ਬਠਿੰਡਾ , 18 ਅਪ੍ਰੈਲ (ਗੁਰਪ੍ਰੀਤ ਚਹਿਲ)
ਪੰਜਾਬ ਅੰਦਰ ਨਵੀਂ ਬਣੀ ਸਰਕਾਰ ਭਾਵੇਂ ਆਪਣਾ ਇੱਕ ਮਹੀਨਾ ਪੂਰਾ ਕਰ ਚੁੱਕੀ ਹੈ ਅਤੇ ਉਮੀਦਾਂ ਅਤੇ ਸਰਕਾਰ ਵੱਲੋਂ ਕੀਤੇ ਐਲਾਨਾਂ ਮੁਤਾਬਿਕ ਲੋਕਾਂ ਨੂੰ ਵੱਡੀਆਂ ਉਮੀਦਾਂ ਵੀ ਸਨ। ਕਿਉਂ ਕਿ ਸੌਂਹ ਚੁੱਕਦੇ ਹੀ ਸਰਕਾਰ ਦੇ ਵਿਧਾਇਕਾਂ ਨੇ ਜਿਸ ਤਰਾਂ ਕੰਮ ਦੀ ਸਪੀਡ ਦਿਖਾਈ ਸੀ ਉਸਤੋਂ ਲੱਗ ਰਿਹਾ ਸੀ ਕਿ ਪ੍ਰਸ਼ਾਸ਼ਨ ਵਿੱਚ ਕਾਫੀ ਸੁਧਾਰ ਹੋਣ ਜਾ ਰਿਹਾ ਹੈ। ਜੇਕਰ ਸਿਹਤ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਇਸਨੂੰ ਇੱਕ ਪ੍ਰਮੁੱਖ ਮੁੱਦਾ ਲੈਕੇ ਚੱਲ ਰਹੀ ਸੀ। ਐਲਾਨ ਕੀਤਾ ਗਿਆ ਸੀ ਕਿ ਸਾਰੇ ਟੈਸਟ, ਸਾਰੀਆਂ ਦਵਾਈਆਂ ਲੋਕਾਂ ਨੂੰ ਸਰਕਾਰ ਵੱਲੋਂ ਮੁਫ਼ਤ ਮੁਹਈਆ ਕਰਵਾਈਆਂ ਜਾਣਗੀਆਂ। ਪਰ ਸਰਕਾਰ ਦੇ ਇਸ ਦਾਅਵੇ ਦੀ ਹਵਾ ਉਦੋਂ ਨਿੱਕਲ ਗਈ ਜਦੋਂ ਲੋਕਾਂ ਵੱਲੋਂ ਸ਼ੋਸ਼ਲ ਮੀਡੀਆ ਉੱਤੇ ਇਹ ਐਲਾਨ ਕੀਤਾ ਗਿਆ ਕਿ ਸਰਕਾਰੀ ਹਸਪਤਾਲਾਂ ਵਿੱਚ ਦਵਾਈਆਂ ਪੱਖੋਂ ਪਹਿਲਾਂ ਵਾਲਾ ਹੀ ਹਾਲ ਹੈ।
ਅੱਜ ਹੈਰਾਨੀ ਉਦੋਂ ਹੋਈ ਜਦੋਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਸਰਕਾਰ ਵੱਲੋਂ ਮਰੀਜਾਂ ਲਈ ਭੇਜੀਆਂ ਗਈਆਂ ਕੁੱਝ ਕ ਦਵਾਈਆਂ ਵੀ ਬਿਨਾ ਸੰਭਾਲ ਰੁਲਦੀਆਂ ਮਿਲੀਆਂ। ਇਸ ਸਬੰਧੀ ਸਿਵਲ ਸਰਜਨ ਬਠਿੰਡਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਇਸ ਬਾਰੇ ਅਣਜਾਣਤਾ ਪ੍ਰਗਟ ਕੀਤੀ।ਜਦੋਂ ਉਨ੍ਹਾਂ ਤੋਂ ਵਾਰ ਵਾਰ ਸਟਾਫ਼ ਦੀ ਲਾਪਰਵਾਹੀ ਬਾਰੇ ਪੁੱਛਿਆ ਗਿਆ ਤਾਂ ਉਹ ਜਾਂਚ ਕਰਨ ਦਾ ਹਵਾਲਾ ਦਿੰਦਿਆਂ ਗੱਲ ਟਾਲਦੇ ਨਜ਼ਰ ਆਏ।
Author: DISHA DARPAN
Journalism is all about headlines and deadlines.