ਬਠਿੰਡਾ ,09 ਮਈ (ਗੁਰਪ੍ਰੀਤ ਚਹਿਲ)
ਨਗਰ ਨਿਗਮ ਬਠਿੰਡਾ ਦੀ ਇੱਕ ਹੋਰ ਵੱਡੀ ਕਰਤੂਤ ਸਾਹਮਣੇ ਆਈ ਹੈ ਜਿਸ ਮੁਤਾਬਿਕ ਪਿਛਲੇ ਕਰੀਬ ਤੇਰਾਂ ਸਾਲਾਂ ਵਿੱਚ ਲੋਕਾਂ ਤੋਂ ਕਾਓ ਸੈੱਸ ਦੇ ਨਾਮ ਤੇ ਪੱਚੀ ਕਰੋੜ ਤੋਂ ਵੀ ਵੱਧ ਦੀ ਰਕਮ ਇਕੱਠੀ ਕੀਤੀ ਗਈ ਜਦੋਂ ਕਿ ਇਸ ਮਕਸਦ ਲਈ ਸਿਰਫ ਪੰਜ ਪ੍ਰਤਿਸ਼ਤ ਹੀ ਲਗਾਇਆ ਗਿਆ।ਆਰ ਟੀ ਆਈ ਦੇ ਮਾਹਿਰ ਸੰਜੀਵ ਗੋਇਲ ਰਾਹੀਂ ਮੰਗੀ ਜਾਣਕਾਰੀ ਰਾਹੀਂ ਇਹ ਖੁਲਾਸਾ ਹੋਣ ਦੀਆਂ ਖਬਰਾਂ ਮਿਲੀਆਂ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਤੇਰਾਂ ਸਾਲਾਂ ਵਿੱਚ ਨਗਰ ਨਿਗਮ ਵੱਲੋਂ ਪੱਚੀ ਕਰੋੜ ਰੁਪਏ ਉਕਤ ਸਰਵਿਸ ਲਈ ਲੋਕਾਂ ਦੀ ਜੇਬ ਚੋਂ ਕਢਵਾਏ ਗਏ ਜਿਸ ਵਿਚੋਂ ਸਾਲ 2021-22 ਦੌਰਾਨ ਹੀ ਪੰਜ ਕਰੋੜ ਤੋਂ ਵੱਧ ਦੀ ਰਾਸ਼ੀ ਇਕੱਠੀ ਹੋਈ। ਪਰ ਇਸ ਰਾਸ਼ੀ ਵਿੱਚੋਂ ਸਿਰਫ ਇੱਕ ਕਰੋੜ ਅਤੇ ਸੈਂਤੀ ਲੱਖ ਰੁਪਏ ਹੀ ਇਸ ਮਕਸਦ ਲਈ ਖਰਚ ਕੀਤੇ ਗਏ ਹਨ ਜਿਹੜਾ ਕਿ ਕੁੱਲ ਰਾਸ਼ੀ ਦਾ ਸਿਰਫ ਸਾਢੇ ਪੰਜ ਪ੍ਰਤੀਸ਼ਤ ਹੀ ਬਣਦਾ ਹੈ। ਦੱਸ ਦੇਈਏ ਕਿ ਅਵਾਰਾ ਪਸ਼ੂਆਂ ਦੀ ਵਜ੍ਹਾ ਨਾਲ ਹੋਣ ਵਾਲੇ ਹਾਦਸਿਆਂ ਕਾਰਨ ਹਰ ਰੋਜ਼ ਸੈਂਕੜੇ ਹੀ ਲੋਕਾਂ ਦੀ ਜਾਨ ਚਲੀ ਜਾਂਦੀ ਹੈ ਅਤੇ ਕਈ ਗੰਭੀਰ ਜਖ਼ਮੀ ਵੀ ਹੁੰਦੇ ਹਨ। ਲੋਕਾਂ ਨੂੰ ਇਹਨਾ ਹਾਦਸਿਆਂ ਤੋਂ ਬਚਾਉਣ ਹਿੱਤ ਹੀ ਸਰਕਾਰ ਵੱਲੋਂ ਕਾਓ ਸੈੱਸ ਨਾਮਕ ਟੈਕਸ ਸ਼ੁਰੂ ਕੀਤਾ ਗਿਆ ਸੀ ਜਿਸ ਨਾਲ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਹੋ ਸਕੇ। ਪਰ ਗਾਵਾਂ ਦੇ ਨਾਮ ਤੇ ਇਕੱਠਾ ਹੋਣ ਵਾਲੇ ਇਸ ਪੈਸੇ ਨੂੰ ਵੀ ਕਈ ਭ੍ਰਿਸ਼ਟ ਅਫ਼ਸਰਾਂ ਅਤੇ ਲੀਡਰਾਂ ਨੇ ਰਲ ਮਿਲ ਕੇ ਕਥਿਤ ਤੌਰ ਤੇ ਆਪਣਾ ਪੇਟ ਪਾਲਣ ਦਾ ਸਾਧਨ ਬਣਾ ਲਿਆ। ਭਾਵੇਂ ਲੋਕਾਂ ਵੱਲੋਂ ਕਰੋੜਾਂ ਰੁਪਏ ਇਹਨਾ ਅਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਲਈ ਆਪਣੀ ਜੇਬ ਚੋਂ ਦਿੱਤੇ ਜਾ ਰਹੇ ਹਨ ਪਰ ਅੱਜ ਵੀ ਸੈਂਕੜੇ ਅਵਾਰਾ ਪਸ਼ੂ ਸ਼ਰੇਆਮ ਸੜਕਾਂ ਤੇ ਘੁੰਮਦੇ ਦੇਖੇ ਜਾ ਰਹੇ ਹਨ ਜੋ ਲੋਕਾਂ ਦੀ ਜਾਨ ਦਾ ਖਾਓ ਬਣ ਰਹੇ ਹਨ। ਕੁੱਝ ਸਮਾਜ ਸੇਵੀ ਸੰਸਥਾਵਾਂ ਜਾਂ ਕੁਝ ਐਨ ਜੀ ਓ ਆਪਣੇ ਤੌਰ ਤੇ ਇਸ ਵੱਲ ਆਪਣੀ ਸਮਰੱਥਾ ਅਨੁਸਾਰ ਜਰੂਰ ਧਿਆਨ ਦੇ ਰਹੇ ਹਨ ਪਰ ਸਰਕਾਰਾਂ ਤਾਂ ਅਵੇਸਲੀਆਂ ਹੀ ਦਿਖਾਈ ਦੇ ਰਹੀਆਂ ਹਨ। ਵਿਧਾਇਕਾਂ ਅਤੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਇਹਨਾ ਪਸ਼ੂਆਂ ਦੀ ਸੰਭਾਲ ਲਈ ਵੱਡੀਆਂ ਵੱਡੀਆਂ ਗੱਲਾਂ ਤਾਂ ਬ੍ਥੇਰੀਆਂ ਕੀਤੀਆਂ ਜਾਂਦੀਆਂ ਹਨ, ਯੋਜਨਾਵਾਂ ਵੀ ਬਣਾਈਆਂ ਜਾਂਦੀਆਂ ਹਨ ਪਰ ਇਸਤੇ ਅਮਲ ਕਿੰਨਾ ਕ ਕੀਤਾ ਜਾਂਦਾ ਹੈ ਉਹ ਇਹ ਆਂਕੜੇ ਬਿਆਨ ਕਰ ਹੀ ਰਹੇ ਹਨ।
ਡਿਪਟੀ ਕਮਿਸ਼ਨਰ ਬਠਿੰਡਾ ਅਤੇ ਪੰਜਾਬ ਸਰਕਾਰ ਨੂੰ ਬੇਨਤੀ ਹੈ ਕਿ ਇਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਜਿਹੜਾ ਵੀ ਅਧਿਕਾਰੀ, ਕਰਮਚਾਰੀ ਦੋਸ਼ੀ ਪਾਇਆ ਜਾਂਦਾ ਹੈ ਉਸਤੇ ਬਣਦੀ ਵਿਭਾਗੀ ਕਾਰਵਾਈ ਕੀਤੀ ਜਾਵੇ।
Author: DISHA DARPAN
Journalism is all about headlines and deadlines.