ਬਠਿੰਡਾ 12, ਦਸੰਬਰ-( ਰਾਵਤ ):ਸਥਾਨਕ ਸ਼ਹੀਦ ਨੰਦ ਸਿੰਘ (ਫੌਜੀ ਚੌਂਕ) ਵਿਖੇ ਉਨ੍ਹਾਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਕਰਨਲ ਬਿਕਰਮਜੀਤ ਸਿੰਘ ਗਿੱਲ (ਸੇਵਾ ਮੁਕਤ), ਕਮਾਂਡਰ ਦਿਲਪ੍ਰੀਤ ਸਿੰਘ ਕੰਗ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ, ਕੈਪਟਨ ਹਰਬਖਸ਼ ਸਿੰਘ (ਸੇਵਾ ਮੁਕਤ), ਕੈਪਟਨ ਰੇਸ਼ਮ ਸਿੰਘ (ਸੇਵਾ ਮੁਕਤ), ਸੂਬੇਦਾਰ ਜੁਗਰਾਜ ਸਿੰਘ (ਸੇਵਾ ਮੁਕਤ), 25 ਇੰਨਫੈਂਟਰੀ ਬਰੀਗੇਡ ਤੋਂ ਹੌਲਦਾਰ ਮਨਪਿੰਦਰ ਸਿੰਘ, ਹੌਲਦਾਰ ਗੁਰਦੀਪ ਸਿੰਘ ਅਤੇ ਹੌਲਦਾਰ ਜਸਵੀਰ ਸਿੰਘ, ਇੰਸ. ਜਸਪਾਲ ਸਿੰਘ ਅਤੇ ਸਮੂਹ ਜ਼ਿਲ੍ਹਾ ਰੱਖਿਆ ਸੇਵਾਵਾਂ ਭਲਾਈ ਦਫਤਰ ਦੇ ਸਟਾਫ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਇਸ ਮੌਕੇ ਦਿਲਪ੍ਰੀਤ ਸਿੰਘ ਕੰਗ (ਰਿਟਾ), ਜਿਲ੍ਹਾ ਰੱਖਿਆ ਸੇਵਾਵਾਂ ਭਲਾਈ ਅਫਸਰ ਨੇ ਦੱਸਿਆ ਕਿ ਸ਼ਹੀਦ ਨੰਦ ਸਿੰਘ ਦਾ ਜਨਮ ਮਾਤਾ ਜੈ ਕੌਰ ਦੀ ਕੁੱਖੋਂ ਪਿਤਾ ਭਾਗ ਸਿੰਘ ਦੇ ਘਰ ਪਿੰਡ ਬਹਾਦਰਪੁਰ (ਬਰੇਟਾ) ਜ਼ਿਲ੍ਹਾ ਮਾਨਸਾ ਵਿਖੇ ਹੋਇਆ। ਉਹ 19 ਸਾਲਾਂ ਦੀ ਉਮਰ ਵਿੱਚ ਭਾਰਤੀ ਸੈਨਾ ਦੀ ਸਿੱਖ ਰੈਜੀਮੈਂਟ ਪਹਿਲੀ ਬਟਾਲੀਅਨ ਵਿੱਚ ਭਰਤੀ ਹੋਏ। ਉਹਨਾਂ ਵੱਲੋਂ 29 ਸਾਲ ਦੀ ਉਮਰ ਵਿੱਚ ਬਤੌਰ ਐਕਟਿੰਗ ਨਾਇਕ ਦੇ ਆਹੁਦੇ ਤੇ ਦੂਸਰੇ ਮਹਾਂ ਯੁੱਧ ਵਿੱਚ ਦੁਸ਼ਮਣਾ ਦੇ ਛੱਕੇ ਛੁਡਾ ਦਿੱਤੇ।ਉਨ੍ਹਾਂ ਦੱਸਿਆ ਕਿ ਆਪ ਨੇ ਦੂਸਰੇ ਮਹਾਂ ਯੁਧ ਵਿੱਚ ਜਖਮੀ ਹਾਲਤ ਵਿੱਚ ਵੀ ਹਿੰਮਤ ਨਾ ਹਾਰਦਿਆਂ ਅਤੇ ਜਪਾਨੀਆਂ ਦੇ ਨਾਲ ਮੁਕਾਬਲਾ ਕਰਦੇ ਹੋਏ ਬੰਦੂਕ ਦੀ ਸੰਗੀਨ ਨਾਲ ਹੀ ਕਾਫੀ ਗਿਣਤੀ ਵਿੱਚ ਜਪਾਨੀਆਂ ਨੂੰ ਮੌਤ ਦੇ ਘਾਟ ਉਤਾਰ ਕੇ ਉਨ੍ਹਾਂ ਦੇ ਮੋਰਚੇ ’ਤੇ ਕਬਜਾ ਕੀਤਾ ਗਿਆ, ਜਿਸ ਲਈ ਇਨ੍ਹਾਂ ਨੂੰ ਸਰਬਉੱਤਮ ਪੁਰਸਕਾਰ ਵਿਕਟੋਰੀਆ ਕਰਾਸ ਨਾਲ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਦੇਸ਼ ਭਗਤੀ ਦੀ ਮਿਸਾਲ ਦਿੰਦੇ ਹੋਏ ਇਹੋ-ਜਿਹੇ ਕਾਰਨਾਮੇ ਵਿਖਾਏ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ 1947 ਵਿੱਚ ਕਸ਼ਮੀਰ ਰਾਜ ਵਿੱਚ ਊਰੀ ਦੀ ਲੜਾਈ ਦੌਰਾਨ ਵੀ ਇਸ ਮਹਾਨ ਯੋਧੇ ਨੇ ਨਿਡਰ ਹੋ ਕਿ ਆਪਣਾ ਫਰਜ਼ ਨਿਭਾਇਆ ਤੇ 12 ਦਸੰਬਰ 1947 ਨੂੰ ਕਬਾਲੀ ਹਮਲਾਵਰਾਂ ਦਾ ਸਫਾਇਆ ਕਰਨ ਲਈ ਮੋਰਚਾ ਸੰਭਾਲਿਆ। ਉਨ੍ਹਾਂ ਅੱਗੇ ਦੱਸਿਆ ਕਿ ਆਪਣੇ ਕਈ ਸਾਥੀਆਂ ਦੇ ਸ਼ਹੀਦ ਹੋ ਜਾਣ ’ਤੇ ਵੀ ਇਸ ਮਹਾਨ ਯੋਧੇ ਨੇ ਹਿੰਮਤ ਨਾ ਹਾਰੀ ਅਤੇ ਕਈ ਮੋਰਚਿਆਂ ’ਤੇ ਕਬਜਾ ਕਰਦੇ ਹੋਏ, ਦੁਸ਼ਮਣ ਨੂੰ ਪਿੱਛੇ ਹਟਾਉਦੇ ਹੋਏ ਇਸ ਅਣਖੀ ਯੋਧੇ ਨੇ ਖੁਦ ਵੀ ਦੇਸ਼ ਦੀ ਰਾਖੀ ਕਰਦੇ ਹੋਏ ਸ਼ਹਾਦਤ ਦਾ ਜਾਮਾ ਪਾ ਲਿਆ। ਇਸ ਮਹਾਨ ਯੋਧੇ ਨੇ ਮਹਾਂਵੀਰ ਚੱਕਰ ਜਿੱਤ ਕੇ ਆਪਣੇ ਪਿੰਡ ਦਾ ਨਾਅ ਦੇਸ਼ ਵਿੱਚ ਰੌਸ਼ਨ ਕੀਤਾ। ਸ਼ਹੀਦ ਨੰਦ ਸਿੰਘ ਇੱਕ ਐਸਾ ਯੋਧਾ ਹੈ, ਜਿਸ ਨੂੰ ਜਿਉਂਦੇ ਜੀਅ ਵਿਕਟੋਰੀਆ ਕਰਾਸ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਪਟਿਆਲਾ ਦੇ ਮਹਾਰਾਜਾ ਭਲਇੰਦਰ ਸਿੰਘ ਸਹੀਦ ਨੰਦ ਸਿੰਘ ਨੂੰ ਸਨਮਾਨਿਤ ਕਰਨ ਲਈ ਪਿੰਡ ਬਹਾਦਰਪੁਰ ਵਿਖੇ ਆਏ ਸਨ ਅਤੇ ਉਨ੍ਹਾਂ ਵੱਲੋਂ ਆਪਣੇ ਪੁਰਖਿਆਂ ਦੀ ਨਿਸ਼ਾਨੀ ਤਲਵਾਰ ਦੇ ਕੇ ਸਨਮਾਨਿਤ ਕੀਤਾ ਗਿਆ ਸੀ। ਬਠਿੰਡਾ ਵਿਖੇ ਇਨ੍ਹਾਂ ਦੀ ਯਾਦ ਵਿੱਚ ਚੌਂਕ ’ਤੇ ਬੁੱਤ ਲਗਾਇਆ ਗਿਆ ਹੈ, ਜਿਸ ਨੂੰ ਫੌਜੀ ਚੌਂਕ ਵੀ ਕਿਹਾ ਜਾਂਦਾ ਹੈ। ਬਰੇਟਾ ਦੇ ਬੱਸ ਸਟੈਂਡ ਦਾ ਨਾਮ ਨੰਦ ਸਿੰਘ ਵਿਕਟੋਰੀਆ ਬੱਸ ਸਟੈਂਡ ਹੈ। ਇਸ ਮਹਾਨ ਯੋਧੇ ਨੂੰ ਸ਼ਹੀਦ ਹੋਣ ਉਪਰੰਤ 1948 ਵਿੱਚ ਭਾਰਤ ਸਰਕਾਰ ਨੇ ਮਹਾਂਵੀਰ ਚੱਕਰ ਦੇ ਕੇ ਸਨਮਾਨਿਤ ਕੀਤਾ। ਇਸ ਬਹਾਦਰ ਸਪੂਤ ਦੀ ਯਾਦ ਵਿੱਚ 1956 ਵਿੱਚ ਮੇਰਠ ਛਾਉਣੀ ਵਿੱਚ ਇੱਕ ਸਟੇਡੀਅਮ ਵੀ ਬਣਾਇਆ ਗਿਆ ਸੀ।
Author: DISHA DARPAN
Journalism is all about headlines and deadlines.






Users Today : 12
Users Yesterday : 13