ਬਠਿੰਡਾ 24, ਦਸੰਬਰ-( ਰਾਵਤ ): ਜ਼ਿਲ੍ਹੇ ਵਿੱਚ ਚਲ ਰਹੇ 44 ਆਯੂਸ਼ਮਨ ਅਰੋਗਿਆ ਕੇਂਦਰ ਬਠਿੰਡਾ ਵਾਸੀਆਂ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ। ਸੂਬਾ ਸਰਕਾਰ ਵੱਲੋਂ ਇਹਨਾਂ ਆਯੂਸ਼ਮਨ ਅਰੋਗਿਆ ਕੇਂਦਰਾਂ ਵਿੱਚ 46 ਤਰ੍ਹਾਂ ਦੇ ਮੁਫ਼ਤ ਲੈਬੋਰੇਟਰੀ ਟੈਸਟ ਅਤੇ 107 ਤਰ੍ਹਾਂ ਦੀਆਂ ਮੁਫ਼ਤ ਦਵਾਈਆਂ ਦੀ ਵਿਸ਼ੇਸ਼ ਸੁਵਿਧਾ ਦਿੱਤੀ ਜਾ ਰਹੀ ਹੈ । ਇਹੀ ਨਹੀਂ ਗਰਭਵਤੀ ਔਰਤਾਂ ਦੀ ਸਿਹਤ ਨੂੰ ਧਿਆਨ ਵਿੱਚ ਰੱਖਦੇ ਹੋਏ ਸਮੇਂ-ਸਿਰ ਰਜਿਸਟਰੇਸ਼ਨ ਕੀਤੀ ਜਾ ਰਹੀ ਹੈ ਤਾਂ ਜੋ ਗਰਭਵਤੀਆਂ ਦਾ ਟੀਕਾਕਰਣ ਸਮੇਂ-ਸਿਰ ਹੋ ਸਕੇ ਅਤੇ ਹਾਈ ਰਿਸਕ ਮਾਵਾਂ ਦੀ ਚੰਗੇ ਢੰਗ ਨਾਲ ਦੇਖਭਾਲ ਕੀਤੀ ਜਾ ਸਕੇ। ਸਟਾਫ਼ ਵੱਲੋਂ ਸਮੇਂ-ਸਮੇਂ ਹਰ ਮਮਤਾ ਦਿਵਸ ਅਤੇ ਪ੍ਰਧਾਨ ਮੰਤਰੀ ਸੁਰੱਖਿਅਤ ਮਾਤ੍ਰਤਿਵ ਅਭਿਆਨ ਵਾਲੇ ਦਿਨ ਗਰਭਵਤੀ ਔਰਤਾਂ ਦੀ ਅਤੇ ਉਹਨਾਂ ਦੀਆਂ ਸੱਸਾਂ ਦੀ ਕਾਊਂਸਲਿੰਗ ਵੀ ਕੀਤੀ ਜਾਂਦੀ ਹੈ ।

ਗਰਭਵਤੀ ਔਰਤਾਂ ਲਈ ਵਰਦਾਨ ਸਾਬਿਤ ਹੋ ਰਹੇ ਆਯੂਸ਼ਮਨ ਅਰੋਗਿਆ ਕੇਂਦਰ
ਲਾਲ ਸਿੰਘ ਬਸਤੀ ਬਠਿੰਡਾ ਵਿਖੇ ਬਣੇ ਆਯੂਸ਼ਮਨ ਅਰੋਗਿਆ ਕੇਂਦਰ ਦੇ ਦੌਰੇ ਦੌਰਾਨ ਸਿਵਲ ਸਰਜਨ ਡਾ. ਤਪਿੰਦਰਜੋਤ ਨੇ ਦੱਸਿਆ ਕਿ ਆਯੂਸ਼ਮਨ ਅਰੋਗਿਆ ਕੇਂਦਰ ਵਿੱਚ ਸਟਾਫ ਵੱਲੋਂ ਗਰਭਵਤੀ ਔਰਤਾਂ ਦੀ ਮੁਫ਼ਤ ਏ.ਐੱਨ.ਸੀ. (Antenatal Care) ਜਾਂਚ ਅਤੇ ਜਣੇਪੇ ਮਗਰੋਂ ਪੀ.ਐਨ.ਸੀ (Postal natal care) ਦਾ ਪੂਰਾ ਧਿਆਨ ਰੱਖਿਆ ਜਾਂਦਾ ਹੈ। ਕੇਂਦਰ ਤੇ ਹਰ ਗਰਭਵਤੀ ਔਰਤ ਦਾ ਸਮੇਂ-ਸਮੇਂ ਤੇ ਪੂਰਾ ਰਿਕਾਰਡ ਮੇਨਟੇਨ ਕੀਤਾ ਜਾਂਦਾ ਹੈ ਤਾਂ ਜੋ ਕੋਈ ਵੀ ਔਰਤ ਕਿਸੇ ਵੀ ਤਰ੍ਹਾਂ ਦੀ ਸਿਹਤ ਸੁਵਿਧਾ ਤੋਂ ਵਾਂਝੀ ਨਾ ਰਹੇ । ਉਹਨਾਂ ਕਿਹਾ ਕਿ ਇਹਨਾਂ ਆਯੂਸ਼ਮਨ ਅਰੋਗਿਆ ਕੇਂਦਰ ਤੇ ਹਰ ਗਰਭਵਤੀ ਦੇ ਰਕਤਚਾਪ, ਵਜ਼ਨ, ਹਿਮੋਗਲੋਬਿਨ, ਬਲੱਡ ਸ਼ੂਗਰ, ਯੂਰੀਨ ਜਾਂਚ ਸਮੇਤ ਹੋਰ ਲੋੜੀਂਦੇ ਟੈਸਟ ਮੁਫ਼ਤ ਕਰਵਾਏ ਜਾਂਦੇ ਹਨ। ਗਰਭ ਅਵਸਥਾ ਦੌਰਾਨ ਲੋੜੀਂਦੀਆਂ ਆਇਰਨ, ਕੈਲਸ਼ੀਅਮ, ਫੋਲਿਕ ਐਸਿਡ ਆਦਿ ਦਵਾਈਆਂ ਮੁਫ਼ਤ ਦਿੱਤੀਆਂ ਜਾਂਦੀਆਂ ਹਨ।ਕਾਊਂਸਲਿੰਗ ਦੌਰਾਨ ਇਹਨਾਂ ਕੇਂਦਰਾਂ ਵਿੱਚ ਮੌਜੂਦ ਡਾਕਟਰਾਂ ਅਤੇ ਸਿਹਤ ਕਰਮਚਾਰੀਆਂ ਵੱਲੋਂ ਗਰਭਵਤੀ ਔਰਤਾਂ ਨੂੰ ਪੋਸ਼ਣ ਭਰਪੂਰ ਆਹਾਰ, ਨਿਯਮਿਤ ਜਾਂਚ ਦੀ ਮਹੱਤਤਾ, ਟੀ.ਟੀ. ਟੀਕਾਕਰਣ, ਖ਼ਤਰੇ ਵਾਲੀ ਗਰਭ ਅਵਸਥਾ ਦੀ ਪਹਿਚਾਣ ਅਤੇ ਸੁਰੱਖਿਅਤ ਡਿਲੀਵਰੀ ਸਬੰਧੀ ਵਿਸਥਾਰਪੂਰਕ ਜਾਣਕਾਰੀ ਵੀ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਗਰਭਵਤੀ ਔਰਤਾਂ ਨੂੰ ਜਨਨੀ ਸੁਰੱਖਿਆ ਯੋਜਨਾ, ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਡਿਲੀਵਰੀ ਕਰਵਾਉਣ ਦੇ ਲਾਭਾਂ ਬਾਰੇ ਵੀ ਜਾਗਰੂਕ ਕੀਤਾ ਜਾਂਦਾ ਹੈ। ਜੇ ਕਿਸੇ ਗਰਭਵਤੀ ਔਰਤ ਵਿੱਚ ਕੋਈ ਜਟਿਲਤਾ ਪਾਈ ਜਾਂਦੀ ਹੈ ਤਾਂ ਉਸਨੂੰ ਤੁਰੰਤ ਉੱਚ ਸਿਹਤ ਕੇਂਦਰ ਜਾਂ ਜੱਚਾ-ਬੱਚਾ ਹਸਪਤਾਲ ਵੱਲ ਰੈਫਰ ਕਰਨ ਦੀ ਸੁਵਿਧਾ ਵੀ ਉਪਲਬਧ ਹੈ। ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀ ਗਰਭ ਅਵਸਥਾ ਦੀ ਸ਼ੁਰੂਆਤ ਤੋਂ ਹੀ ਆਯੂਸ਼ਮਨ ਅਰੋਗਿਆ ਕੇਂਦਰ ਵਿੱਚ ਰਜਿਸਟ੍ਰੇਸ਼ਨ ਕਰਵਾਉਣ ਅਤੇ ਨਿਯਮਿਤ ਤੌਰ ‘ਤੇ ਜਾਂਚ ਕਰਵਾਉਂਦੀਆਂ ਰਹਿਣ ਤਾਂ ਜੋ ਮਾਂ ਅਤੇ ਬੱਚੇ ਦੋਹਾਂ ਦੀ ਸਿਹਤ ਨੂੰ ਸੁਰੱਖਿਅਤ ਬਣਾਇਆ ਜਾ ਸਕੇ।
Author: DISHA DARPAN
Journalism is all about headlines and deadlines.




Users Today : 26
Users Yesterday : 10