ਰਾਮਪੁਰਾ ਫੂਲ,8 ਜਨਵਰੀ ( ਹਰਪ੍ਰੀਤ ਹੈਪੀ ) ਆਪਣੀ ਗੱਲ ਬੇਬਾਕੀ ਨਾਲ ਰੱਖਣ ਲਈ ਪ੍ਰਸਿੱਧ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਨਵਜੋਤ ਸਿੰਘ ਸਿੱਧੂ ਨੇ ਅੱਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਕੋਟਸ਼ਮੀਰ ਵਿਖੇ ਆਪਣੀ ਰਾਜਨੀਤਕ ਦਹਾੜ ਮਾਰਦਿਆਂ ਅਕਾਲੀਆਂ ਅਤੇ ਪੰਜਾਬ ਸਰਕਾਰ ਦੀ ਜ਼ੋਰਦਾਰ ਆਲੋਚਨਾ ਕੀਤੀ। ਉਹਨਾਂ ਬਿਨਾਂ ਨਾਂ ਲਿਆਂ ਆਪਣੇ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵੀ ਨਿਸ਼ਾਨੇ ਲਾਏ। ਨਵਜੋਤ ਸਿੱਧੂ ਦਾ ਕਹਿਣਾ ਸੀ ਕਿ ਚਾਪਲੂਸੀਆਂ ਨਾਲ ਕਾਂਗਰਸ ਅਤੇ ਪੰਜਾਬ ਦਾ ਭਲਾ ਨਹੀਂ ਹੋਣਾ। ਪੰਜਾਬ ਦੀ ਤਕਦੀਰ ਬਦਲਣ ਲਈ ਨੀਤੀਗਤ ਫੈਸਲਿਆਂ ਦੀ ਅਤੇ ਚੰਗੇ ਕਿਰਦਾਰ ਵਾਲੇ ਲੀਡਰ ਦੀ ਲੋੜ ਹੈ। ਉਹ ਪਾਰਟੀ ਦੇ ਸੀਨੀਅਰ ਆਗੂ ਅਤੇ ਰੈਲੀ ਦੇ ਮੁੱਖ ਪ੍ਰਬੰਧਕ ਹਰਵਿੰਦਰ ਸਿੰਘ ਲਾਡੀ ਵਲੋਂ ਆਯੋਜਿਤ ਇਸ ਭਰਵੀਂ ਰੈਲੀ ਨੂੰ ਸੰਬੋਧਨ ਕਰ ਰਹੇ ਸਨ,ਜ਼ੋ ਤਮਾਮ ਵਿਰੋਧਾਂ ਅਤੇ ਘੁਰਕੀਆਂ ਦੇ ਬਾਵਜੂਦ ਆਯੋਜਿਤ ਹੋਈ। ਰਹਿ ਚੁੱਕੀ ਬਾਦਲ ਸਰਕਾਰ ਤੇ ਚੋਟ ਲਾਉਂਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਸਰਬੱਤ ਦੇ ਭਲੇ ਹਿਤ ਰਾਜਨੀਤੀ ਉੱਪਰ ਕੁੰਡਾ ਤਾਂ ਧਰਮ ਦਾ ਚਾਹੀਦਾ ਹੈ,ਪਰ ਇੱਥੇ ਪਿਛਲੇ ਸਮੇਂ ਦੌਰਾਨ ਸਭ ਕੁੱਝ ਉਲਟ ਹੁੰਦਾ ਰਿਹਾ। ਉਹਨਾਂ ਅਫਸੋਸ ਪ੍ਰਗਟ ਕੀਤਾ ਕਿ ਤਤਕਾਲੀ ਹਾਕਮ ਆਪਣੇ ਨਿਜੀ ਰਾਜਨੀਤਕ ਹਿਤਾਂ ਲਈ ਸਤਿਕਾਰਯੋਗ ਜਥੇਦਾਰ ਸਾਹਿਬਾਨ ਨੂੰ ਆਪਣੀਆਂ ਕੋਠੀਆਂ ਚ ਬੁਲਾਕੇ ਮਨਮਾਨੇ ਹੁਕਮ ਸੁਣਾਉਂਦੇ ਰਹੇ,ਜਿਸ ਨਾਲ ਕੌਮ ਦਾ ਕੋਈ ਭਲਾ ਨਹੀਂ ਹੋਇਆ,ਬਲਕਿ 40 ਸਾਲ ਪੰਥ ਦੇ ਨਾਂ ਤੇ ਰਾਜ ਕਰਨ ਵਾਲਿਆਂ ਦੇ ਰਾਜ ਵਿੱਚ ਹਾਲਾਤ ਇੱਥੋਂ ਤੱਕ ਨਿੱਘਰੇ ਕਿ ਗੁਰੂ ਸਾਹਿਬ ਦੇ ਪਵਿੱਤਰ ਅੰਗ ਵੀ ਖਿਲਾਰ ਦਿੱਤੇ ਗਏ। ਜਥੇਦਾਰ ਕਾਉਂਕੇ ਸਾਹਿਬ ਵਰਗਿਆਂ ਦੇ ਮਾਮਲੇ ਵਿਚ ਵੀ ਇਨਸਾਫ਼ ਨਾ ਦਿੱਤਾ ਗਿਆ। ਉਹਨਾਂ ਕਿਹਾ ਕਿ ਅਜਿਹੀਆਂ ਨੀਤੀਆਂ ਕਾਰਨ ਹੀ ਅਜਿਹੇ ਹਾਕਮਾਂ ਦੀ ਕਾਰਗੁਜ਼ਾਰੀ 2 ਵਿਧਾਨ ਸਭਾ ਸੀਟਾਂ ਤੱਕ ਸਿਮਟ ਗਈ ਹੈ। ਕੇਂਦਰ ਦੀ ਆਲੋਚਨਾ ਕਰਦਿਆਂ ਨਵਜੋਤ ਸਿੱਧੂ ਨੇ ਕਿਹਾ ਕਿ ਨਿਗੂਣਾ ਐੱਮ. ਐੱਸ. ਪੀ. ਬਾਅਦ ਵਿਚ ਵਧਾਇਆ ਜਾਂਦਾ ਹੈ,ਜਦਕਿ ਖੇਤੀ ਲਾਗਤ ਵਾਲੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਜ਼ੋਰਦਾਰ ਵਾਧਾ ਕਰਕੇ ਕਿਸਾਨਾਂ ਦੀ ਲੁੱਟ ਪਹਿਲਾਂ ਹੀ ਕਰ ਲਈ ਜਾਂਦੀ ਹੈ। ਉਹਨਾਂ ਤਰਕ ਦਿੱਤਾ ਕਿ ਅੰਤਰਰਾਸ਼ਟਰੀ ਸਰਹੱਦ ਖੋਲ੍ਹਣ ਨਾਲ ਪੰਜਾਬ ਅਤੇ ਸਾਡੇ ਕਿਸਾਨਾਂ ਦਾ ਭਵਿੱਖ ਖੁਸ਼ਹਾਲ ਹੋਣਾ ਹੈ,ਜਿਸ ਨਾਲ ਕਿਸਾਨਾਂ ਨੂੰ ਆਪਣੀਆਂ ਜਿਣਸਾਂ ਦੇ ਕਈ ਗੁਣਾ ਭਾਅ ਮਿਲਣਗੇ।ਉਹਨਾਂ ਰੋਸ ਕੀਤਾ ਕਿ ਜੀਐਸਟੀ ਮਾਮਲਿਆਂ ਚ ਅਤੇ ਭਾਖੜਾ ਡੈਮ ਤੇ ਕੇਂਦਰ ਦੀ ਕੁੰਡੀ ਪੰਜਾਬੀਆਂ ਅਤੇ ਪੰਜਾਬ ਲਈ ਨੁਕਸਾਨ ਦੇਹ ਹੈ। ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਨਾਂ ਲਏ ਬਿਨਾਂ ਨਵਜੋਤ ਸਿੱਧੂ ਨੇ ਕਿਹਾ ਕਿ ਪਹਿਲਾਂ 75/25 ਦੀ ਰਾਜਨੀਤੀ ਚਲਦੀ ਰਹੀ,ਹੁਣ 80/20 ਹੋ ਗਈ ਹੈ,ਇਸ ਕਰਕੇ ਜੇਕਰ ਇੰਜ ਹੀ ਚਲਦਾ ਰਿਹਾ ਤੇ ਕਾਂਗਰਸੀ ਵਰਕਰਾਂ ਨੂੰ ਸਨਮਾਨ ਨਾਂ ਮਿਲਿਆ ਤਾਂ ਕਾਂਗਰਸ ਦਾ ਉਭਾਰ ਕਿਵੇਂ ਹੋਵੇਗਾ? ਨਵਜੋਤ ਸਿੱਧੂ ਨੇ ਪੰਜਾਬ ਸਰਕਾਰ ਦੀ ਵੀ ਕਾਫੀ ਆਲੋਚਨਾ ਕੀਤੀ ਉਹਨਾਂ ਕਿਹਾ ਕਿ ਪੰਜਾਬ ਦੀ ਆਰਥਿਕਤਾ ਡਾਵਾਂਡੋਲ ਹੈ,ਹਰ ਸਾਲ 40 ਹਜ਼ਾਰ ਕਰੋੜ ਰੁਪਏ ਕਰਜ਼ਾ ਲੈਕੇ ਪੰਜਾਬ ਨੂੰ ਖੋਖਲਾ ਕੀਤਾ ਜਾ ਰਿਹਾ ਹੈ,ਅਮਨ ਕਾਨੂੰਨ ਦੀ ਹਾਲਤ ਤਰਸਯੋਗ ਹੈ। ਰੈਲੀ ਨੂੰ ਸੰਬੋਧਨ ਕਰਨ ਤੋਂ ਪਹਿਲਾਂ ਨਵਜੋਤ ਸਿੱਧੂ ਨੇ ਤਖ਼ਤ ਦਮਦਮਾ ਸਾਹਿਬ ਵਿਖੇ ਮੱਥਾ ਟੇਕਿਆ,ਕੀਰਤਨ ਸਰਵਨ ਕੀਤਾ। ਉਹ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਮਿਲੇ। ਉਪਰੰਤ ਉਹ ਸਜਾਏ ਹੋਏ ਟਰੈਕਟਰ ਤੇ ਸਵਾਰ ਹੋ ਕੇ ਕੋਟਸ਼ਮੀਰ ਪੁੱਜੇ। ਰੈਲੀ ਦੇ ਮੁੱਖ ਪ੍ਰਬੰਧਕ ਅਤੇ ਬਠਿੰਡਾ ਦਿਹਾਤੀ ਦੇ ਹਲਕਾ ਇੰਚਾਰਜ ਹਰਵਿੰਦਰ ਸਿੰਘ ਲਾਡੀ ਨੇ ਇਕੱਠ ਤੋਂ ਗਦਗਦ ਹੁੰਦਿਆਂ ਕਿਹਾ ਕਿ ਪੰਜਾਬ ਨੂੰ ਨਵਜੋਤ ਸਿੱਧੂ ਵਰਗੇ ਉੱਚੇ ਕਿਰਦਾਰ ਵਾਲੇ ਲੀਡਰ ਦੀ ਲੋੜ ਹੈ। ਉਹਨਾਂ ਸਿੱਧੂ ਵਲੋਂ ਵਜ਼ੀਰੀ ਤਿਆਗਣ ਦੇ ਦਲੇਰ ਫੈਸਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਲੋਕਾਂ ਦੇ ਭਰਵੇਂ ਇਕੱਠ ਨੇ ਦੱਸ ਦਿੱਤਾ ਹੈ ਕਿ ਉਹ ਪਾਰਟੀ ਚ ਫੁੱਟ ਪਾਉਣ ਵਾਲਿਆਂ ਦੇ ਆਖੇ ਨਹੀਂ ਲੱਗਣਗੇ। ਰੈਲੀ ਦੌਰਾਨ ਸੰਗਤਾਂ ਵਲੋਂ ਸਿੱਧੂ ਦੇ ਹੱਕ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਵੀ ਹੁੰਦੀ ਰਹੀ।