ਤਲਵੰਡੀ ਸਾਬੋ, 01 ਮਾਰਚ ( ਰੇਸ਼ਮ ਸਿੰਘ ਦਾਦੂ )- ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਉੱਚ ਵਿੱਦਿਆ ਨੂੰ ਸਥਾਨਕ ਪੱਧਰ ਤੇ ਉਪਲੱਬਧ ਕਰਵਾਉਣ ਦੇ ਮਕਸਦ ਨਾਲ ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਸ ਮਕਸਦ ਦੀ ਪੂਰਤੀ ਲਈ ਅੱਜ ਕੈਂਪਸ ਵਿੱਚ ਪੰਜਾਬੀ ਯੂਨੀਵਰਸਿਟੀ ਪਬਲੀਕੇਸ਼ਨ ਬਿਊਰੋ ਦਾ ਕਿਤਾਬ ਘਰ ਅਤੇ ਡਿਸਟੈਂਸ ਐਜੂਕੇਸ਼ਨ ਵਿਭਾਗ ਦੇ ਸਹਾਇਤਾ ਕੇਂਦਰ ਦੇ ਉਦਘਾਟਨੀ ਸਮਾਰੋਹ ਵਿੱਚ ਪ੍ਰੋ. ਅਰਵਿੰਦ ਉਪ ਕੁਲਪਤੀ ਪੰਜਾਬੀ ਯੂਨੀਵਰਸਿਟੀ ਪਟਿਆਲਾ, ਡਾ. ਸਤਨਾਮ ਸਿੰਘ ਸੰਧੂ ਮੁਖੀ ਡਿਸਟੈਂਸ ਐਜੂਕੇਸ਼ਨ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪੰਜਾਬੀ ਯੂਨੀਵਰਸਿਟੀ ਗੁਰੂ ਕਾਸ਼ੀ ਕੈਂਪਸ ਦੇ ਡਾਇਰੈਕਟਰ ਡਾ. ਜਸਬੀਰ ਸਿੰਘ ਹੁੰਦਲ ਨੇ ਵਿਸ਼ੇਸ ਤੌਰ ‘ਤੇ ਸ਼ਮੂਲੀਅਤ ਕੀਤੀ।
ਕੈਂਪਸ ਪ੍ਰਬੰਧਕਾਂ ਵੱਲੋਂ ਜਾਰੀ ਪ੍ਰੈੱਸ ਬਿਆਨ ਰਾਹੀਂ ਦੱਸਿਆ ਗਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਮਾਲਵਾ ਖੇਤਰ ਦੇ ਵਿੱਦਿਅਕ ਮਿਆਰ ਨੂੰ ਉੱਚਾ ਚੁੱਕਣ ਲਈ ਇਹ ਕਦਮ ਚੁੱਕਿਆ ਗਿਆ। ਇਸਦੇ ਨਾਲ ਹੀ ਗੁਰੂ ਕਾਸ਼ੀ ਕੈਂਪਸ ਵਿਖੇ ਵਿਦਿਆਰਥੀਆਂ ਵਿੱਚ ਸਾਇੰਸ ਵਿਸ਼ੇ ਦੀ ਚੇਤਨਾ ਨੂੰ ਉਜਾਗਰ ਕਰਨ ਲਈ ਜੂਨੀਅਰ ਸਾਇੰਸ ਸਟਾਰ ਪ੍ਰਤੀਯੋਗਤਾ ਪ੍ਰੋਗਰਾਮ ਉਲੀਕਿਆ ਗਿਆ ਅਤੇ ਵਿਦਿਆਰਥੀਆਂ ਨੂੰ ਉਤਸ਼ਾਹਿਤ ਕਰਨ ਲਈ ਸਾਇੰਸ ਪ੍ਰਦਰਸ਼ਨੀ ਵੀ ਲਗਾਈ ਗਈ ਤਾਂ ਜੋ ਉਨ੍ਹਾਂ ਦੀ ਅੰਦਰੂਨੀ ਕਾਬਲੀਅਤ ਨੂੰ ਉਭਾਰਿਆ ਜਾ ਸਕੇ। ਸਾਇੰਸ ਪ੍ਰਦਰਸ਼ਨੀ ਵਿੱਚ ਉਪ ਕੁਲਪਤੀ ਪ੍ਰੋ. ਅਰਵਿੰਦ ਨੇ ਸਕੂਲੀ ਵਿਦਿਆਰਥੀਆਂ ਵੱਲੋਂ ਪ੍ਰਦਰਸ਼ਿਤ ਮਾਡਲਾਂ ਨੂੰ ਦੇਖਦਿਆਂ ਬੱਚਿਆਂ ਨਾਲ ਗੱਲਬਾਤ ਕੀਤੀ। ਇਸ ਪ੍ਰਤੀਯੋਗਤਾ ਵਿਚ ਅੱਠ ਸੌ ਦੇ ਕਰੀਬ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਤਾ-ਪਿਤਾ ਵੀ ਸ਼ਾਮਲ ਹੋਏ। ਵਿਦਿਆਰਥੀਆਂ ਦੇ ਅੰਦਰ ਪੜ੍ਹਾਈ ਪ੍ਰਤੀ ਚੇਟਕ ਲਗਾਉਣ ਲਈ ਪੁਸਤਕ ਪ੍ਰਦਰਸ਼ਨੀ ਦਾ ਆਯੋਜਨ ਵੀ ਕੀਤਾ ਗਿਆ। ਇਸਦੇ ਨਾਲ ਹੀ ਵਿਦਿਆਰਥੀਆਂ ਦੀਆਂ ਸਾਹਿਤਕ ਅਤੇ ਰਚਨਾਤਮਿਕ ਰੁਚੀਆਂ ਪੈਦਾ ਕਰਨ ਲਈ ਕੰਧ ਪੱਤ੍ਰਿਕਾ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਵਿਦਿਆਰਥੀਆਂ ਅੰਦਰ ਰਚਨਾਤਮਿਕ ਕਲਾਵਾਂ ਨੂੰ ਭਰਵਾਂ ਹੁੰਗਾਰਾ ਮਿਲ ਸਕੇ। ਇਸ ਮੌਕੇ ਗੁਰੂ ਕਾਸ਼ੀ ਭਾਸ਼ਾਵਾਂ ਵਿਭਾਗ ਦੇ ਮੁਖੀ ਡਾ. ਸੁਸ਼ੀਲ ਕੁਮਾਰ ਵੱਲੋਂ ਪੁਸਤਕ ਘਰ ਅਤੇ ਸਹਾਇਤਾ ਕੇਂਦਰ ਸਥਾਪਿਤ ਕਰਨ ਤੇ ਪ੍ਰੋ ਅਰਵਿੰਦ ਅਤੇ ਡਾ. ਸਤਨਾਮ ਸਿੰਘ ਸੰਧੂ ਦਾ ਧੰਨਵਾਦ ਕੀਤਾ ਗਿਆ। ਪ੍ਰਦਰਸ਼ਨੀ ਮੌਕੇ ਡਾਇਰੈਕਟਰ ਡਾ. ਹੁੰਦਲ ਤੋਂ ਇਲਾਵਾ ਪ੍ਰੋ. ਜਗਤਾਰ ਸਿੰਘ, ਡਾ.ਆਨੰਦ ਬਾਂਸਲ, ਡਾ.ਹਜ਼ੂਰ ਸਿੰਘ, ਪ੍ਰੋ. ਲਖਵੀਰ ਸਿੰਘ ਮੌਜੂਦ ਸਨ।
Author: DISHA DARPAN
Journalism is all about headlines and deadlines.