿੱਖ ਧਰਮ ਦੇ ਗ੍ਰੰਥਾਂ ਦੀ ਬੇਅਦਬੀ ਹੋਈ ਹੈ। ਜਦੋਂ ਸਾਡੀ ਟੀਮ ਇੱਥੇ ਪਹੁੰਚੀ ਤਾਂ ਪਤਾ ਚੱਲਿਆ ਕਿ ਇਸੇ ਕਲੋਨੀ ਦੀ ਇੱਕ ਕਰੀਬ ਪੰਜਾਹ ਸਾਲਾਂ ਐਨ ਆਰ ਆਈ ਮਹਿਲਾ ਜਿਸਦਾ ਪਤੀ ਵੀ ਵਿਦੇਸ਼ ਰਹਿ ਰਿਹਾ ਹੈ, ਕਈ ਧਰਮ ਨਾਲ ਸਬੰਧਤ ਧਾਰਮਿਕ ਗ੍ਰੰਥਾਂ ਨੂੰ ਮੰਨਦੀ ਹੈ ਅਤੇ ਉਸਨੇ ਆਪਣੇ ਘਰ ਲੱਗਭੱਗ ਸਾਰੇ ਹੀ ਧਰਮਾਂ ਨਾਲ ਸਬੰਧਤ ਗ੍ਰੰਥ ਰੱਖੇ ਹੋਏ ਹਨ। ਮੁੱਢਲੀ ਪੜਤਾਲ ਦੌਰਾਨ ਇਹੀ ਸਾਹਮਣੇ ਆਇਆ ਹੈ ਕਿ ਤੇਜ ਹਵਾ ਕਾਰਨ ਸਿੱਖ ਧਰਮ ਨਾਲ ਸਬੰਧਿਤ ਗੁਟਕਾ ਸਾਹਿਬ ਧਰਤੀ ਤੇ ਆ ਡਿੱਗਾ ਜਿਸ ਕਰਕੇ ਉਕਤ ਗੁਟਕੇ ਦੇ ਪੰਨੇ ਖਿੱਲਰ ਗਏ। ਉਨ੍ਹਾਂ ਕਿਹਾ ਕਿ ਫੇਰ ਵੀ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਇਸਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।ਜਦੋਂ ਉਨ੍ਹਾਂ ਨੂੰ ਬੀਤੇ ਦਿਨੀਂ ਹੋਈ ਘਟਨਾ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਕਤ ਮਾਮਲੇ ਵਿੱਚ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ਼ ਕਰ ਲਿਆ ਗਿਆ ਹੈ ਅਤੇ ਮੁਲਜ਼ਮਾਂ ਨੂੰ ਜਲਦੀ ਹੀ ਕਾਬੂ ਕਰ ਲਿਆ ਜਾਵੇਗਾ।
Author: DISHA DARPAN
Journalism is all about headlines and deadlines.