ਰਾਮਪੁਰਾ ਫੂਲ ,9 ਜਨਵਰੀ (ਹੈਪੀ ਹਰਪ੍ਰੀਤ) ਇੱਥੋਂ ਦੀ ਪੁਲਿਸ ਨੇ ਪਿੰਡ ਜੇਠੂਕਿਆਂ ਦੇ ਇੱਕ ਨਸ਼ਾ ਤਸਕਰ ਦੀ ਲੱਖਾਂ ਰੁਪਏ ਦੀ ਜਾਇਦਾਦ ਜ਼ਬਤ ਕਰਕੇ ਉਸਦੇ ਘਰ ਅੱਗੇ ਇਸ ਬਾਬਤ ਨੋਟਿਸ ਚਿਪਕਾ ਦਿੱਤਾ ਹੈ।ਉਪ ਕਪਤਾਨ ਪੁਲਿਸ ਮੋਹਿਤ ਅੱਗਰਵਾਲ ਦੀ ਅਗਵਾਈ ਹੇਠ ਪੁਲਿਸ ਨੇ ਇਸ ਕਾਰਵਾਈ ਨੂੰ ਅੰਜਾਮ ਅੱਜ ਸਵੇਰੇ ਦਿੱਤਾ। ਉਪਰੰਤ ਸ਼੍ਰੀ ਅੱਗਰਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ਾ ਵੇਚਣ ਅਤੇ ਨਸ਼ਾ ਵੇਚਕੇ ਨਾਜਾਇਜ਼ ਜਾਇਦਾਦ ਬਣਾਉਣ ਵਾਲਿਆਂ ਦੀ ਹੁਣ ਖੈਰ ਨਹੀਂ; ਕਿਉਂਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੇ ਸੌਦਾਗਰਾਂ ਨੂੰ ਨੱਥ ਪਾਉਣ ਦਾ ਵੱਡਾ ਫ਼ੈਸਲਾ ਕੀਤਾ ਹੋਇਆ ਹੈ। ਉਹਨਾਂ ਦੱਸਿਆ ਕਿ ਇਹ ਕਾਰਵਾਈ ਜੇਠੂਕੇ ਪਿੰਡ ਦੇ ਰਣਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਜੱਟ ਵਾਸੀ ਜੇਠੂਕੇ ਖਿਲਾਫ ਕੀਤੀ ਗਈ ਹੈ ਅਤੇ ਉਸ ਵੱਲੋਂ ਬਣਾਈ 15 ਕਨਾਲਾਂ ਜਮੀਨ ਨੂੰ ਪੁਲਿਸ ਵਿਭਾਗ ਨੇ ਜ਼ਬਤ ਕਰ ਲਿਆ ਹੈ,ਜਿਸਦੀ ਕੀਮਤ ਲੱਖਾਂ ਵਿੱਚ ਹੈ।ਸ੍ਰੀ ਅੱਗਰਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਡੀਜੀਪੀ ਅਤੇ ਜ਼ਿਲ੍ਹਾ ਪੁਲਿਸ ਮੁਖੀ ਦੀਆਂ ਸਖ਼ਤ ਹਦਾਇਤਾਂ ਤੇ ਅਮਲ ਕਰਦਿਆਂ ਇਹ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਵਿਅਕਤੀ ਤੇ ਪਿਛਲੇ ਸਮਿਆਂ ਦੌਰਾਨ 4-5 ਪੁਲਿਸ ਕੇਸ ਦਰਜ ਸਨ; ਜਿੰਨ੍ਹਾਂ ਵਿਚੋਂ ਉਸਨੂੰ ਇੱਕ ਕੇਸ ਵਿੱਚ 10 ਸਾਲ ਦੀ ਸਜ਼ਾ ਵੀ ਹੋ ਚੁੱਕੀ ਹੈ।ਇਹ ਵੀ ਕਿ ਰਣਜੀਤ ਸਿੰਘ ਵਲੋਂ ਪਿਛਲੇ ਸਮਿਆਂ ਦੌਰਾਨ 7 ਕਨਾਲ 15ਮਰਲੇ ਜ਼ਮੀਨ ਪਿੰਡ ਕਰਾੜਵਾਲਾ ਵਿਖੇ, 5 ਕਨਾਲਾਂ 10 ਮਰਲੇ ਅਤੇ ਵੱਖ਼ਰੇ ਤੌਰ ਤੇ 4 ਕਨਾਲਾਂ 4 ਮਰਲੇ ਜ਼ਮੀਨ ਪਿੰਡ ਜੇਠੂਕੇ ਵਿਖੇ ਬਣਾਈ ਗਈ। ਉਪ ਪੁਲਸ ਕਪਤਾਨ ਮੋਹਿਤ ਅੱਗਰਵਾਲ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਪੁਲਸ ਥਾਣਾ ਭਗਤਾ ਦੇ ਇੱਕ ਪਿੰਡ ਵਿੱਚ ਵੀ ਕਿਸੇ ਹੋਰ ਨਸ਼ਾ ਤਸਕਰ ਦੀ ਜ਼ਮੀਨ ਵੀ ਇਸਤੋਂ ਪਹਿਲਾਂ ਜ਼ਬਤ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਜਿਹੜੇ ਵੀ ਨਸ਼ਾ ਸੌਦਾਗਰਾਂ ਨੇ ਕਿਸੇ ਵੀ ਤਰ੍ਹਾਂ ਦਾ ਨਸ਼ਾ ਵੇਚ ਕੇ ਕੋਈ ਨਾਜਾਇਜ਼ ਜਾਇਦਾਦ ਬਣਾਈ ਹੈ,ਉਨ੍ਹਾਂ ਦੀਆਂ ਜਾਇਦਾਦਾਂ ਨੂੰ ਵੀ ਪੁਲਿਸ ਵੱਲੋਂ ਜ਼ਬਤ ਕੀਤਾ ਜਾਵੇਗਾ। ਇਸ ਮੌਕੇ ਉਹਨਾਂ ਨਾਲ ਪੁਲਸ ਥਾਣਾ ਰਾਮਪੁਰਾ ਸਦਰ ਦੇ ਥਾਣਾ ਮੁਖੀ ਇੰਸਪੈਕਟਰ ਗੁਰਦੀਪ ਸਿੰਘ ਤੋਂ ਇਲਾਵਾ ਹੋਰ ਪੁਲਸ ਕਰਮਚਾਰੀ ਵੀ ਹਾਜ਼ਰ ਸਨ।