ਬਠਿੰਡਾ, 3 ਮਾਰਚ ( ਰਾਵਤ ) : ਗੁਲਾਬੀ ਸੁੰਡੀ ਦੀ ਰੋਕਥਾਮ ਤੇ ਅਗਾਊਂ ਪ੍ਰਬੰਧਾਂ ਬਾਰੇ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ੍ਰੀ ਦਿਲਰਾਜ ਸਿੰਘ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਚ ਹੋਈ ਇਸ ਮੀਟਿੰਗ ਵਿਚ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ, ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਵਰਿੰਦਰਪਾਲ ਸਿੰਘ ਬਾਜਵਾ ਤੋਂ ਇਲਾਵਾ ਪੰਜਾਬ, ਹਰਿਆਣਾ, ਰਾਜਸਥਾਨ ਖੇਤੀਬਾੜੀ ਯੂਨੀਵਰਸਿਟੀਆਂ ਦੇ ਸਾਇੰਸਦਾਨਾਂ, ਕੇ.ਵੀ.ਕੇ ਸੈਂਟਰ ਤੇ ਸਮੂਹ ਨਰਮਾ ਪੱਟੀ ਨਾਲ ਸਬੰਧਤ ਜ਼ਿਲ੍ਹਿਆਂ (ਬਠਿੰਡਾ, ਸ਼੍ਰੀ ਮੁਕਤਸਰ ਸਾਹਿਬ, ਮਾਨਸਾ, ਫ਼ਰੀਦਕੋਟ, ਫ਼ਾਜ਼ਿਲਕਾ ਅਤੇ ਬਰਨਾਲਾ) ਦੇ ਮੁੱਖ ਖੇਤੀਬਾੜੀ ਤੇ ਬਲਾਕ ਖੇਤੀਬਾੜੀ ਅਫਸਰਾਂ ਵਲੋਂ ਸ਼ਮੂਲੀਅਤ ਕੀਤੀ ਗਈ।ਇਸ ਮੌਕੇ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਸ੍ਰੀ ਦਿਲਰਾਜ ਸਿੰਘ ਨੇ ਦੱਸਿਆ ਕਿ ਨਰਮੇ ਦੀ ਇੱਕ ਸਾਰ ਬਿਜਾਈ ਲਈ ਪੰਜਾਬ ਦੇ ਵਾਟਰ ਰਿਸੋਰਸ ਵਿਭਾਗ ਨਾਲ ਤਾਲਮੇਲ ਕਰਕੇ ਇੱਕ ਮਹੀਨੇ ਲਈ ਨਰਮਾ ਪੱਟੀ ਦੇ ਜ਼ਿਲ੍ਹਿਆਂ ਨੂੰ ਪਾਣੀ ਦਿੱਤਾ ਜਾਵੇਗਾ ਤਾਂ ਕਿ ਇੱਕੋ ਸਮੇਂ ਨਰਮੇ ਨੂੰ ਫੁੱਲ ਆਉਣ ਨਾਲ ਗੁਲਾਬੀ ਸੁੰਡੀ ਦੀ ਸੁਚੱਜੀ ਰੋਕਥਾਮ ਕੀਤੀ ਜਾ ਸਕੇ। ਉਨ੍ਹਾਂ ਜਿਨਿੰਗ ਮਿੱਲਾਂ ਨੂੰ 30 ਮਾਰਚ ਤੱਕ ਆਪਣੇ ਸਟਾਕ ਖਤਮ ਕਰਨ ਦੀ ਹਦਾਇਤ ਕੀਤੀ ਅਤੇ ਕਿਸਾਨ ਭਲਾਈ ਵਿਭਾਗ ਨੂੰ ਛਿਟੀਆਂ ਤੋਂ ਟੀਂਡੇ ਝਾੜਨ ਦੀ ਪ੍ਰਕਿਰਿਆ ਜਲਦੀ ਖਤਮ ਕਰਨ ਲਈ ਕਿਹਾ ਗਿਆ ਅਤੇ ਲੋੜਵੰਦ ਜ਼ਿਲ੍ਹਿਆਂ ਨੂੰ ਲੋੜੀਦਾ ਫੰਡ ਵੀ ਮੁਹੱਈਆ ਕਰਵਾਇਆ ਜਾਵੇਗਾ। ਵਿਭਾਗ ਨੂੰ ਸਬੰਧਤ ਜਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਨਾਲ ਮਿਲ ਕੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਆ ਰਹੀਆਂ ਸਮੱਸਿਆਵਾਂ ਬਾਰੇ ਜਾਣੂ ਕਰਵਾਉਣ ਲਈ ਕਿਹਾ ਗਿਆ।ਮੀਟਿੰਗ ਦੌਰਾਨ ਡਾਇਰੈਕਟਰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਪੰਜਾਬ ਡਾ. ਗੁਰਵਿੰਦਰ ਸਿੰਘ ਨੇ ਨਰਮੇ ਦੀ ਫਸਲ ਤੇ ਗੁਲਾਬੀ ਸੁੰਡੀ ਦੀ ਰੋਕਥਾਮ ਬਾਰੇ ਦੱਸਿਆ। ਇਸ ਮੀਟਿੰਗ ਵਿੱਚ ਖੇਤੀਬਾੜੀ ਵਿਭਾਗ ਵੱਲੋਂ ਜਨਵਰੀ ਅਤੇ ਫਰਵਰੀ ਮਹੀਨੇ ਦੌਰਾਨ ਗੁਲਾਬੀ ਸੁੰਡੀ ਦੇ ਪ੍ਰਬੰਧਾਂ ਲਈ ਕੀਤੇ ਕੰਮਾਂ ਦਾ ਜਾਇਜ਼ਾ ਲਿਆ ਗਿਆ। ਇਸ ਦੇ ਮੱਦੇਨਜ਼ਰ ਨਰਮੇ ਵਿਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਬਿਜਾਈ ਤੋਂ ਪਹਿਲਾਂ ਪ੍ਰਬੰਧਨ ਬਹੁਤ ਜਰੂਰੀ ਹਨ, ਇਸ ਲਈ ਮਾਰਚ ਦੇ ਮਹੀਨੇ ਛਟੀਆਂ ਦੇ ਢੇਰ ਖਤਮ ਕਰਨ ਅਤੇ ਉਸ ਵਿੱਚ ਮੌਜੂਦ ਸੁੰਡੀ ਨੂੰ ਖਤਮ ਕਰਨ ਲਈ ਵਿਉਤਬੰਦੀ ਲਈ ਸਮੂਹ ਸਟਾਫ਼ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨ ਲਈ ਕਿਹਾ। ਨਰਮੇ ਦੀ ਫਸਲ ਨੂੰ ਗੁਲਾਬੀ ਸੁੰਡੀ ਤੋਂ ਬਚਾਇਆ ਜਾ ਸਕੇ। ਮੀਟਿੰਗ ਵਿੱਚ ਜਿਨਿੰਗ ਫੈਕਟਰੀਆਂ ਅਤੇ ਤੇਲ ਮਿੱਲਾਂ ਵਿੱਚ ਪਏ ਨਰਮੇ ਦੇ ਬੀਜ ਦੀ ਰਹਿੰਦ-ਖੂੰਹਦ ਨੂੰ ਮੰਡੀ ਬੋਰਡ ਦੇ ਸਹਿਯੋਗ ਨਾਲ ਨਸ਼ਟ ਕਰਨ ਲਈ ਕਿਹਾ ਅਤੇ ਬਾਕੀ ਰਹਿੰਦੀਆਂ ਜਿਨਿੰਗ ਫੈਕਟਰੀਆਂ ਅਤੇ ਤੇਲ ਮਿੱਲਾਂ ਵਿੱਚ ਫਿਊਮੀਗੇਸ਼ਨ ਲਾਜ਼ਮੀ ਤੌਰ ਤੇ ਕਰਵਾਉਣ ਬਾਰੇ ਆਦੇਸ਼ ਦਿੱਤੇ।ਮੁੱਖ ਖੇਤੀਬਾੜੀ ਅਫਸਰ ਬਠਿੰਡਾ ਡਾ. ਪਾਖਰ ਸਿੰਘ ਨੇ ਜ਼ਿਲ੍ਹੇ ਦੀ ਤਾਜ਼ਾ ਸਥਿਤੀ ਬਾਰੇ ਦੱਸਿਆ ਕਿ ਜ਼ਿਲ੍ਹੇ ਵਿੱਚ ਕੁੱਲ 53 ਸਰਵੇਲੈਸਂ ਟੀਮਾਂ ਗਠਿਤ ਹਨ ਜਿਹੜੀਆਂ ਕਿ ਪਿੰਡ ਪੱਧਰੀ ਕਿਸਾਨ ਜਾਗਰੂਕਤਾ ਕੈਪਾਂ ਵਿੱਚ ਕਿਸਾਨਾਂ ਨੂੰ ਗੈਰ ਮੌਸਮੀ ਪ੍ਰਬੰਧਨ ਸਬੰਧੀ ਜਾਗਰੂਕ ਕਰ ਰਹੀਆਂ ਹਨ ਅਤੇ ਬਲਾਕ ਪੱਧਰੀ ਟੀਮਾਂ ਜਿਨਿੰਗ ਫੈਕਟਰੀਆਂ ਅਤੇ ਤੇਲ ਮਿੱਲਾਂ ਦੀ ਲਗਾਤਾਰ ਸਾਫ-ਸਫਾਈ ਸਬੰਧੀ ਚੈਕਿੰਗ ਕਰ ਰਹੀਆਂ ਹਨ। ਇਸੇ ਤਰ੍ਹਾਂ ਬਾਕੀ ਜ਼ਿਲ੍ਹਿਆਂ ਦੇ ਮੁੱਖ ਖੇਤੀਬਾੜੀ ਅਫਸਰਾਂ ਵੱਲੋ ਵੀ ਆਪਣੇ-ਆਪਣੇ ਜਿਲ੍ਹਿਆਂ ਦੀ ਕਾਰਗੁਜ਼ਾਰੀ ਦੱਸੀ ਗਈ ਅਤੇ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਆ ਰਹੀਆਂ ਸਮੱਸਿਆਵਾਂ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਇਸ ਸਬੰਧੀ ਫੰਡਾਂ ਦੀ ਮੰਗ ਵੀ ਕੀਤੀ ਗਈ।ਡਾਇਰੈਕਟਰ ਸੈਟਰਲ ਇੰਸਟੀਚਿਊਟ ਆਫ ਕਾਟਨ ਰਿਸਰਚ ਸਿਰਸਾ ਡਾ. ਐਸ.ਕੇ. ਵਰਮਾ ਵੱਲੋਂ ਪੰਜਾਬ, ਹਰਿਆਣਾ ਅਤੇ ਰਾਜਸਥਾਨ ਚ ਗੁਲਾਬੀ ਸੁੰਡੀ ਦੇ ਖ਼ਾਤਮੇ ਲਈ ਕੀਤੇ ਜਾ ਰਹੇ ਅਗਾਂਊ ਪ੍ਰਬੰਧਾਂ ਬਾਰੇ ਜਾਣਕਾਰੀ ਦਿੱਤੀ ਗਈ। ਪ੍ਰਿੰਸੀਪਲ ਸਾਇੰਟਿਸਟ ਐਟੋਮੌਲੋ ਜੀਪੀ.ਏ.ਯੂ ਲੁਧਿਆਣਾ ਡਾ. ਵਿਜੇ ਕੁਮਾਰ ਵੱਲੋਂ ਪੰਜਾਬ ਵਿੱਚ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਐਕਸ਼ਨ ਪਲਾਨ ਪੇਸ਼ ਕੀਤਾ ਗਿਆ। ਡਾ. ਹਰਿੰਦਰ ਸਿੰਘ ਡਿਪਟੀ ਡਾਇਰੈਕਟਰ ਖੇਤੀਬਾੜੀ (ਕਪਾਹ ਵਿਸਥਾਰ) ਪੰਜਾਬ ਨੇ ਸਕੱਤਰ ਖੇਤੀਬਾੜੀ ਪੰਜਾਬ, ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ, ਏ.ਡੀ.ਸੀ ਬਠਿੰਡਾ ਅਤੇ ਸਮੂਹ ਮੁੱਖ ਖੇਤੀਬਾੜੀ ਅਫਸਰਾਂ ਅਤੇ ਸਾਇੰਸਦਾਨਾਂ ਅਤੇ ਸਟਾਫ ਦਾ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਗਿਆ ਕਿ ਵਿਭਾਗ ਵੱਲੋਂ ਦਿੱਤੇ ਗਏ ਨਿਰਦੇਸ਼ਾਂ ਅਨੁਸਾਰ ਕਾਰਵਾਈ ਕਰਦੇ ਹੋਏ ਗੁਲਾਬੀ ਸੁੰਡੀ ਦੀ ਰੋਕਥਾਮ ਲਈ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਮੀਟਿੰਗ ਵਿੱਚ ਡਾ. ਰੇਸ਼ਮ ਸਿੰਘ , ਡਾ. ਗੁਰਪ੍ਰੀਤ ਸਿੰਘ, ਡਾ. ਕਰਮਜੀਤ ਸਿੰਘ ਗਿੱਲ, ਡਾ. ਬਲਵੀਰ ਸਿੰਘ, ਡਾ. ਮਨਜੀਤ ਸਿੰਘ ਮੁੱਖ ਖੇਤੀਬਾੜੀ ਅਫਸਰ ਆਦਿ ਮੌਜੂਦ ਸਨ। ਮੀਟਿੰਗ ਤੋਂ ਬਾਅਦ ਸਕੱਤਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਜੀ ਵੱਲੋਂ ਕ੍ਰਿਸ਼ਨਾ ਕਾਟਨ ਮਿੱਲਜ਼, ਜੋਧਪੁਰ ਰੋਮਾਣਾ ਵੀ ਦੌਰਾ ਵੀ ਕੀਤਾ ਗਿਆ ਜਿਸ ਵਿੱਚ ਸਕੱਤਰ ਖੇਤੀਬਾੜੀ ਨੂੰ ਗੁਲਾਬੀ ਸੁੰਡੀ ਦੇ ਵਾਧੇ ਨੂੰ ਰੋਕਣ ਲਈ ਮਿੱਲ ਮਾਲਕਾਂ ਨੂੰ ਕਿਹਾ ਗਿਆ। ਮੌਜੂਦ ਜਿਨਿੰਗ ਫੈਕਟਰੀਆਂ ਦੇ ਮਾਲਕਾਂ ਵੱਲੋਂ ਵਿਸ਼ਵਾਸ ਦਿਵਾਇਆ ਗਿਆ ਕਿ ਉਨ੍ਹਾਂ ਵੱਲੋਂ 20 ਮਾਰਚ ਤੱਕ ਆਪਣਾ ਸਟਾਕ ਖਤਮ ਕਰ ਦਿੱਤਾ ਜਾਵੇਗਾ, ਜੇਕਰ ਕੋਈ ਸਟਾਕ ਬਕਾਇਆ ਜਾਂ ਨਵਾਂ ਸਟਾਕ ਆਉਦਾ ਹੈ ਤਾਂ ਉਸ ਦੀ ਸੈਲਫਾਸ ਦਵਾਈ ਨਾਲ ਫਿਊਮੀਗੇਸ਼ਨ ਕੀਤੀ ਜਾਵੇਗੀ ਅਤੇ ਮਹਿਕਮੇ ਦੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕੀਤੀ ਜਾਵੇਗੀ।
Author: DISHA DARPAN
Journalism is all about headlines and deadlines.