ਤਲਵੰਡੀ ਸਾਬੋ, 1 ਮਾਰਚ (ਰੇਸ਼ਮ ਸਿੰਘ ਦਾਦੂ)- ਅੱਜ ਮਹਾਂਸ਼ਿਵਰਾਤਰੀ ਦਾ ਪਵਿੱਤਰ ਤਿਉਹਾਰ ਸਮੂਹ ਮੰਦਰਾਂ ਵਿੱਚ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਸਬੰਧ ਵਿੱਚ ਸਮੂਹ ਮੰਦਰਾਂ ਪੂਰਾ ਦਿਨ ਭਗਵਾਨ ਸ਼ਿਵ ਭੋਲੇ ਦਾ ਗੁਨਗਾਣ ਕੀਤਾ ਗਿਆ ਅਤੇ ਸ਼ਿਵ ਵਾਟੀਕਾ ਮੰਦਰ ਰਾਮਸਰਾ ਰੋਡ ’ਚ ਅਤੁੱਟ ਲੰਗਰ ਵਰਤਾਇਆ ਗਿਆ। ਸ਼ਰਧਾਲੂਆਂ ਨੇ ਵਰਤ ਰੱਖੇ ਅਤੇ ਵੱਖ-ਵੱਖ ਮੰਦਰਾਂ ਵਿੱਚ ਸ਼ਿਵਲਿੰਗਾਂ ਉੱਪਰ ਦੁੱਧ, ਫਲ, ਗੰਗਾਜਲ, ਅੱਕ, ਧਤੂਰਾ ਆਦਿ ਚੜਾਏ ਅਤੇ ਪੂਜਾ ਅਰਚਨਾ ਕੀਤੀ। ਇਸ ਦੌਰਾਨ ਸ਼੍ਰੀ ਗੀਤਾ ਭਵਨ ਵਿਖੇ ਪੁਜਾਰੀ ਪੰ. ਕੈਲਾਸ਼ ਚੰਦ ਕੌਸ਼ਿਕ ਬਰਸਾਨਾ ਵਾਲੇ ਨੇ ਸ਼ਰਧਾਲੂਆਂ ਨੂੰ ਸ਼ਿਵਰਾਤਰੀ ਦੀ ਵਧਾਈ ਦਿੰਦੇ ਹੋਏ ਕਥਾ ਸ਼ਰਬਨ ਕਰਵਾਈ। ਉਹਨਾਂ ਕਿਹਾ ਕਿ ਮਹਾਂਸ਼ਿਵਰਾਤਰੀ ਦਾ ਤਿਉਹਾਰ ਭਗਵਾਨ ਸ਼ਿਵ ਭੋਲੇ ਅਤੇ ਮਾਤਾ ਪਾਰਵਤੀ ਦੇ ਵਿਆਹ ਸਮਾਗਮ ਦੇ ਰੂਪ ’ਚ ਮਨਾਇਆ ਜਾਂਦਾ ਹੈ। ਇਸ ਦਿਨ ਸ਼ਰਧਾਲੂਆਂ ਵੱਲੋਂ ਸ਼ਿਵਲਿੰਗਾ ਉੱਪਰ ਅੱਕ, ਧਤੂਰਾ, ਫਲ, ਫੁੱਲ ਅਤੇ ਪੰਚਮ ਅੰਮ੍ਰਿਤ ਅਤੇ ਗੰਗਾਜਲ ਚੜਾਉਣ ਨਾਲ ਅਤੇ ਪੂਜਨ ਕਰਨ ਨਾਲ ਭਗਵਾਨ ਭੋਲੇ ਨਾਥ ਜੱਲਦੀ ਪ੍ਰਸੰਨ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਪ੍ਰਾਚੀਨ ਕਾਲ ਵਿੱਚ ਇੱਕ ਸ਼ਿਕਾਰੀ ਨੇ ਚਾਰ ਵਾਰ ਧਨੁਸ਼ਬਾਨ ਨਾਲ ਅਣਜਾਨੇ ’ਚ ਜਲ ਚੜਾਇਆ ਸੀ ਜਿਸ ਤੋਂ ਪ੍ਰਸੰਨ ਹੋ ਕੇ ਭਗਵਾਨ ਸ਼ਿਵ ਭੋਲੇ ਨੇ ਉਸਨੂੰ ਮੁਕਤੀ ਪ੍ਰਦਾਨ ਕੀਤੀ ਸੀ। ਜਿਸ ਕਾਰਨ ਸ਼ਰਧਾਲੂ ਮਹਾਂਸ਼ਿਵਰਾਤਰੀ ਉਤਸਵ ਤੇ ਚਾਰ ਪਹਿਰ ਪੂਜਾ ਦੀ ਪੂਜਾ ਅਤੇ ਹਵਨ ਯੱਗ ਆਦਿ ਕਰਦੇ ਹਨ।
Author: DISHA DARPAN
Journalism is all about headlines and deadlines.