ਸੰਗਤ ਮੰਡੀ,10 ਮਈ(ਪੱਤਰ ਪ੍ਰੇਰਕ)ਨੌਜਵਾਨ ਭਾਰਤ ਸਭਾ ਵੱਲੋਂ ਉੱਭਰ ਰਹੇ ਅਤੇ ਨੌਜਵਾਨ ਲੇਖਕਾਂ ਨੂੰ ਸਾਹਿਤ ਪ੍ਰਤੀ ਉਤਸ਼ਾਹਿਤ ਕਰਨ ਲਈ ਪਿੰਡ ਘੁੱਦਾ ਵਿਖੇ ‘ਸਾਹਿਤਕ ਸ਼ਾਮ’ ਤਹਿਤ ਪ੍ਰੋਗਰਾਮ ਕਰਾਵਾਇਆ ਗਿਆ ਜਿਸ ਵਿੱਚ ਆਸ-ਪਾਸ ਦੇ ਪਿੰਡਾਂ ਤੋਂ ਪਹੁੰਚੇ ਨੌਜਵਾਨ ਸ਼ਾਇਰਾਂ ਤੋਂ ਇਲਾਵਾ ਕੇਂਦਰੀ ਯੂਨੀਵਰਸਿਟੀ ਘੁੱਦਾ ਦੇ ਵੱਖ-ਵੱਖ ਰਾਜਾਂ ਨਾਲ ਸੰਬੰਧਿਤ ਵਿਦਿਆਰਥੀਆਂ ਨੇ ਵੀ ਵੱਡੀ ਗਿਣਤੀ ਵਿੱਚ ਭਾਗ ਲਿਆ।ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਸਭਾ ਦੇ ਸੂਬਾ ਕਮੇਟੀ ਮੈਂਬਰ ਅਸ਼ਵਨੀ ਘੁੱਦਾ ਅਤੇ ਇਲਾਕਾ ਕਮੇਟੀ ਮੈਂਬਰ ਜਸਕਰਨ ਕੋਟਗੁਰੂ ਨੇ ਦੱਸਿਆ ਕਿ ਸਮਾਗਮ ਦੌਰਾਨ ਪੰਜਾਬੀ,ਹਿੰਦੀ,ਅੰਗਰੇਜ਼ੀ,ਮਲਿਆਲਮ,ਕੰਨੜ,ਤਾਮਿਲ ਆਦਿ ਭਾਸ਼ਾਵਾਂ ਵਿੱਚ ਗੀਤ ਅਤੇ ਕਵਿਤਾਵਾਂ ਪੇਸ਼ ਕੀਤੀਆਂ।ਇਸ ਮੌਕੇ ਆਪਣਾ ਸਾਜੋ-ਸਾਮਾਨ ਲੈ ਕੇ ਪਹੁੰਚੇ ਨੌਜਵਾਨ ਗਾਇਕਾਂ ਨੇ ਆਪਣੀਆਂ ਮੌਲਿਕ ਅਤੇ ਕੁਝ ਹੋਰਨਾਂ ਲੇਖਕਾਂ ਦੀਆਂ ਰਚਨਾਵਾਂ ਦੀ ਸੁਰਾਂ ਵਿੰਨ੍ਹੀ ਪੇਸ਼ਕਾਰੀ ਕਰਕੇ ਚੋਖਾ ਰੰਗ ਬੰਨ੍ਹਿਆ।ਭਾਸ਼ਾਈ ਵਖਰੇਵਾਂ ਹੋਣ ਦੇ ਬਾਵਜੂਦ ਵੀ ਭਾਵਨਾਵਾਂ ਦੀ ਇੱਕਮਿਕਤਾ ਨੇ ਸਭ ਨੂੰ ਇੱਕ ਅਦੁੱਤੀ ਸਾਂਝ ਵਿੱਚ ਪਰੋ ਦਿੱਤਾ।ਸਭਾ ਆਗੂਆਂ ਨੇ ਕਿਹਾ ਕਿ ਇਹ ਸਮਾਗਮ ਜਿੱਥੇ ਉੱਭਰ ਰਹੇ ਨੌਜਵਾਨ ਲੇਖਕਾਂ ਨੂੰ ਉਤਸ਼ਾਹਿਤ ਕਰੇਗਾ ਉਥੇ ਉਨ੍ਹਾਂ ਨੂੰ ਆਪਣੀ ਸਿਰਜਨ ਕਲਾ ਰਾਹੀਂ ਲੋਕਾਂ ਦੀਆਂ ਤਕਲੀਫ਼ਾਂ ਨੂੰ ਪੇਸ਼ ਕਰਨ ਲਈ ਇੱਕ ਮੰਚ ਵੀ ਮੁਹੱਈਆ ਕਰਵਾਏਗਾ।ਉਨ੍ਹਾ ਅੱਗੇ ਦੱਸਿਆ ਕਿ ਸਭਾ ਵੱਲੋਂ ਭਵਿੱਖ ਵਿੱਚ ਵੀ ਅਜਿਹੇ ਅਗਾਂਹਵਧੂ ਸਾਹਿਤਕ,ਸਭਿਆਚਾਰਕ ਉਪਰਾਲੇ ਕੀਤੇ ਜਾਣਗੇ।ਅੱਜ ਦੇ ਇਸ ਸਮਾਗਮ ਦੌਰਾਨ ਪੰਜਾਬੀ ਨਾਵਲਕਾਰ ਜਸਵਿੰਦਰ ਜਸ,ਕੇਂਦਰੀ ਯੂਨੀਵਰਸਿਟੀ ਤੋਂ ਆਪਣੇ ਸਾਥੀਆਂ ਸਮੇਤ ਐਬਜਬਾ ਅਤੇ ਨੌਜਵਾਨ ਭਾਰਤ ਸਭਾ ਦੇ ਮੰਗਲਜੀਤ,ਰਿੰਕੂ,ਗੁਰਵਿੰਦਰ ਆਦਿ ਹਾਜ਼ਰ ਸਨ।
Author: DISHA DARPAN
Journalism is all about headlines and deadlines.