ਡੀਸੀ ਨੇ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਅਗਾਊਂ ਪ੍ਰਬੰਧਾਂ ਸਬੰਧੀ ਅਧਿਕਾਰੀਆਂ ਨਾਲ ਕੀਤੀ ਬੈਠਕ
ਏਡੀਜੀਪੀ ਰੇਂਜ ਬਠਿੰਡਾ ਤੇ ਡੀਸੀ ਵਲੋਂ ਸਮਾਗਮ ਵਾਲੀ ਥਾਂ ਦਾ ਦੌਰਾ ਕਰਕੇ ਲਿਆ ਜਾਇਜ਼ਾ
ਬਠਿੰਡਾ, 12 ਦਸੰਬਰ 2023 ( ਰਮੇਸ਼ ਸਿੰਘ ਰਾਵਤ ): ਮੁੱਖ ਮੰਤਰੀ (ਦਿੱਲੀ) ਸ਼੍ਰੀ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ (ਪੰਜਾਬ) ਸ. ਭਗਵੰਤ ਮਾਨ ਜ਼ਿਲ੍ਹੇ ਅਧੀਨ ਪੈਂਦੇ ਮੌੜ ਮੰਡੀ ਵਿਖੇ 17 ਦਸੰਬਰ 2023 ਨੂੰ ਕਰਵਾਏ ਜਾ ਰਹੇ ਇੱਕ ਸਮਾਗਮ ਵਿੱਚ ਸ਼ਿਰਕਤ ਕਰਨਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਮੁੱਖ ਮਹਿਮਾਨਾਂ ਦੀ ਆਮਦ ਦੇ ਮੱਦੇਨਜ਼ਰ ਅਧਿਕਾਰੀਆਂ ਨਾਲ ਅਗਾਊਂ ਪ੍ਰਬੰਧਾਂ ਸਬੰਧੀ ਬੈਠਕ ਕਰਨ ਮੌਕੇ ਸਾਂਝੀ ਕੀਤੀ। ਇਸ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਲੋੜੀਂਦੇ ਦਿਸ਼ਾ-ਨਿਰਦੇਸ਼ ਵੀ ਦਿੱਤੇ। ਇਸ ਮੌਕੇ ਉਨ੍ਹਾਂ ਦੇ ਨਾਲ ਏਡੀਜੀਪੀ ਰੇਂਜ ਬਠਿੰਡਾ ਸ਼੍ਰੀ ਐਸਪੀਐਸ ਪਰਮਾਰ, ਐਸਐਸਪੀ ਸ਼੍ਰੀ ਹਰਮਨਵੀਰ ਸਿੰਘ ਗਿੱਲ ਵਿਸ਼ੇਸ਼ ਤੌਰ ਤੇ ਹਾਜਰ ਰਹੇ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਨੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਆਪੋਂ-ਆਪਣੀਆਂ ਡਿਊਟੀਆਂ ਪੂਰੀ ਤਨਦੇਹੀ ਨਾਲ ਨਿਭਾਇਆ ਜਾਵੇ। ਇਸ ਮੌਕੇ ਉਨ੍ਹਾਂ ਅਧਿਕਾਰੀਆਂ ਨੂੰ ਆਦੇਸ਼ ਦਿੰਦਿਆਂ ਕਿਹਾ ਕਿ ਟਰਾਂਸਪੋਰਟ, ਟ੍ਰੈਫ਼ਿਕ, ਬਿਜਲੀ ਦੀ ਨਿਰਵਿਘਨ ਸਪਲਾਈ, ਮੈਡੀਕਲ ਟੀਮਾਂ ਅਤੇ ਐਂਬੂਲੈਂਸਾਂ, ਫਾਇਰ ਬ੍ਰਿਗੇਡ, ਸਾਫ਼ ਪੀਣ ਵਾਲਾ ਪਾਣੀ, ਆਰਜ਼ੀ ਪਖਾਨਿਆਂ, ਬੈਰੀਕੇਡਿੰਗ ਅਤੇ ਪਾਰਕਿੰਗ ਆਦਿ ਲਈ ਲੋੜੀਂਦੇ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣੇ। ਉਨ੍ਹਾਂ ਇਹ ਵੀ ਖਾਸ ਹਦਾਇਤ ਕੀਤੀ ਕਿ ਪ੍ਰਬੰਧਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ-ਮੱਠ ਬਰਦਾਸ਼ਤ ਨਹੀਂ ਕੀਤੀ ਜਾਵੇਗੀ।ਇਸ ਉਪਰੰਤ ਏਡੀਜੀਪੀ ਰੇਂਜ ਬਠਿੰਡਾ ਸ਼੍ਰੀ ਐਸਪੀਐਸ ਪਰਮਾਰ, ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਅਤੇ ਐਸਐਸਪੀ ਸ਼੍ਰੀ ਹਰਮਨਵੀਰ ਸਿੰਘ ਗਿੱਲ ਵਲੋਂ ਸਮਾਗਮ ਵਾਲੀ ਥਾਂ ਦਾ ਦੌਰਾ ਕਰਕੇ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਮੌਜੂਦ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਸਾਰੇ ਪ੍ਰਬੰਧ ਮੁਕੰਮਲ ਕਰਨੇ ਯਕੀਨੀ ਬਣਾਏ ਜਾਣ ਤਾਂ ਜੋ ਸਮਾਗਮ ਨੂੰ ਸਫ਼ਲਤਾਪੂਰਵਕ ਢੰਗ ਨਾਲ ਨੇਪਰੇ ਚਾੜ੍ਹਿਆ ਜਾ ਸਕੇ। ਇਸ ਮੌਕੇ ਕਮਿਸ਼ਨਰ ਨਗਰ ਨਿਗਮ ਸ਼੍ਰੀ ਰਾਹੁਲ, ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੈਡਮ ਪੂਨਮ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਮੈਡਮ ਲਵਜੀਤ ਕਲਸੀ, ਵਧੀਕ ਡਿਪਟੀ ਕਮਿਸ਼ਨਰ (ਸਹਿਰੀ ਵਿਕਾਸ) ਡਾ. ਮਨਦੀਪ ਕੌਰ, ਐਸਡੀਐਮ ਬਠਿੰਡਾ ਮੈਡਮ ਇਨਾਯਤ, ਐਸਡੀਐਮ ਤਲਵੰਡੀ ਸਾਬੋ ਹਰਜਿੰਦਰ ਸਿੰਘ ਜੱਸਲ, ਐਸਡੀਐਮ ਮੌੜ ਸ੍ਰੀ ਵਰਿੰਦਰ ਸਿੰਘ, ਐਸਡੀਐਮ ਰਾਮਪੁਰਾ ਸ਼੍ਰੀ ਪੰਕਜ ਕੁਮਾਰ, ਨਿਗਰਾਮ ਇੰਜੀਨੀਅਰ ਸ਼੍ਰੀ ਸੰਦੀਪ ਗੁਪਤਾ ਤੋਂ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਉਨ੍ਹਾਂ ਦੇ ਨੁਮਾਇੰਦੇ ਆਦਿ ਹਾਜ਼ਰ ਸਨ।
Author: DISHA DARPAN
Journalism is all about headlines and deadlines.