ਬਠਿੰਡਾ,18 ਮਾਰਚ (ਗੁਰਪ੍ਰੀਤ ਚਹਿਲ ) ਅੱਜ ਜਿੱਥੇ ਹੋਲੀ ਦਾ ਤਿਉਹਾਰ ਆਮ ਲੋਕਾਂ ਵੱਲੋਂ ਬੜੇ ਖੁਸ਼ੀ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਉੱਥੇ ਪੁਲਿਸ ਦੇ ਅਧਿਕਾਰੀਆਂ ਵੀ ਆਪਣੇ ਕਰਮਚਾਰੀਆਂ ਨਾਲ ਇਸ ਤਿਉਹਾਰ ਦੀ ਖੁਸ਼ੀ ਸਾਂਝੀ ਕੀਤੀ।ਦੱਸ ਦੇਈਏ ਕਿ ਇਸ ਹੋਲੀ ਦੇ ਤਿਉਹਾਰ ਮੌਕੇ ਕਿਸੇ ਵੀ ਤਰ੍ਹਾਂ ਦੀ ਸ਼ਰਾਰਤਬਾਜ਼ੀ ਨੂੰ ਰੋਕਣ ਲਈ ਬਠਿੰਡਾ ਦੇ ਬੱਸ ਸਟੈਂਡ ਕੋਲ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਇਸ ਤਿਉਹਾਰ ਦੀ ਵਧਾਈ ਦੇਣ ਲਈ ਉਪ ਕਪਤਾਨ ਪੁਲਿਸ ਸ੍ਰੀ ਚਰੰਜੀਵ ਲਾਂਬਾ ਵਿਸ਼ੇਸ਼ ਤੌਰ ਤੇ ਪਹੁੰਚੇ।ਜਿੱਥੇ ਉਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਲੱਡੂ ਵੰਡ ਹੋਲੀ ਦੀ ਵਧਾਈ ਦਿੱਤੀ। ਉਹਨਾਂ ਜਿੱਥੇ ਕਰਮਚਾਰੀਆਂ ਨੂੰ ਆਮ ਲੋਕਾਂ ਨਾਲ ਵਧੀਆ ਵਤੀਰਾ ਅਪਨਾਉਣ ਦੀ ਹਦਾਇਤ ਕੀਤੀ ਉੱਥੇ ਹੁਲੜਬਾਜੀ ਕਰਨ ਵਾਲਿਆਂ ਨਾਲ ਲੋੜੀਂਦੀ ਸਖ਼ਤੀ ਵਰਤਣ ਦੇ ਆਦੇਸ਼ ਵੀ ਦਿੱਤੇ।ਇਸ ਮੌਕੇ ਮੀਡੀਆ ਨਾਲ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਸਾਡੇ ਮਾਣਯੋਗ ਐੱਸ ਐੱਸ ਪੀ ਮੈਡਮ ਅਮਨੀਤ ਕੌਂਡਲ ਜੀ ਨੇ ਮੁਲਾਜ਼ਮਾਂ ਲਈ ਹੋਲੀ ਦੀ ਵਧਾਈ ਭੇਜਦੇ ਹੋਏ ਮੁਲਾਜ਼ਮਾਂ ਨਾਲ ਖੁਸ਼ੀ ਸਾਂਝੀ ਕੀਤੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪੂਰੀ ਤਨਦੇਹੀ ਨਾਲ ਆਪਣਾ ਕੰਮ ਕਰਨ ਲਈ ਵਚਨਬੱਧ ਹੈ। ਲੋਕਾਂ ਨੂੰ ਅਪੀਲ ਕਰਦਿਆਂ ਉਨ੍ਹਾਂ ਕਿਹਾ ਕਿ ਸਮਾਜ ਵਿੱਚੋ ਨਸ਼ਾ,ਗੁੰਡਾਗਰਦੀ ਅਤੇ ਹੋਰ ਹਰ ਤਰਾਂ ਦਾ ਜੁਰਮ ਰੋਕਣ ਲਈ ਪੁਲਿਸ ਨੂੰ ਲੋਕਾਂ ਦੇ ਸਹਿਯੋਗ ਦੀ ਸਖ਼ਤ ਜ਼ਰੂਰਤ ਹੈ।
Author: DISHA DARPAN
Journalism is all about headlines and deadlines.